ਬਰੈਂਪਟਨ ਵਿਚ ਪੰਜਾਬੀ ਮੇਲੇ ਨੇ ਛਿੜਕਿਆ ਪੰਜਾਬੀਅਤ ਦਾ ਗੁਲਾਲ ।

ਫੋਟੋ : ਅਜਮੇਰ ਦੀਵਾਨਾ
* ਪੰਜਾਬਣਾਂ ਦੇ ਗਿੱਧੇ ਦੀ ਧਮਾਲ ਨੇ ਕੀਲੇ ਲੋਕ * 
ਹੁਸ਼ਿਆਰਪੁਰ /ਬਰੈੰਪਟਨ (ਸਮਾਜ ਵੀਕਲੀ) ( ਤਰਸੇਮ ਦੀਵਾਨਾ )  ਕੈੈਨੇਡਾ ਵਿਚਲੀ ਨਵੀਂ ਪੰਜਾਬੀ ਪੀੜੀ ਨੂੰ ਆਪਣੇ ਸਭਿਆਚਾਰਕ ਵਿਰਸੇ ਦੀ ਗਿਆਨ ਪਰੰਪਰਾ ਅਤੇ ਪੰਜਾਬੀ ਸੰਸਕ੍ਰਿਤਿਕ ਪਛਾਣ ਦੇ ਰਚਨਾਤਮਕ ਜੀਵਨ ਮੁੱਲਾਂ ਨਾਲ ਜੋੜਨ ਲਈ ਕ੍ਰੈਡਿਟ ਰਿਜ ਸੀਨੀਅਰਜ਼ ਕਲੱਬ ਬਰੈੰਪਟਨ ਵੱਲੋਂ ਬੀਤੇ ਦਿਨ ਕ੍ਰੈਡਿਟਵਿਊ ਰੋਡ ਨਾਲ ਲੱਗਦੇ ਮੇਅਬੈਕ ਡਰਾਇਵ ਵਾਲੇ ਪਾਰਕ ਵਿੱਚ ਇੱਕ ਪੰਜਾਬੀ ਮੇਲਾ ਕਰਵਾਇਆ ਗਿਆ ਜੋ ਪੰਜਾਬਣਾਂ ਦੇ ਗਿੱਧੇ ਦੀ ਧਮਾਲ, ਹਰ ਉਮਰ ਵਰਗ ਲਈ ਖੇਡਾਂ ਦੀਆਂ ਵੰਨਗੀਆਂ,  ਲੋਕ ਸੰਗੀਤ ਦੀ ਰੰਗਾਰੰਗ ਪੇਸ਼ਕਾਰੀ ਅਤੇ ਲੋਕ ਕਲਾ ਵਿਰਾਸਤ ਦੀਆਂ ਲਗਾਈਆਂ ਗਈਆਂ ਕੁਝ ਪ੍ਰਦਰਸ਼ਨੀਆਂ ਦੀ ਝਲਕ ਨਾਲ ਯਾਦਗਾਰੀ ਹੋ ਨਿਬੜਿਆ । ਕੈਨੇਡਾ ਦੀ ਰਾਸ਼ਟਰੀ ਭਾਵਨਾ ਨੂੰ ਸਮਰਪਿਤ ਇਸ ਮੇਲੇ ਵਿੱਚ ਸੀਨੀਅਰ ਮਹਿਲਾਵਾਂ ਲਈ ਕਰਵਾਏ ਗਏ ਲੈਮਨ ਰੇਸ ਮੁਕਾਬਲੇ ਤੋਂ ਇਲਾਵਾ ਮਿਊਜ਼ੀਕਲ ਚੇਅਰ ਗੇਮ ਮੁਕਾਬਲੇ ਵਿੱਚ ਕ੍ਰਮਵਾਰ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ‘ਤੇ ਰਹੀਆਂ ਨੀਲਮ ਕੋਰਪਾਲ, ਹਰਸੁਖਪਾਲ ਕੌਰ, ਅਤੇ ਸੱਤਿਆ ਦੇਵੀ ਨੂੰ ਟਰਾਫ਼ੀਆਂ ਦੇ ਕੇ ਸਨਮਾਨਿਤ ਵੀ ਕੀਤਾ ਗਿਆ ।   6 ਤੋਂ 12 ਸਾਲ ਦੇ ਬੱਚਿਆਂ ਲਈ 100 ਮੀਟਰ ਦੀਆਂ ਦੌੜਾਂ ਦੇ ਮੁਕਾਬਲਿਆਂ  ਵਿੱਚੋਂ ਲੜਕਿਆਂ ਦੇ ਵਰਗ ਵਿੱਚੋਂ ਅਜੀਤ, ਸ਼ਿਵਮ ਅਤੇ ਅਰਹਾਨ ਨੇ ਪਹਿਲੀ , ਦੂਸਰੀ ਅਤੇ ਤੀਸਰੀ ਪੁਜੀਸ਼ਨ ਲੈ ਕੇ ਜਿੱਤ ਹਾਸਿਲ ਕੀਤੀ ਜਦ ਕਿ ਕੁੜੀਆਂ ਵਿੱਚੋਂ ਮਨਸੀਰਤ,ਮੰਨਤ  ਅਤੇ ਆਨਿਆ ਨੇ ਕ੍ਰਮਵਾਰ ਪਹਿਲਾ, ਦੂਸਰਾ ਤੇ ਤੀਸਰਾ ਸਥਾਨ ਪ੍ਰਾਪਤ ਕਰਕੇ ਜਿੱਤ ਦਰਜ਼ ਕੀਤੀ । ਇਸ ਮੌਕੇ ਬਜ਼ੁਰਗ ਪੁਰਸ਼ਾਂ ਦੀਆਂ ਢਾਣੀਆਂ ਦੇ ਤਾਸ਼ ਮੁਕਾਬਲੇ ਵੀ ਕਰਵਾਏ ਗਏ । ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਬਰੈੰਪਟਨ ਸਾਊਥ ਤੋ ਐਮ.ਪੀ. ਸੋਨੀਆ ਸਿੱਧੂ ਨੇ ਮੇਲੇ ਦੇ ਪ੍ਰਬੰਧਕਾਂ ਨੂੰ ਮੁਬਾਰਕਬਾਦ ਦਿੰਦਿਆਂ ਸਨਮਾਨ ਪੱਤਰ ਭੇਟ ਕੀਤਾ ।  ਬਰੈੰਪਟਨ ਵਿੱਚ ਕਾਰਜਸ਼ੀਲ ਪੰਜਾਬੀਆਂ ਦੇ 70 ਰਜਿਸਟਰਡ ਸੀਨੀਅਰ ਕਲੱਬਾਂ ਦਾ ਹਵਾਲਾ ਦਿੰਦਿਆਂ ਉਹਨਾਂ ਕਿਹਾ ਕਿ ਇਹਨਾਂ ਕਲੱਬਾਂ ਵੱਲੋਂ ਕਰਵਾਏ ਜਾਂਦੇ ਇਹ ਮੇਲੇ ਮਨੋਰੰਜਨ ਦੇ ਨਾਲ ਨਾਲ ਸਭਿਆਚਾਰਕ ਵਿਰਸੇ ਅਤੇ ਭਾਈਚਾਰਕ ਸਾਂਝ ਪ੍ਰਤੀ ਚੇਤਨੰਤਾ  ਪੈਦਾ ਕਰਨ ਦਾ ਵੱਡਾ ਵਸੀਲਾ ਹਨ । ਸ਼ੱਕਰ ਰੋਗ ਜਾਂ ਪ੍ਰੀ-ਡਾਇਅਬੀਟੀਜ਼  ਦੇ ਲੱਛਣਾਂ ਨਾਲ ਜੂਝਦੇ 11 ਮਿਲੀਅਨ ਕੈਨੇਡੀਅਨਾਂ ਨੂੰ ਲੈ ਕੇ ਚਿੰਤਾ  ਜ਼ਾਹਿਰ ਕਰਦਿਆਂ ਉਹਨਾਂ ਕਿਹਾ ਕਿ ਦੋ ਸਾਲ ਪਹਿਲਾਂ ਇਸ ਮੁੱਦੇ ਤੇ ਰਾਸ਼ਟਰੀ ਡਾਇਅਬਿਟੀਜ਼ ਫ੍ਰੇਮਵਰਕ ਸਥਾਪਿਤ ਕਰਨ ਲਈ ਉਹਨਾਂ ਨੇ ਸੀ -237 ਬਿਲ ਦੋਵਾਂ ਸਦਨਾਂ ਵਿੱਚੋਂ ਪਾਸ ਕਰਵਾਇਆ ਸੀ ਜਿਸ ਦੇ ਫ਼ਲਸਰੂਪ ਛੇਤੀ ਹੀ ਨਾਗਰਿਕਾਂ ਨੂੰ ਸ਼ੱਕਰ ਰੋਗ ਦੀ ਰੋਕਥਾਮ ਸਬੰਧੀ ਮੁਫਤ ਦਵਾਈਆਂ ਪ੍ਰਾਪਤ ਹੋ ਸਕਣਗੀਆਂ ਉਹਨਾਂ ਨੇ ਸੀਨੀਅਰ ਨਾਗਰਿਕਾਂ ਨੂੰ ਦੰਦਾਂ ਦੀ ਸੰਭਾਲ ਪ੍ਰਤੀ ਚੇਤਨ ਹੋਣ ਲਈ  ਸਰਕਾਰੀ ਸੀ. ਡੀ .ਸੀ .ਪੀ .ਸੁਵਿਧਾ ਦਾ ਪੂਰਾ ਲਾਭ ਲੈਣ ‘ਤੇ ਵੀ ਜ਼ੋਰ ਦਿੱਤਾ । ਕਲੱਬ ਦੇ ਪ੍ਰਧਾਨ ਗੁਰਦੇਵ ਸਿੰਘ ਸੰਧੂ ਨੇ ਕੈਨੇਡਾ ਦੀ ਕੌਮੀ ਤਰੱਕੀ ਅਤੇ ਖੁਸ਼ਹਾਲੀ ਵਿੱਚ ਪੰਜਾਬੀ ਭਾਈਚਾਰੇ ਦੀ ਭੂਮਿਕਾ ਦੀ ਚਰਚਾ ਕਰਦਿਆਂ ਆਪਣੇ ਸ਼ਹਿਰ ਨਕੋਦਰ ਬਾਰੇ ਇੱਕ ਖੂਬਸੂਰਤ ਕਵਿਤਾ ਵੀ ਪੇਸ਼ ਕੀਤੀ ।  ਇਸ ਮੌਕੇ ਤੇ ਸੀਨੀਅਰ ਪੰਜਾਬੀ ਪੱਤਰਕਾਰ ਡਾ. ਹਰਕੰਵਲ ਕੋਰਪਾਲ ਨੇ ਕੈਨੇਡਾ ਵਿੱਚ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਦੇ ਪਾਸਾਰ ਅਤੇ ਸਮਾਜਿਕ ਕੀਮਤਾ ਪ੍ਰਤੀ ਚੇਤਨੰਤਾ ਪੈਦਾ ਕਰਨ ਲਈ ਇੱਥੋਂ ਦੀ ਪੰਜਾਬੀ ਪੱਤਰਕਾਰੀ ਦੇ  ਇਤਿਹਾਸਿਕ ਯੋਗਦਾਨ ਨੂੰ ਚੇਤੇ ਕਰਦਿਆਂ ਕਿਹਾ ਕਿ ਕਿਸੇ ਸਮੇਂ ਉਨਟਾਰੀਓ ਪ੍ਰਾਂਤ ਦੇ ਸ਼ਹਿਰ ਟੋਰਾਂਟੋ ਵਿੱਚ 20 ਅਤੇ ਬ੍ਰਿਟਿਸ਼  ਕੋਲੰਬੀਆ ਦੇ ਸ਼ਹਿਰ ਵੈਨਕੂਵਰ ਵਿੱਚ ਵੀ 19 ਪੰਜਾਬੀ ਅਖਬਾਰ ਛਪਦੇ ਸਨ । ਉਹਨਾਂ ਕਿਹਾ ਕਿ ਪਹਿਲਾਂ ਕਰੋਨਾ ਕਾਲ ਦੇ ਵਿਸ਼ਵ ਵਿਆਪੀ ਸੰਕਟ ਅਤੇ ਹੁਣ ਸੋਸ਼ਲ ਮੀਡੀਏ ‘ਤੇ ਫੈਲੇ ਸੂਚਨਾ ਸੰਚਾਰ ਦੇ ਮੱਕੜਜਾਲ ਨੇ ਪ੍ਰਿੰਟ ਮੀਡੀਆ ਦੀ ਸੱਨਅਤ ਨੂੰ ਵੱਡੀ ਸੱਟ ਮਾਰੀ ਹੈ ਜਦ ਕਿ ਸੂਚਨਾ ਦੀ ਭਰੋਸੇਯੋਗਤਾ ਲਈ ਅਖਬਾਰਾਂ ਦੀ ਸਲਾਮਤੀ ਜਰੂਰੀ ਹੈ । ਉਹਨਾਂ ਕਿਹਾ ਕਿ ਕੈਨੇਡਾ ਵਿੱਚ ਪਰਵਾਸ ਨੇ ਭਾਵੇਂ ਪੰਜਾਬੀਆਂ ਨੂੰ ਆਰਥਿਕ ਸੰਪੰਨਤਾ
ਬਖਸ਼ੀ ਹੈ ਅਤੇ ਉਹਨਾਂ ਕਈ ਖੇਤਰਾਂ ਵਿੱਚ ਆਪਣੀਆਂ ਪ੍ਰਾਪਤੀਆਂ ਦੇ ਝੰਡੇ ਵੀ ਗੱਡੇ ਹਨ ਪ੍ਰੰਤੂ ਇੱਥੋਂ ਦੀ ਨਵ ਉਦਾਰਵਾਦੀ ਅਥਵਾ ਨਵ ਪੂੰਜੀਵਾਦੀ ਵਿਵਸਥਾ ਵਿੱਚ ਉਹਨਾਂ ਪਾਸੋਂ ਰੂਹਾਨੀ ਖੇੜੇ ਵਰਗੀ ਕੋਈ ਸ਼ੈਅ ਗੁਆਚ ਗਈ ਹੈ । ਉਹਨਾਂ ਕਿਹਾ ਕਿ ਇਹ ਪੰਜਾਬੀ ਮੇਲੇ ਭੂਹੇਰਵੇ ਦੇ ਭੰਨੇ  ਵਿਯੋਗੀ ਲੋਕ-ਮਨ ਵਿੱਚ ਆਪਣੇ ਵਿਰਸੇ ਪ੍ਰਤੀ ਤੜਪ ਅਤੇ ਪਹਿਲਤਾਜ਼ਗੀ ਦਾ ਇਹਸਾਸ ਜਿਊਦੇ ਰੱਖਣ ਦੇ ਨਾਲ ਨਾਲ ਕੌਮੀ ਏਕਤਾ ਦੀ ਨੀਹ ਵੀ ਮਜ਼ਬੂਤ ਕਰਦੇ ਹਨ । ਉਹਨਾ ਨੇ ਬਰੈੰਪਟਨ ਵਿੱਚ ਇਕ ਹੋਰ ਸਰਕਾਰੀ ਹਸਪਤਾਲ ਖੋਹਲੇ ਜਾਣ ਦੀ ਮੰਗ ਵੀ ਉਠਾਈ । ਮੇਲੇ ਦੇ ਮੰਚ ਸੰਚਾਲਕ ਡਾ. ਦਰਸ਼ਨਦੀਪ ਅਰੋੜਾ,ਸਾਬਕਾ ਮੁਖੀ ਪੋਸਟ ਗਰੈਜੂਏਟ ਪੰਜਾਬੀ ਵਿਭਾਗ, ਡੀ. ਏ .ਵੀ. ਕਾਲਜ ਅੰਮ੍ਰਿਤਸਰ ਨੇ ਇਹ ਕਿਹਾ ਕਿ ਕੈਨੇਡਾ ਦਾ ਮਿੰਨੀ ਪੰਜਾਬ ਮੰਨੇ ਜਾਂਦੇ ਬਰੈੰਪਟਨ ਵਿੱਚ ਪੰਜਾਬੀ ਬੋਲੀ ਅਤੇ ਸਭਿਆਚਾਰ ਦੇ ਪ੍ਰਚਾਰ ਪ੍ਰਸਾਰ ਲਈ ਚੱਲ ਰਹੀ ਲਹਿਰ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਇੱਕ ਸਾਲ ਵਿੱਚ ਤਿੰਨ ਵਿਸ਼ਵ ਪੰਜਾਬੀ ਕਾਨਫ਼ਰੰਸਾਂ  ਇੱਥੇ ਹੀ ਹੁੰਦੀਆਂ ਹਨ ਬਲਕਿ ਹੁਣ ਤਾਂ ਬਰੈੰਪਟਨ ਵਿੱਚ ਪੰਜਾਬੀ ਸਾਹਿਤ, ਕਲਾ, ਸੰਗੀਤ ਅਤੇ ਸਭਿਆਚਾਰਕ ਸਰਗਰਮੀਆਂ ਲਈ ਵਿਸ਼ਵ ਪੰਜਾਬੀ ਭਵਨ ਦੀ ਵੀ ਸਥਾਪਨਾ ਹੋ ਚੁੱਕੀ ਹੈ । ਬਰੈੰਪਟਨ ਦੇ ਮੇਅਰ ਪੈਟ੍ਰਿਕ  ਬਰਾਊਨ ਵੱਲੋਂ ਉਸਦੇ ਸੀਨੀਅਰ ਪਾਲਸੀ ਐਡਵਾਈਜ਼ਰ ਕੁਲਦੀਪ ਗੋਲੀ ਨੇ ਵੀ ਮੇਲੇ ਦੇ ਪ੍ਰਬੰਧਕਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ।  ਕਨਜ਼ਰਵੇਟਿਵ ਪਾਰਟੀ ਵਲੋਂ ਬਰੈੰਪਟਨ
  ਵੈਸਟ ਲਈ ਮਨੋਨੀਤ ਐਮ.ਪੀ. ਉਮੀਦਵਾਰ ਅਮਰਜੀਤ ਗਿੱਲ ਨੇ ਪੀਲ ਰੀਜ਼ਨ ਵਿੱਚ ਵੱਧ ਰਹੇ ਹਿੰਸਕ ਅਪਰਾਧਾਂ ਨੂੰ ਖਤਮ ਕਰਨ ਲਈ ਆਪਣੀ ਆਵਾਜ਼ ਬੁਲੰਦ ਰੱਖਣ ਦਾ ਅਹਿਦ ਲੈਂਦਿਆਂ ਕਿਹਾ ਕਿ ਟੈਕਸ ਪ੍ਰਣਾਲੀ ਚ ਸੁਧਾਰ, ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਅਤੇ ਮਾਹਰ ਕਾਮਿਆਂ ਲਈ ਪਹਿਲਕਦਮੀਆਂ ਆਦਿ ਮੁੱਦੇ ਹਮੇਸ਼ਾ ਉਹਨਾਂ ਦੇ ਚੋਣ ਏਜੰਡੇ ‘ਤੇ ਰਹਿਣਗੇ । ਮੇਲੇ ਵਿੱਚ ਜਿਨਾਂ ਹੋਰ ਪ੍ਰਮੁੱਖ ਸ਼ਖਸ਼ੀਅਤਾਂ ਨੇ ਹਾਜ਼ਰੀ ਭਰੀ, ਉਨਾਂ ਵਿੱਚ ਟਰਾਂਸਪੋਰਟਰ ਗੁਰਸੇਵਕ ਸਿੰਘ ਗਿੱਲ, ਕਲੱਬ ਦੇ ਮੀਤ ਪ੍ਰਧਾਨ ਕੁਲਵੰਤ ਸਿੰਘ ਸੰਧੂ ,ਪੰਜਾਬੀ ਲੇਖਕ ਹਰਪਾਲ ਸਿੰਘ ਰਾਮ ਦਿਵਾਲੀ ,ਭਜਨ ਸਿੰਘ ਸੰਘਾ, ਪੰਜਾਬੀ ਸਾਹਿਤਿਕ ਮੈਗਜ਼ੀਨ “ਰਾਗ” ਦੀ ਸੰਪਾਦਕੀ ਟੀਮ ਦੀ ਕੈਨੇਡੀਅਨ ਪ੍ਰਤਿਨਿਧ ਸ਼ਾਇਰਾ ਪਰਮਜੀਤ ਕੌਰ ਦਿਓਲ, ਪੰਜਾਬੀ ਗਾਇਕਾ ਰਣਜੀਤ ਕੌਰ ਟੋਰਾਂਟੋ, ਨੀਤੂ ਅਰੋੜਾ, ਅਤੇ ਬਿਕਰਮ ਸਿੰਘ ਸੰਧੂ ਆਦਿ ਦੇ ਨਾਮ ਵਰਨਣਯੋਗ  ਹਨ ।  ਮੇਲੇ ਵਿੱਚ ਨਕਲੀ ਗਹਿਣਿਆਂ, ਫ਼ੁਲਕਾਰੀਆਂ ਅਤੇ ਹੋਰ ਸਜਾਵਟੀ ਪੰਜਾਬੀ ਕਲਾ ਵਸਤਾਂ ਦੀ ਖਰੀਦਦਾਰੀ ਲਈ ਸਜੀਆਂ ਸਟਾਲਾਂ ਵੀ ਲੋਕਾਂ ਦੀ ਖਿੱਚ ਦਾ ਕੇਂਦਰ ਬਣੀਆਂ ਰਹੀਆਂ ।  ਮੇਲੇ ਵਿੱਚ ਚਾਹ, ਜਲੇਬੀਆਂ ,ਪਕੌੜਿਆਂ, ਬੇਸਣ ,ਬਰਫੀ, ਛੋਲੇ ਪੂੜੀਆਂ ਆਦਿ ਦੇ ਖੁੱਲੇ ਲੰਗਰ ਵੀ ਲਗਾਏ ਗਏ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸ੍ਰੀ ਚਰਨਛੋਹ ਗੰਗਾ ਖੁਰਾਲਗੜ ਸਾਹਿਬ ਦੀ ਪ੍ਰਬੰਧਕ ਕਮੇਟੀ ਦੀ ਚੋਣ ਆਮ ਪਬਲਿਕ ਵਿੱਚੋ ਕੀਤੀ ਜਾਵੇ – ਬੇਗਮਪੁਰਾ ਟਾਇਗਰ ਫੋਰਸ
Next articleਪਿੰਡ ਰਾਜਪੁਰ ਭਾਈਆਂ ਵਿੱਚ ਕ੍ਰਿਕਟ ਟੂਰਨਾਮੈਂਟ, ਸੰਸਦ ਮੈਂਬਰ ਰਾਜ ਕੁਮਾਰ ਚੱਬੇਵਾਲ ਨੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ