(ਸਮਾਜ ਵੀਕਲੀ)
– ਕੇਹਰ ਸ਼ਰੀਫ਼
ਮਨ ਦੇ ਵਿਹੜੇ ਕੰਙਣ ਖਿਲਰੇ
ਕੰਙਣ ਖਿਲਰੇ ਚਾਵਾਂ ਦੇ
ਮੈਂ ਨਾ ਤੱਕਾਂ ਧਰਮ ਦੁਆਰੇ
ਮੁੱਖ ਤੱਕਾਂ ਮੈਂ ਮਾਵਾਂ ਦੇ।
ਲੱਖ ਆਖੋ ਤੇ ਲੱਖ ਸਮਝਾਵੋ
ਮੈਨੂੰ ਇਹੋ ਈ ਸਮਝ ਪਈ
ਮਨ ਬੰਦੇ ਦਾ ਰੈਣ-ਬਸੇਰਾ
ਬਣ ਜਾਏ ਵਾਂਗ ਸਰਾਵਾਂ ਦੇ।
ਮੂਰਖ ਲੋਕ ਦਿਖਾਵਾ ਕਰਕੇ
ਆਪਣਾ ਹੀ ਪ੍ਰਛਾਵਾਂ ਫੜਦੇ
ਜੇ ਨਹੀਂ ਮਨ ਬੰਦੇ ਦਾ ਸੱਚਾ
ਅਸਰ ਨਾ ਹੋਣ ਦੁਆਵਾਂ ਦੇ।
ਤੋਰ ਭਾਵੇਂ ਸਮਿਆਂ ਨੇ ਬਦਲੀ
ਕੁਦਰਤ ਭੇਤ ਲਕੋਈ ਫਿਰਦੀ
ਹੱਠ ਨਾ ਛੱਡਿਆ ਧਰਤ ਵਾਸੀਆਂ
ਵਹਿਣ ਮੋੜੇ ਦਰਿਆਵਾਂ ਦੇ।
ਸੁੱਖ ਮਿਲਦਾ ਹੈ ਨੇਕੀ ਬਦਲੇ
ਜੇ ਮਨ ਸੱਚਾ ਹੋਵੇ ਤਾਂ
ਕੋਈ ਕਿਧਰੇ ਵੀ ਵਸ ਜਾਵੇ
ਫਰਕ ਨਹੀਂ ਪੈਂਦੇ ਥਾਵ੍ਹਾਂ ਦੇ।
ਬੰਦੇ ਦੀ ਹੈ ਅਓਧ ਨਿਗੂਣੀ
ਫੇਰ ਵੀ ਚੇਤੇ ਰੱਖਦਾ ਨਹੀਂ
ਕੀ ਖੱਟੇਂਗਾ ਕਰਕੇ ਬਦੀਆਂ
ਬਹੁਤੇ ਪਲ ਨਹੀਂ ਸਾਹਵਾਂ ਦੇ।
ਮਰਦਾਂ ਦੀ ਸਰਦਾਰੀ ਏਥੇ
ਏਸ ਸਮਾਜੀ ਢਾਂਚੇ ’ਤੇ
ਆਪ ਕਰਨ ਧੀਆਂ ਦੀ ਹੱਤਿਆ
ਨਾਂ ਲਾ ਦੇਂਦੇ ਮਾਵਾਂ ਦੇ।
ਪਾ ਕੇ ਭਗਵੇਂ ਸੰਤ ਕਹਾਵਣ
ਰੀਤ ਸਮਾਜੀ ਜਾਨਣ ਨਾਂ
‘ਬੇਗਮਪੁਰੇ’ ਇਹ ਕਿੰਜ ਪੁੱਜਣਗੇ
ਵਾਕਿਫ ਨਹੀਂ ਜਦ ਰਾਹਵਾਂ ਦੇ।
ਬਾਝ ਭਰਾਵਾਂ ਕੋਈ ਨੀ ਪੁੱਛਦਾ
ਸਮਿਆਂ ਦਾ ਸੱਚ ਹੁੰਦਾ ਸੀ
ਹੁਣ ਤਾਂ ਆਪੇ ਲੜਨਾ ਪੈਂਦੈ
ਜ਼ੋਰ ਆਪਣੀਆਂ ਬਾਹਵਾਂ ਦੇ।
ਇੱਥੇ ਫਿਰਦੇ ਲੋਕ ਨਿਤਾਣੇ
ਏਨ੍ਹਾਂ ਵੱਲੇ ਨਜ਼ਰ ਕਰੇਂ
ਕਰਕੇ ਦੇਖ ਦੁਖੀ ਦੀ ਸੇਵਾ
ਅੰਤ ਨਹੀਂ ਰਹਿਣੇ ਚਾਵਾਂ ਦੇ।