(ਸਮਾਜ ਵੀਕਲੀ)
ਸ਼ਾਮ ਦੇ ਸੱਤ ਵਜੇ
ਅਹਾਤੇ ‘ਚ ਬੈਠਾ ਬੰਦਾ
ਬੋਤਲ ਨਾਲ ਖਹਿਬੜ ਪਿਆ!
ਕਹਿੰਦਾ ਅੱਜ ਮੈਂ ਤੈਨੂੰ ਸਾਰੀ ਨੂੰ
ਇੱਕੋ ਡੀਕ ‘ਚ ਪੀ ਜੂੰ!
ਬੋਤਲ ਬੋਲੀ ਦੇਖਦੇ ਹਾਂ
ਕੌਣ ਕੀਹਨੂੰ ਪੀਂਦਾ!
ਬੰਦੇ ਨੇ ਚੱਕੀ ਬੋਤਲ
ਇਕੋ ਡੀਕ ‘ਚ ਸਾਰੀ ਪੀ ਗਿਆ
ਤੇ ਮੁੱਛਾਂ ‘ਤੇ ਤਾਅ ਦੇ ਕੇ ਕਹਿੰਦਾ
ਹੁਣ ਦੱਸ!
ਖ਼ਾਲੀ ਹੋਈ ਬੋਤਲ ਨੇ ਪੁੱਛਿਆ
ਕੀ ਕੁਝ ਪੀ ਗਿਆ?
ਬੰਦਾ ਕਹਿੰਦਾ ਤੈਨੂੰ ਸਾਰੀ ਨੂੰ ਪੀ ਗਿਆ
ਸਾਰੇ ਦਿਨ ਦੀ ਥਕਾਵਟ ਪੀ ਗਿਆ
ਸਾਰੇ ਦਰਦ ਪੀ ਗਿਆ
ਤੇ ਸਾਰੀਆਂ ਹੁਸਨ ਪਰੀਆਂ ਦਾ ਹੁਸਨ ਵੀ ਪੀ ਗਿਆ
ਤੇ ਕਹਿੰਦਾ
ਹੁਣ ਤੇਰੀ ਵਾਰੀ!
ਬੋਤਲ ਹੱਸੀ
ਉੱਚੀ ਉੱਚੀ ਹੱਸੀ
ਤੇ ਬੋਲੀ ਸੁਣ ਫੇਰ
ਤੇਰੇ ਬੱਚਿਆਂ ਦੀ ਤੋਤਲੀ ਬੋਲੀ
ਤੇਰੀ ਮਹਾਰਾਣੀ ਦਾ ਹੁਸਨ ਰੀਝਾਂ ਤੇ ਸੱਧਰਾਂ
ਤੇਰੀ ਸਾਰੀ ਜਵਾਨੀ
ਤੇਰੇ ਬੁੱਢੇ ਮਾਂ ਬਾਪ ਦਾ ਬੁਢਾਪਾ
ਤੇਰੇ ਆਂਢ ਗੁਆਂਢ ਦਾ ਸੁੱਖ-ਚੈਨ,ਨੀਂਦ
ਤੇ ਤੇਰਾ ਸਾਰਾ ਪੰਜਾਬ ਪੀ ਗਈ!
ਤੇ ਜਿਹੜੇ ਚਾਰ ਕਿੱਲਿਆਂ ਕਰਕੇ
ਤੇਰੀ ਧੌਣ ‘ਚ ਕਿੱਲਾ
ਉਹ ਵੀ ਮੇਰੇ ਹੀ ਢੱਕਣ ਹੇਠਾਂ!
ਚੱਲ ਉੱਠ ਮੇਰਾ ਪੁੱਤ
ਹਨੇਰਾ ਬਹੁਤ ਹੋ ਗਿਆ
ਹੁਣ ਘਰ ਨੂੰ ਜਾ !
ਵਿਰਕ ਪੁਸ਼ਪਿੰਦਰ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly