ਉਧਾਰੀ ਅੱਗ

ਸਤਨਾਮ ਸ਼ਦੀਦ ਸਮਾਲਸਰ
  (ਸਮਾਜ ਵੀਕਲੀ)-ਭਾਪੇ ਹੋਰੀਂ ਸੱਤ ਭਰਾ ਤੇ ਦੋ ਭੈਣਾ ਸੀ ।ਛੋਟੇ ਦੋ ਚਾਚਿਆਂ ਤੋਂ ਵੱਡੀ ਇੱਕ ਵੱਡੀ ਭੈਣ ਜੀਹਦੇ ਪਹਿਲ ਪਲੇਠੀ ਦੀ ਕੁੜੀ ਹੋਈ , ਬੀਬੀ ਹੋਰੀਂ ਦੱਸਦੀਆਂ ਹੁੰਦੀਆਂ ਵੀ ਕੁੜੀ ਵੇਲੇ ਉਹਨੂੰ ਜ਼ਹਿਰਵਾ ਹੋ ਗਿਆ ਮਸਾਂ ਦੋਵੇ ਮਾਵਾਂ ਧੀਆਂ ਬਚੀਆਂ ਸੀ। ਕਹਿੰਦੇ ਹੁੰਦੇ ਵੀ ਔਰਤ ਨੂੰ ਜਵਾਕ ਦੀ ਤਾਂਘ ਹਮੇਸ਼ਾ ਹੀ ਰਹਿੰਦੀ ਆ ਭਾਵੇਂ ਖੂਹੀਂ ਜਾਲ ਕਿਉਂ ਨਾ ਪਾਉਣਾ ਪੈ ਜਾਵੇ……।
ਜਵਾਕ ਲੈਣ ਲਈ ਫੇਰ ਕਈ ਬਾਬਿਆਂ ਦੇ ਧਾਗੇ-ਤਵੀਤ ਕਰਵਾਏ ਤਿੰਨ ਕੁ ਸਾਲਾਂ ਪਿਛੋਂ ਇੱਕ ਹੋਰ ਕੁੜੀ ਹੋ ਗਈ। ਤੇ ਫੇਰ ਓਦੋਂ ਮਗਰੋਂ ਇੱਕ ਹੋਰ ਕੋਈ ਦੇਵੀ ਦਿਉਤਾ ਨਾ ਬਹੁੜਿਆ ਨਾ ਹੀ ਕੋਈ ਧਾਗਾ ਤਵੀਤ ਫੁਰਿਆ।ਸਭ ਦੀਆਂ ਆਸਾਂ ‘ਤੇ ਪਾਣੀ ਫਿਰ ਗਿਆ ਵੀ ਚਲੋ ਐਤਕੀ ਰੱਬ ਭੁੱਲ ਜਾਂਦਾ ….ਆਹ ਕੁੜੀਆਂ ਦਾ ਸਿਰ ਢਕਿਆ ਜਾਂਦਾ ਪਰ ਜੋ ਉਹਦੀ ਮਰਜ਼ੀ।
ਫੇਰ ਤਾਂ ਜਣੀ ਉਹਨੇ ਵੀ ਝਾਕ ਹੀ ਛੱਡ ਦਿੱਤੀ ਵੀ ਉਹਦਾ ਜੱਗ ਵਿੱਚ ਕੋਈ ਸੀਰ ਪੈ ਜਾਓ ਚੁੱਪ ਚਾਪ ਆਵਦੀਆਂ ਤਿੰਨੇ ਧੀਆਂ ਨੂੰ ਪਾਲਣ ਲੱਗੀ।ਉਹਦੇ ਤੋਂ ਮਗਰੋਂ ਵਿਆਹੀ ਉਹਦੀ ਦਰਾਣੀ ਦੇ ਦੋ ਜੌੜੇ ਮੁੰਡੇ ਹੋਏ ਉਹਨੇ ਸ਼ੁਕਰ ਮਨਾਇਆ ਵੀ ਚਲੋ ਕੁੜੀਆਂ ਦਾ ਸਿਰ ਤਾਂ ਹੁਣ ਵੀ ਢਕਿਆ ਗਿਆ, ਚਾਚੇ ਤਾਇਆਂ ਦੇ ਵੀ ਤਾਂ ਆਵਦੇ ਹੀ ਹੁੰਦੇ ਆ ਇੱਕ ਗੱਲੋਂ ਆਵਦੀ ਕੁੱਖ ਵਲ ਵੀ ਸੋਚਦੀ ਵੀ ਭਲਾਂ ਮੈਂ ਕੀ ਰੱਬ ਦੇ ਮਾਂਹ ਮਾਰੇ ਸੀ ਪਰ ਉਹਦੀਆਂ ਉਹੀ ਜਾਣੇ।
ਇੱਕ ਦਿਨ ਛੋਟੀ ਦਰਾਣੀ ਦੇ ਖਬਰੈ ਕੀ ਦਿਲ ‘ਚ ਵਰਾਗ ਜਾਗਿਆ ਪੰਜਾਂ ਕੁ ਦਿਨਾਂ ਦਾ ਇੱਕ ਮੁੰਡਾ ਉਹਨੂੰ ਨੂੰ ਦੇ ਦਿੱਤਾ ਵੀ ਲੈ ਭੈਣੇ ਆਹ ਰੱਬ ਨੇ ਸ਼ਾਇਦ ਤੇਰੇ ਲਈ ਹੀ ਦਿੱਤਾ ਹੋਵੇ ਕਿੱਡਾ ਜਿਗਰਾ ਮਾਂ ਦਾ ਜਿਹਨੇ ਢਿੱਡੋਂ ਜੰਮਿਆਂ ਝੋਲੀ ਪਾ ਦਿੱਤਾ ਨਹੀਂ ਤਾਂ ਕਹਿੰਦੇ ਹੁੰਦੇ ਆ ਵੀ ਚੀਜ਼ਾਂ ਤਾਂ ਵੰਡੀਆਂ ਜਾਂਦੀਆਂ ਧੀਆਂ-ਪੁੱਤ ਥੋੜੋਂ…. ਉਹਨੇ ਮੁੰਡਾ ਝੋਲੀ ਪਵਾਉਂਦਿਆਂ ਹੱਥ ਜੋੜ ਲਏ ਤੇ ਅੱਖਾਂ ਵਿੱਚੋਂ ਤਿੱਪ ਤਿੱਪ ਹੱਝੂ ਕੇਰਨ ਲੱਗੀ ਭੈਣੇ ਤੇਰਾ ਦੇਣ ਕਿਹੜੇ ਜਨਮ ਮੋੜਾਂਗੀ ਜੀਹਨੇ ਮੈਨੂੰ ਅਭਾਗਣ ਨੂੰ ਉਧਾਰੀ ਅੱਗ ਦੇ ਕੇ ਮੇਰਾ ਵੀ ਚੁੱਲ੍ਹਾ ਬਲਦਾ ਕਰ ਦਿੱਤਾ ਚੰਦਰੀ ਇੰਨ੍ਹਾਂ ਦੀ ਭੁੱਖ ਹੀ ਭੈੜੀ ਆ ਊਂ ਭਾਵੇਂ ਪਾਣੀ ਦਾ ਘੁੱਟ ਨਾ ਫੜਾਉਣ…।
ਮੁੰਡੇ ਦਾ ਤੇਰਵਾਂ ਕੀਤਾ ਸਾਰੇ ਸਕੇ ਸਬੰਧੀ ਬੁਲਾਏ ਪੂਰੀ ਖੁਸ਼ੀ ਮਨਾਈ । ਮੁੰਡਾ ਦਿਨਾਂ ਵਿੱਚ ਹੀ ਕੁੜੀਆਂ ਵਰਗਾ ਹੀ ਰੰਗ ਵਟਾ ਗਿਆ ਕੋਈ ਨਾ ਕਹਿੰਦਾ ਵੀ ਇਹ ਉਨ੍ਹਾਂ ਦਾ ਮੁੰਡਾ ਨਹੀਂ। ਕੁਝ ਸਾਲਾਂ ਬਾਦ ਵੱਡੀ ਕੁੜੀ ਵਿਆਹ ਦਿੱਤੀ , ਉਦੋਂ ਕੁਝ ਸਾਲਾਂ ਦੀ ਵਿੱਥ ਨਾਲ ਦੂਜੀ ਰਹਿ ਗਏ ਛੋਟੀ ਕੁੜੀ ਤੇ ਮੁੰਡਾ ਦੋਵੇਂ ਹਾਣੋਂ ਹਾਣੀ ਹੀ ਸੀ ਬਸ ਸਾਲ ਛੇ ਮਹੀਨਿਆਂ ਦੀ ਵਿੱਥ ਹੋਣੀ ਆ।ਵੱਡੀ ਕੁੜੀ ਦੇ ਵੀ ਅੱਗੋਂ ਦੋ ਕੁੜੀਆਂ ਹੋ ਗਈਆਂ ।ਛੋਟੀ ਕੁੜੀ ਨੂੰ ਜਨਮ ਦੇਣ ਤੋਂ ਕੁਛ ਮਹੀਨੇ ਬਾਦ ਅੱਲ੍ਹਾਂ ਨੂੰ ਪਿਆਰੀ ਹੋ ਗਈ।ਦੋਹਤੀਆਂ ਰੁਲਣਗੀਆਂ ਦੇ ਡਰੋਂ ਛੋਟੀ ਕੁੜੀ ਉਹਦੇ ਥਾਂ ਤੋਰ ਦਿੱਤੀ ਅਠ੍ਹਾਰਵਾਂ ਵਰ੍ਹਾ ਲੱਗਿਆ ਸੀ।
ਦੋ ਵੱਡੇ ਭਰਾ ਤੁਰ ਗਏ ਪਿਉ ਤੁਰ ਗਿਆ ਤੇ ਪਿਛੋਂ ਆਹ ਜੇਠੀ ਧੀ ਦੇ ਗ਼ਮ ਨੇ ਜਵਾਂ ਹੀ ਮਾਰ ਮੁਕਾਇਆ ਸੀ।ਉਹ ਅੱਖਾਂ ਦੇ ਹੰਝੂ ਪੂਝ ਲੈਂਦੀ ਜਦੋਂ ਮੁੰਡਾ ਕਹਿੰਦਾ ਬੀਬੀ ਤੂੰ ਰੋ^ਰੋ ਕੇ ਅੱਖਾਂ ਵੱਲੋਂ ਵੀ ਬਹਿ ਜਾਣਾ , ਜੇ ਤੇਰੇ ਸਿਰ ਤੇ ਕੋਈ ਭਾਰ ਹੋਵੇ ਤਾਂ ਮੈਂ ਚੱਕ ਲਾਂ ਪਰ ਤੇਰਾ ਗਮ ਵਾਲਾ ਭਾਰ ਕਿਵੇਂ ਚੱਕਾਂ ਉਹ ਮਾਂ ਨੂੰ ਗਲ ਨਾਲ ਲਾ ਕੇ ਚੁੱਪ ਕਰਾ ਲੈਂਦਾ ।
ਉਹਦਾ ਦਿਲ ਧਰਾਉਣ ਮਾਰਿਆਂ ਰਿਸ਼ਤੇਦਾਰਾਂ ਸਕੇ-ਸਬੰਧੀਆਂ ਨੇ ਮੁੰਡੇ ਦਾ ਵਿਆਹ ਕਰ ਦਿੱਤਾ।ਸੋਹਣਾ ਕਾਰਜ ਹੋਇਆ । ਮੁੰਡੇ ਦੇ ਅੱਗੋ ਮੁੰਡਾ ਹੋ ਗਿਆ ਘਰ ਵਿੱਚ ਫੇਰ ਰੌਣਕ ਆ ਗਈ , ਸਾਰਾ ਦਿਨ ਪੋਤੇ ਨਾਲ ਲਾਡ ਲੜਾਉਂਦੀ ਰਹਿੰਦੀ , ਕਿਤੇ^ਕਿਤੇ ਮਨ ‘ਤੇ ਗੱਲ ਚੜ੍ਹਦੀ ਪਰ ਫੇਰ ਵਿਸਾਰ ਦਿੰਦੀ , ਮੁੰਡਾ ਪੂਰਾ ਆਸਰਾ ਦਿੰਦਾ ਤੇ ਘਰਵਾਲੀ ਕਦੇ ਸੱਸਾਂ ਵਾਲਾ ਰਿਸ਼ਤਾ ਨਾ ਰੱਖਦੀ ਜਵਾਂ ਮਾਵਾਂ ਧੀਆਂ ਵਾਂਗ ਰਹਿੰਦੀਆਂ।ਪਰ ਓਸ ਸਾਮ ਕਿਸੇ ਘਰ ਚੁੱਲ੍ਹਾ ਨਾ ਬਲਿਆ ਜਦੋਂ ਮੁੰਡੇ ਲੋਥ ਲਿਆ ਕੇ ਬੂਹੇ ਅੱਗ ਰੱਖ ਦਿੱਤੀ , ਉਧਾਰੀ ਅੱਗ ਲੈ ਕੇ ਬਾਲੇ ਚੁੱਲ੍ਹੇ ਵਿੱਚ ਜਿਵੇਂ ਕਿਸੇ ਨੇ ਪਾਣੀ ਦਾ ਕੜਾਹਾ ਉਲਟ ਦਿੱਤਾ ਹੋਵੇ। ਮੁੰਡੇ ਦੇ ਭੋਗ ਤੱਕ ਤਾਂ ਉਹ ਪੋਤੇ ਨੂੰ ਪੁੱਤ ਦਾ ਆਸਰਾ ਸਮਝ ਕੇ ਹਿੱਕ ਨਾ ਲਾਈ ਫਿਰਦੀ ਰਹੀ ਕਦੇ ਨੂੰਹ ਵਿੱਚੋਂ ਆਪਣੀ ਮਰੀ ਕੁੜੀ ਨੂੰ ਟੋਲਦੀ ਉਹਦੇ ਗਲ ਲੱਗ ਕੇ ਰੋ ਪੈਂਦੀ। ਜਦੋਂ ਭੋਗ ਤੋਂ ਮਗਰੋਂ ਕੁੜੀ ਦੇ ਮਾਪੇ ਕੋਈ ਆਸਰਾ ਨਾ ਦਿਸਦਾ ਵੇਖ ਆਖਣ ਲੱਗੇ ਚੱਲ ਧੀਏ ਹੁਣ ਇਹ ਘਰ ਦਾ ਅੰਨ੍ਹ ਪਾਣੀ ਤੇਰੇ ਲੇਖਾਂ ਵਿਚੋਂ ਮੁੱਕ ਗਿਆ ਹੁਣ ਕੁੜੀ ਦੇ ਸੱਸ ਸੁਹਰੇ ਕੋਲ ਰੌਣ ਤੋਂ ਸਿਵਾਏ ਹੋਰ ਕੋਈ ਚਾਰਾ ਨੀ ਸੀ।
ਘਰ ਦੇ ਚੁੱਲ੍ਹੇ ਦੀ ਅੱਗ ਬੁਝਦੀ ਵੇਖ ਕੁੜੀ ਨੇ ਆਪਣੇ ਮਾਪਿਆਂ ਨੂੰ ਕਿਹਾ ਮੇਰਾ ਤੇ ਉਹਦਾ ਸਾਥ ਸ਼ਾਇਦ ਏਨਾ ਕੀ ਹੀ ਸੀ ਕੀ ਪਤਾ ਅੱਗੇ ਸੁਖ ਹੈਗਾ ਕਿ ਨਹੀਂ ਪਰ ਮੈਂ ਆਪਣਾ ਘਰ ਛੱਡ ਕੇ ਨ੍ਹੀ ਜਾਵਾਂਗੀ , ਇਨ੍ਹਾਂ ਦੇ ਉਧਾਰੀ ਅੱਗ ਲੈ ਕੇ ਬਾਲੇ ਚੁੱਲ੍ਹੇ ਨੂੰ ਆਪਣੇ ਪੁੱਤ ਦੇ ਸਿਰ ਤੇ ਬਾਲਾਂਗੀ ਆਪਣੇ ਦੇ ਜਵਾਨ ਹੋਣ ਦੀ ਉਡੀਕ ਕਰਾਂਗੀ। ਕੁੜੀ ਦੇ ਏਨਾਂ ਬੋਲਾਂ ਨਾਲ ਸਾਰਿਆਂ ਦੀਆਂ ਅੱਖਾਂ ‘ਚ ਪਾਣੀ ਆ ਗਿਆ।
ਸਤਨਾਮ ਸ਼ਦੀਦ ਸਮਾਲਸਰ
99142-98580

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੰਧੂ ਪਰਿਵਾਰ ਵੱਲੋਂ ਲੰਗਰ ਵਰਤਾਇਆ ਗਿਆ
Next article*ਚੱਕਰਵਿਊ*