(ਸਮਾਜ ਵੀਕਲੀ)
ਹਰ ਕੁੜੀ ਸੁਨਿਹਰੀ ਛੱਲਿਆਂ ਵਾਲੀ
ਗੋਰੀ ਚਿੱਟੀ ਨਈਂ ਹੁੰਦੀ
ਕੁਝ ਕੁੜੀਆਂ ਹੁੰਦੀਆਂ ਨੇ
ਸਾਂਵਲੀਆਂ ਤੇ ਪੱਕੇ ਰੰਗ ਦੀਆਂ
ਤੁਸੀ ਇਹਨਾਂ ਦੇ ਲੰਮੇ ਕੇਸਾਂ ਦੀ ਕਦੇ ਤਾਰੀਫ ਨਾ ਕਰਿਓ
ਕਿਉਂਕਿ ਇਹ ਚੰਚਲ ਮਨ ਦੀਆਂ ਕੁੜੀਆਂ
ਭੋਲੀਆਂ ਹੁੰਦੀਆਂ ਨੇ
ਚਿੜੀਆਂ ਵਾਂਗ ਵਿਹੜੇ ਵਿਚ ਚਹਿਕਦੀਆਂ ਨੇ
ਤੇ ਇਹਨੇ ਦੇ ਹੱਥ !
ਹੱਥ ਮੱਖਮਲ ਰੂੰ ਵਰਗੇ ਨਹੀ ਹੁੰਦੇ
ਜਿਹਨਾਂ ਨੂੰ ਤੁਸੀ ਆਪਣੇ ਹੱਥਾਂ ਚ ਲੈ
ਕਿੰਨਾ ਚਿਰ ਨਿਹਾਰਦੇ ਰਹੋ
ਬਲਕਿ ਇਹਨੇ ਦੇ ਹੱਥਾਂ ਦੀਆਂ ਤਰੇੜਾਂ
ਸਿੱਟੇ ਚੁਗਦਿਆਂ ਮਿੱਟੀ ਨਾਲ ਭਰੀਆਂ ਮਿਲਣਗੀਆਂ
ਤੇ ਤੁਸੀ ਕਦੇ ਏਨਾ ਹੱਥਾਂ ਦੀ ਰੋਟੀ ਵੀ ਖਾਇਓ….
ਇਕ ਹੋਰ ਗੱਲ!
ਫਰਵਰੀ ਮਹੀਨੇ ਚ ਇਹਨਾਂ ਕੁੜੀਆਂ ਨੂੰ
ਗੁਲਾਬ ਨਾ ਫੜਾਇਓ
ਕਿਉਂਕਿ ਇਹਨਾਂ ਨੂੰ ਮੁਹੱਬਤ ਦੇ ਦਿਨਾਂ ਨਾਲੋਂ
ਬਸ!
ਬਿਜਲੀ ਦੇ ਬਿੱਲਾਂ ਦੀ ਤਰੀਕ
ਸਕੂਲ ਦੀਆਂ ਫੀਸਾਂ
ਤੇ ਘਰਦਾ ਖਤਮ ਆਟਾ
ਜਿਆਦਾ ਯਾਦ ਰਹਿੰਦਾ ਏ…..
ਮੁੰਡਿਓ! ਤੁਸੀ ਹਿਸਾਬਾਂ ਦੇ ਨਾਲ
ਏਨਾ ਨੂੰ ਕਿਤਾਬਾਂ ਵੀ ਫੜਾਇਓ
ਹੋ ਸਕੇ ਤੇ ਲੱਪ ਕੁ ਹੌਸਲਾ ਵੀ
ਚੁੰਨੀ ਦੇ ਪੱਲੇ ਨਾਲ ਬੰਨ੍ਹਿਆ ਜੇ
ਕਿਉਂਕਿ ਵੇਖਣ ਚ’ ਏਹ ਕੁੜੀਆਂ
ਪੱਥਰ ਤੋਂ ਮਜਬੂਤ ਨਜ਼ਰ ਆਉਣਗੀਆਂ
ਪਰ ਅੰਦਰੋਂ !
ਕੱਚ ਤੋਂ ਨਾਜ਼ੁਕ, ਕੋਮਲ ਤੇ ਸਹਿਜ ਭਰੀਆ
ਤਾਂਹੀ ਤੇ ਆਖਿਆ ਕਿ ਮੁੰਡਿਓ …..
ਸਾਰੀਆਂ ਕੁੜੀਆਂ ਸੁਨਿਹਰੀ ਛੱਲਿਆਂ ਵਾਲੀਆਂ
ਗੋਰੀਆਂ ਚਿੱਟੀਆਂ ਨਹੀਂ ਹੁੰਦੀਆਂ
ਕੁਝ ਕੁੜੀਆਂ ਹੁੰਦੀਆਂ ਨੇ
ਸਾਂਵਲੀਆਂ ਪੱਕੇ ਰੰਗ ਦੀਆਂ…..
ਸਿਮਰਨਜੀਤ ਕੌਰ ਸਿਮਰ
ਪਿੰਡ :- ਮਵੀ ਸੱਪਾਂ (ਸਮਾਣਾ)
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly