HOME ਕਿਤਾਬਾਂ ਤੇ ਲਾਇਬ੍ਰੇਰੀਆਂ ਗਿਆਨ ਦੇ ਚਸ਼ਮੇ ਹੁੰਦੀਆਂ ਹਨ, ਜਿਥੇ ਕੁੱਝ ਵਿਅਕਤੀ ਰੱਜ...

ਕਿਤਾਬਾਂ ਤੇ ਲਾਇਬ੍ਰੇਰੀਆਂ ਗਿਆਨ ਦੇ ਚਸ਼ਮੇ ਹੁੰਦੀਆਂ ਹਨ, ਜਿਥੇ ਕੁੱਝ ਵਿਅਕਤੀ ਰੱਜ ਕੇ ਗਿਆਨ ਦਾ ਰਸ ਪੀਂਦੇ ਹਨ ਤੇ ਕਈ ਕੇਵਲ ਸੁਆਦ ਚੱਖਦੇ ਹਨ।

1
ਮਾਸਟਰ ਪਰਮਵੇਦ 
*ਲਾਇਬ੍ਰੇਰੀ ਦਿਵਸ*
   (ਸਮਾਜ ਵੀਕਲੀ)   ਭਾਰਤ ਵਿੱਚ ਲਾਇਬ੍ਰੇਰੀ ਦੇ ਪਿਤਾਮਾ ਡਾ ਸ਼ਿਆਲੀ ਰਾਮਾ ਰੰਗਾਨਾਥਨ ਨੂੰ ਮੰਨਿਆ ਜਾਂਦਾ ਹੈ।ਜਿਵੇਂ ਅੱਜ ਕੱਲ ਹੋਰ ਦਿਵਸ ਮਨਾਏ ਜਾਂਦੇ ਹਨ,ਉਸੇ ਤਰਾਂ ਗਿਆਨ ਦੇ ਸਾਗਰ ਵਿੱਚ ਵਿਚਰਨ ਵਾਲੇ ਲੋਕ ਲਾਇਬ੍ਰੇਰੀਅਨ ਦਿਵਸ ਮਨਾਉਂਦੇ ਹਨ।ਇਸ ਦੇ ਜਨਮ ਦਾਤਾ ਡਾ ਰੰਗਾਨਾਥਨ ਦਾ ਜਨਮ 12 ਅਗਸਤ 1892 ਨੂੰ ਪਿਂਡ ਸ਼ਿਆਲੀ(ਹੁਣ ਸਿਰਕਾਜੀ), ਤਾਮਿਲਨਾਡੂ ਵਿੱਚ ਹੋਇਆ।ਆਪਣੀ ਮੁੱਢਲੀ ਵਿਦਿਆ ਤੋਂ ਬਾਅਦ ਮਦਰਾਸ ਕਰਿਸ਼ਚੀਅਨ ਕਾਲਜ ਤੋਂ 1916 ਵਿੱਚ ਐਮ ਏ ਗਣਿਤ ਕੀਤੀ।ਉਨਾਂ ਆਪਣੇ ਅਧਿਆਪਨ ਦੀ ਸ਼ੁਰੂਆਤ ਮੰਗਲੌਰ ਤੋਂ ਕੀਤੀ।ਲਾਇਬ੍ਰੇਰੀਅਨ ਦਾ ਸਫਰ 1924 ਤੋਂ ਸ਼ੁਰੂ ਹੋਇਆ ਤੇ ਇੰਗਲੈਂਡ ਤੋਂ ਲਾਇਬਰੇਰੀ ਸਾਇੰਸ ਦਾ ਕੋਰਸ ਕਰਕੇ ਵਾਪਸ ਆਉਣ ਤੇ ਕਈ ਲਾਇਬ੍ਰੇਰੀਆਂ ਦਾ ਦੌਰਾ ਕੀਤਾ। ਲਾਇਬ੍ਰੇਰੀ ਦਾ ਹਰ ਪੱਖ ਪ੍ਰਬੰਧਨ, ਕਲਾਸੀਫਿਕੇਸ਼ਨ, ਕੈਟਾਲਾਗਿੰਗ ਆਦਿ ਉਪਰ ਕੰਮ ਕੀਤਾ।1947 ਤੋਂ 1955 ਤੱਕ ਦਿੱਲੀ ਯੂਨੀਵਰਸਿਟੀ ਵਿੱਚ ਕੰਮ ਕੀਤਾ। ਭਾਰਤ ਸਰਕਾਰ ਵੱਲੋਂ ਉਨਾਂ ਨੂੰ ਰਾਉ ਸਾਹਿਬ ਤੇ ਪਦਮ ਸ਼੍ਰੀ ਐਵਾਰਡ ਨਾਲ ਸਨਮਾਨਿਆ ਗਿਆ।1963 ਵਿੱਚ ਸ਼ਾਰਧਾ ਰੰਗਾਨਾਥਨ ਇਨਡੋਮੈਂਟ ਦੀ ਸਥਾਪਨਾ ਕੀਤੀ ਸੀ।ਉਨਾਂ 12 ਦੇ ਕਰੀਬ ਲਾਇਬ੍ਰੇਰੀ ਦੇ ਪ੍ਰਬੰਧਾਂ ਤੇ ਕਾਰਜਸ਼ੈਲੀ ਬਾਰੇ ਕਿਤਾਬਾਂ ਵੀ ਲਿਖੀਆਂ। 27-28 ਸਤੰਬਰ 1972 ਦੀ ਰਾਤ ਨੂੰ ਉਨਾਂ ਦਾ ਦਿਹਾਂਤ ਹੋ ਗਿਆ।ਉਨਾਂ ਲਾਇਬਰੇਰੀ ਦੇ ਪੰਜ ਨਿਯਮ ਬਣਾਏ :-
1) ਕਿਤਾਬਾਂ ਵਰਤਣ ਲਈ ਹਨ।
2)ਹਰ ਪਾਠਕ ਕੋਲ ਉਸਦੀ ਕਿਤਾਬ ਹੋਣੀ ਚਾਹੀਦੀ ਹੈ।
3) ਹਰ ਕਿਤਾਬ ਦਾ ਪਾਠਕ ਹੋਣਾ ਚਾਹੀਦਾ ਹੈ।
4) ਪਾਠਕ ਦਾ ਸਮਾਂ ਬਚਾਉਣਾ ਚਾਹੀਦਾ ਹੈ।
5) ਲਾਇਬ੍ਰੇਰੀ ਇਕ ਵੱਧਣਸ਼ੀਲ ਸੰਸਥਾ ਹੈ।
ਤਕਨੀਕੀ ਵਿਕਾਸ ਹੋਣ ਨਾਲ ਅੱਜ ਕੱਲ ਕੰਮ ਬਹੁਤ ਸੌਖਾ ਹੋ ਗਿਆ ਹੈ।ਹੁਣ ਲਾਇਬਰੇਰੀ ਚਾਰਦੁਆਰੀ ਵਿੱਚ ਹੀ ਨਹੀਂ ਹੈ,ਸਗੋਂ ਆਨ ਲਾਇਨ ਲਾਇਬ੍ਰੇਰੀ ਹੈ ਜਿਹੜੀ 24 ਘੰਟੇ ਖੁੱਲੀ ਰਹਿੰਦੀ ਹੈ ਤੇ ਕੋਈ ਵੀ ਪਾਠਕ ਦੁਨੀਆਂ ਦੇ ਕਿਸੇ ਕੋਨੇ ਵਿੱਚ ਬੈਠ ਕੇ ਕੰਪਿਊਟਰ ਅਤੇ ਸੂਚਨਾ ਤਕਨੀਕ ਨਾਲ ਲਾਇਬ੍ਰੇਰੀ ਦੇ ਗਿਆਨ ਨੂੰ ਪ੍ਰਾਪਤ ਕਰ ਸਕਦਾ ਹੈ।ਕਾਲਜਾਂ ਤੇ ਯੂਨੀਵਰਸਿਟੀਆਂ ਇਨਾਂ ਨੈਟਵਰਕਾਂ ਦੇ ਮੈਂਬਰ ਬਣ ਕੇ ਕਿਤਾਬਾਂ,ਮੈਗਜ਼ੀਨ ਤੇ ਅਖਬਾਰਾਂ ਪੜ੍ਹ ਸਕਦੇ ਹਾਂ।ਮਨੁੱਖ ਦੇ ਸੰਪੂਰਨ ਵਿਕਾਸ ਲਈ ਲਾਇਬ੍ਰੇਰੀ ਦਾ ਵੱਡਾ ਯੋਗਦਾਨ ਹੈ ਤੇ ਕੋਈ ਵੀ ਸਕੂਲ,ਕਾਲਜ ਤੇ ਯੂਨੀਵਰਸਿਟੀ ਤੋਂ ਲਾਇਬ੍ਰੇਰੀ ਤੋਂ ਬਿਨਾਂ ਅਧੂਰਾ ਹੈ।ਪਿੰਡਾਂ ਵਿੱਚ ਚਾਰ-ਚਾਰ,ਪੰਜ-ਪੰਜ ਧਾਰਮਿਕ ਸਥਾਨ ਤਾਂ ਹਨ ਪਰ ਲਾਇਬ੍ਰੇਰੀ ਕੋਈ ਨਹੀਂ।ਸਕੂਲ ਤੇ ਕਾਲਜਾਂ ਤੋਂ ਇਲਾਵਾ ਪੰਜਾਬ ਵਿੱਚ ਅੰਦਾਜੇ ਮੁਤਬਿਕ 50-60 ਪਿੰਡਾਂ ਮਗਰ ਇਕ ਲਾਇਬ੍ਰੇਰੀ ਹੈ ਪਰ ਉਥੇ ਵੀ ਪਾਠਕਾਂ ਦੀ ਗਿਣਤੀ ਸੀਮਤ ਹੁੰਦੀ ਹੈ।ਸਰਕਾਰੀ ਸਕੂਲਾਂ ਵਿੱਚ ਲਾਇਬ੍ਰੇਰੀਆਂ ਦੀ ਹਾਲਤ ਬਹੁਤ ਤਰਸਯੋਗ ਹੈ।ਕਿਤੇ ਅਲਮਾਰੀਆਂ ਦੀ ਘਾਟ ਹੈ ਤੇ ਕਿਤੇ ਕਿਤਾਬਾਂ ਦੀ।ਕਈ ਕਿਤਾਬਾਂ ਪਾਟੀਆਂ ਤੇ ਪੁਰਾਣੀਆਂ ਹਨ।ਅਖਬਾਰ ਵੀ ਦੋ ਤਿੰਨ ਹੈ ਜੋ ਅਧਿਆਪਕਾਂ ਤੱਕ ਹੀ ਰਹਿ ਜਾਂਦੇ ਹਨ।ਲਾਇਬ੍ਰੇਰੀਆਂ ਦੀ ਦੇਖ ਭਾਲ ਦੇ ਢੁੱਕਵੇਂ ਪ੍ਰਬੰਧ ਨਹੀਂ, ਲਾਇਬਰੇਰੀਅਨਾਂ ਦਾ ਕੰਮ ਸੇਵਾਦਾਰਾਂ ਜਾਂ ਹੋਰਾਂ ਤੋਂ ਲਿਆ ਜਾਂਦਾ ਹੈ।ਕਾਲਜਾਂ ਵਿੱਚ ਹਾਲਤ ਕੁਝ ਬੇਹਤਰ ਹਨ।ਪੰਜਾਬੀ ਸੂਬਾ 1966 ਵਿੱਚ ਬਣਿਆ ਪਰ ਕਿਸੇ ਵੀ ਸਿਆਸੀ ਪਾਰਟੀ ਦੀ ਸਰਕਾਰ ਨੇ ਲਾਇਬ੍ਰੇਰੀ ਐਕਟ ਬਣਾਉਣ ਲਈ ਧਿਆਨ ਨਹੀਂ ਦਿਤਾ।ਜਦ ਕਿ ਤਾਮਿਲਨਾਡੂ ਵਿੱਚ (1948),ਆਂਧਰਾ ਪ੍ਰਦੇਸ਼ (1960), ਕਰਨਾਟਕ (1965), ਮਹਾਰਾਸ਼ਟਰ (1967),ਪੱਛਮੀ ਬੰਗਾਲ, ਕੇਰਲਾ, ਗੁਜਰਾਤ, ਰਾਜਸਥਾਨ,ਉਤਰ ਪ੍ਰਦੇਸ਼,ਉਤਰਾਖੰਡ, ਹਰਿਆਣਾ,ਮਿਜੋਰਮ, ਛਤੀਸਗੜ੍ਹ ਬਿਹਾਰ, ਅਰੁਣਾਚਲ ਪ੍ਰਦੇਸ਼, ਗੋਆ ਆਦਿ ਵਿੱਚ ਲਾਇਬ੍ਰੇਰੀ ਐਕਟ ਬਣੇ ਹੋਏ ਹਨ।ਪੰਜਾਬ ਸਰਕਾਰ ਨੂੰ ਇਹ ਐਕਟ ਬਣਾਉਣ ਵੱਲ ਧਿਆਨ ਦੇਣਾ ਚਾਹੀਦਾ ਹੈ।ਜਿਸਦਾ ਸਭ ਤੋਂ ਜਿਆਦਾ ਫਾਇਦਾ ਨੌਜਵਾਨ ਪੀੜੀ ਨੂੰ ਹੋਵੇਗਾ ਕਿਉਂਕਿ ਚੰਗੀਆਂ ਸਾਹਿਤਕ ਕਿਤਾਬਾਂ ਪੜਨ੍ਹ ਨਾਲ ਮਾਨਸਿਕ ਤੇ ਬੌਧਿਕ ਵਿਕਾਸ ਹੁੰਦਾ ਹੈ।ਇਸ ਤਰਾਂ ਵਿਅਕਤੀ ਸਮਾਜਿਕ ਬੁਰਾਈਆਂ ਤੋਂ ਬਚਿਆ ਰਹਿੰਦਾ ਹੈ।ਨਵੀਂ ਪੀੜੀ ਦਾ ਸ਼ੋਸਲ ਮੀਡੀਆ ਵਿਚ ਜਿਆਦਾ ਤੇ ਚੰਗਾ ਸਾਹਿਤ ਪੜਨ੍ਹ ਵਲ ਰੁਝਾਨ ਘੱਟ ਹੈ।ਜਿਥੇ ਲਾਇਬ੍ਰੇਰੀਆਂ ਵੱਧ ਹੋਣਗੀਆਂ ਉਥੋਂ ਦੇ ਲੋਕ ਉੱਚ ਤੇ ਵਿਸ਼ਾਲ ਦਿਰਸ਼ਟੀ ਵਾਲੇ, ਦਿਮਾਗੀ ਪੱਖੋਂ ਰੋਸ਼ਨ ਤੋਂ ਇਲਾਵਾ ਜਿੰਦਗੀ ਦੇ ਸਹੀ ਤੇ ਸਾਰਥਿਕ ਮਨੋਰਥ ਨਾਲ ਜੁੜੇ ਹੁੰਦੇ ਹਨ।ਲੋੜ ਹੈ ਨੌਜਵਾਨਾਂ ਨੂੰ ਸਾਹਿਤ ਨਾਲ ਜੋੜਨ ਦੀ।ਸਾਹਿਤ ਨਾਲ ਜੋੜਨ ਵਾਸਤੇ ਕੁਝ ਪ੍ਰਕਾਸ਼ਨਾ ਤੇ ਜਥੇਬੰਦੀਆਂ ਤਰਕਸ਼ੀਲ ਸੁਸਾਇਟੀਆਂ ਤੇ ਜਨਚੇਤਨਾ ਵੱਲੋਂ ਲੋਕਾਂ ਵਿਚ ਸਾਹਿਤ ਲਿਜਾਣ ਦੇ ਵਧੀਆ ਉਪਰਾਲੇ ਕੀਤੇ ਜਾ ਰਹੇ ਹਨ। ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ *ਤਰਕਸ਼ੀਲ ਸਾਹਿਤ ਵੈਨ* ਰਾਹੀਂ ਪੰਜਾਬ ਭਰ ਵਿੱਚ ਚਲਦੀ ਫਿਰਦੀ ਲਾਇਬਰੇਰੀ ਰਾਹੀਂ ਸਕੂਲਾਂ, ਕਾਲਜਾਂ ਅਤੇ ਜਨਤਕ ਥਾਵਾਂ ਤੇ ਆਮ ਜਨਤਾ ਦੇ ਹੱਥਾਂ ਵਿਚ ਕਿਤਾਬਾਂ ਪਹੁੰਚਾਈਆਂ ਜਾ ਰਹੀਆਂ ਹਨ।ਇਕ ਸਰਵੇਖਣ ਨਾਲ ਵੇਖਿਆ ਗਿਆ ਹੈ ਜਿਹੜੇ ਲੋਕ ਪੜਨ ਲਈ ਜਿਆਦਾ ਸਮਾਂ ਲਾਉਂਦੇ ਹਨ ਉਨਾਂ ਦੀ ਉਮਰ ਲੰਮੀ ਹੁੰਦੀ ਹੈ।
ਮਾਸਟਰ ਪਰਮਵੇਦ
ਤਰਕਸ਼ੀਲ ਆਗੂ 
9417422349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleThe Trailer for Dinesh Vijan and Maddock Films’ Param Sundari is Out. Promises the Biggest Love Story of the Year!
Next articleਕਵਿਤਾ