ਅੰਮ੍ਰਿਤਸਰ (ਸਮਾਜ ਵੀਕਲੀ): ਸਰਹੱਦ ’ਤੇ ਜਨਮੇ ਬੱਚੇ ‘ਬਾਰਡਰ’ ਨੂੰ ਪਾਕਿਸਤਾਨ ਭੇਜਣ ਲਈ ਪਾਕਿ ਸਫ਼ਾਰਤਖਾਨੇ ਵੱਲੋਂ ਟਰਾਂਜ਼ਿਟ ਵੀਜ਼ਾ ਮਿਲਣ ਦੀ ਸੰਭਾਵਨਾ ਹੈ। ਸਥਾਨਕ ਵਕੀਲ ਨਵਜੋਤ ਕੌਰ ਚੱਬਾ ਨੇ ਇਸ ਸਬੰਧੀ ਪਾਕਿਸਤਾਨੀ ਸਫ਼ਾਰਤਖਾਨੇ ਨਾਲ ਸੰਪਰਕ ਕੀਤਾ ਹੈ।
ਇਸ ਬੱਚੇ ਦਾ ਕੁਝ ਦਿਨ ਪਹਿਲਾਂ ਅਟਾਰੀ ਸਰਹੱਦ ’ਤੇ ਜਨਮ ਹੋਇਆ ਸੀ। ਇਸ ਦੇ ਮਾਤਾ-ਪਿਤਾ ਪਾਕਿਸਤਾਨ ਤੋਂ ਭਾਰਤ ਘੁੰਮਣ ਲਈ ਆਉਣ ਵਾਲੇ ਹਿੰਦੂ ਪਰਿਵਾਰਾਂ ਵਿੱਚੋਂ ਇੱਕ ਹਨ, ਜੋ ਪਹਿਲਾਂ ਤਾਲਾਬੰਦੀ ਕਾਰਨ ਤੇ ਹੁਣ ਕੁਝ ਦਸਤਾਵੇਜ਼ਾਂ ਦੀ ਘਾਟ ਕਾਰਨ ਆਪਣੇ ਦੇਸ਼ ਪਰਤਣ ਦੀ ਉਡੀਕ ਵਿੱਚ ਸਰਹੱਦ ’ਤੇ ਬੈਠੇ ਹੋਏ ਸਨ। ਇਸ ਦੌਰਾਨ ਇਸ ਬੱਚੇ ਨੇ ਜਨਮ ਲਿਆ। ਸਰਹੱਦ ’ਤੇ ਇਸ ਬੱਚੇ ਦਾ ਜਨਮ ਹੋਣ ਕਾਰਨ ਇਸ ਦਾ ਨਾਂ ‘ਬਾਰਡਰ’ ਰੱਖਿਆ ਗਿਆ ਹੈ। ਨਵਜੰਮੇ ਬੱਚੇ ਸਬੰਧੀ ਲੋੜੀਂਦੇ ਦਸਤਾਵੇਜ਼ ਨਾ ਹੋਣ ਕਾਰਨ ਉਸ ਨੂੰ ਪਾਕਿਸਤਾਨ ਲਿਜਾਣ ਦੀ ਪ੍ਰਵਾਨਗੀ ਨਹੀਂ ਮਿਲੀ, ਜਿਸ ਕਾਰਨ ਉਸ ਦੇ ਮਾਪੇ ਬੱਚੇ ਸਮੇਤ ਇਥੇ ਰੁਕੇ ਹੋਏ ਹਨ।
ਵਕੀਲ ਨੇ ਦੱਸਿਆ ਕਿ ਬੱਚੇ ਦਾ ਜਨਮ ਭਾਰਤ ਵਿੱਚ ਹੋਇਆ ਹੈ। ਇਸ ਕਾਰਨ ਬਿਨਾਂ ਦਸਤਾਵੇਜ਼ ਉਸ ਨੂੰ ਪਾਕਿਸਤਾਨ ਜਾਣ ਤੋਂ ਰੋਕ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਦਿੱਲੀ ਸਥਿਤ ਪਾਕਿਸਤਾਨੀ ਸਫਾਰਤਖਾਨੇ ਨਾਲ ਸੰਪਰਕ ਕੀਤਾ ਹੈ ਜਿਨ੍ਹਾਂ ਨੇ ਉਸ ਦਾ ਟਰਾਂਜ਼ਿਟ ਵੀਜ਼ਾ ਦੇਣ ਦਾ ਭਰੋਸਾ ਦਿੱਤਾ ਹੈ। ਬੱਚੇ ਦੇ ਦਸਤਾਵੇਜ਼ ਬਣਾਏੇ ਜਾ ਰਹੇ ਹਨ ਤੇ ਛੇਤੀ ਹੀ ਸਫ਼ਾਰਤਖਾਨੇ ਕੋਲ ਭੇਜੇ ਜਾਣਗੇ। ਜ਼ਿਕਰਯੋਗ ਹੈ ਕਿ ਐਡਵੋਕੇਟ ਚੱਬਾ ਨੇ ਇਸ ਤੋਂ ਪਹਿਲਾਂ ਭਾਰਤੀ ਜੇਲ੍ਹ ਵਿਚ ਪੈਦਾ ਹੋਈ ਹਿਨਾ ਨਾਂ ਦੀ ਇਕ ਬੱਚੀ ਨੂੰ ਵੀ ਪਾਕਿਸਤਾਨ ਭੇਜਣ ਲਈ ਅਹਿਮ ਯੋਗਦਾਨ ਦਿੱਤਾ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly