ਲੇਖਕ- ਸ: ਸੁਰਿੰਦਰ ਕੈਲੇ ਜੀ
(ਸਮਾਜ ਵੀਕਲੀ) ਮੈਂ ਕਈ ਵਾਰ ਸੁਰਿੰਦਰ ਕੈਲੇ ਜੀ ਨੂੰ ਕਿਸੇ ਨਾ ਕਿਸੇ ਪ੍ਰੋਗਰਾਮ ਜਿਵੇਂ ਕਵੀ ਜਾਂ ਕਹਾਣੀ ਦਰਬਾਰ ਵਿੱਚ ਮਿਲੀ ਹਾਂ। ਉਹਨਾਂ ਦੀ ਸਖਸ਼ੀਅਤ ਬਹੁਤ ਪ੍ਰਭਾਵਸ਼ਾਲੀ ਹੈ।ਬਹੁਤ ਹੀ ਸੁਲਝੇ ਹੋਏ ਤੇ ਉੱਚ ਕੋਟੀ ਦੇ ਵਿਦਵਾਨ ਹਨ। ਉਹ ਬਹੁਤ ਹੀ ਮਿੱਠੇ ਤੇ ਨਿੱਘੇ ਸੁਭਾਅ ਦੇ ਮਾਲਕ ਹਨ।ਇੱਕ ਸਮਾਗਮ ਦੇ ਦੌਰਾਨ ਉਹਨਾਂ ਨੇ ਆਪਣਾ ਕਹਾਣੀ ਸੰਗ੍ਰਹਿ ‘ਸੂਰਜ ਦਾ ਪਰਛਾਵਾਂ’ ਮੈਨੂੰ ਭੇਂਟ ਕੀਤਾ। ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਸ਼ੁਕਰੀਆ ਕਿ ਉਹਨਾਂ ਨੇ ਮੈਨੂੰ ਇਸ ਕਾਬਿਲ ਸਮਝਿਆ।
ਸੁਰਿੰਦਰ ਕੈਲੇ ਜੀ ਦੀ ਕਿਤਾਬ ਨੂੰ ਮੈਂ ਇੱਕ ਵਾਰ ਨਹੀਂ ਸਗੋਂ ਵਾਰ-ਵਾਰ ਪੜ੍ਹਿਆ। ਉਹਨਾਂ ਦੀਆਂ ਕਹਾਣੀਆਂ ਜਗਿਆਸਾ ਤੇ ਰੌਚਕਤਾ ਭਰਪੂਰ ਹਨ। ਇਸ ਦੇ ਨਾਲ ਹੀ ਹਰ ਕਹਾਣੀ ਕੋਈ ਨਾ ਕੋਈ ਸਾਰਥਕ ਸੁਨੇਹਾਂ ਦਿੰਦੀ ਹੈ। ਉਹਨਾਂ ਦੀਆਂ ਕਹਾਣੀਆਂ ਜਿਵੇਂ-ਜਿਵੇਂ ਪੜ੍ਹਦੇ ਹਾਂ, ਇੱਕ ਨਾਟਕੀ ਬਿਰਤਾਂਤ ਦਿਲੋਂ- ਦਿਮਾਗ਼ ਵਿੱਚ ਘੁੰਮਣ ਲੱਗਦਾ ਹੈ, ਪਾਤਰ ਕਿਤਾਬ ਵਿੱਚੋਂ ਨਿੱਕਲ ਕੇ ਸਾਹਮਣੇ ਵਿਚਰਨ ਲੱਗ ਜਾਂਦੇ ਹਨ। ਇਹ ਕਿਸੇ ਲੇਖਕ ਦੀ ਅਤੇ ਕਿਤਾਬ ਦੀ ਬਹੁਤ ਵੱਡੀ ਪ੍ਰਾਪਤੀ ਹੁੰਦੀ ਹੈ।
ਉਹਨਾਂ ਨੇ ਸਮਾਜ ਦੇ ਲਗਭਗ ਸਾਰੇ ਵਿਸ਼ਿਆਂ ਨੂੰ ਛੂਹਿਆ ਹੈ। ਜਿਵੇਂ –
ਪਹਿਲੀ ਕਹਾਣੀ ‘ਦੋ ਕੱਪ ਚਾਹ ਦੇ’ ਵਿੱਚ ਇੱਕ ਤਾਂ ਆਦਮੀ ਦੀ ਗ਼ਲਤਫਹਿਮੀ ਤੇ ਦੂਜਾ ਔਰਤ ਦੀ ਸਿਆਣਪ ਹੈ ਅਤੇ ਨਾਲ਼ ਹੀ ਸਮਾਜ ਵਿੱਚ ਹੋ ਰਹੇ ਅਪਰਾਧਾਂ ਦਾ ਜ਼ਿਕਰ ਹੈ। ‘ਕੈਂਚੀ ਵਿੱਚ’ ਅੱਜਕਲ ਦੇ ਬੱਚਿਆਂ ਦੇ ਸਿਰ ਤੇ ਸਵਾਰ ਆਧੁਨਿਕਤਾ ਦਾ ਭੂਤ ਤੇ ਮਾਪਿਆਂ ਦੀ ਬੇਵਸੀ ਨੂੰ ਦਰਸਾਉਂਦੀ ਹੈ। ‘ ਮਹਾਂਨਗਰ ‘ ‘ਵਿਸ਼ਵ ਮੰਡੀ’ , ਅਤੇ ‘ਗੁੱਡੀ ਦੀ ਇੱਜ਼ਤ’ ਵਿੱਚ ਭਿਆਨਕ ਦੁਖਾਂਤ ਹੈ। ‘ਘਰ ਵਾਪਸੀ ‘ ਵਿੱਚ ਧਾਰਮਿਕਤਾ ਨੂੰ ਆਪਣੇ ਫ਼ਾਇਦੇ ਲਈ ਵਰਤਦੇ ਲੋਕਾਂ ਦਾ ਦੋਮੂਹੀਂ ਵਰਤਾਰਾ ਪੇਸ਼ ਕੀਤਾ ਹੈ।
‘ਮੁਕਤੀ’ ਕਹਾਣੀ ਵਿੱਚ ਵਿਦੇਸ਼ ਗਏ ਬੱਚਿਆਂ ਤੇ ਪਿੱਛੇ ਰਹਿ ਗਏ ਸੰਤਾਪ ਹੰਢਾ ਰਹੇ ਮਾਪਿਆਂ ਦਾ ਦੁਖਾਂਤ ਹੈ। ‘ਦਲਿਤ ਕੁੜੀ’ ਕਹਾਣੀ ਰਾਹੀਂ ਲੇਖਕ ਨੇ ਸਮਾਜ ਵਿੱਚ ਫੈਲੀ ਅਸਮਾਨਤਾ ਨੂੰ ਚਿਤਰਿਆ ਹੈ। ‘ਘਰ ਦਾ ਚਿਰਾਗ’ ਵਿੱਚ ਅੰਗਦਾਨ ਕਰਨ ਅਤੇ ਅਨਾਥ ਬੱਚਿਆਂ ਨੂੰ ਗੋਦ ਲੈਣ ਦੀ ਪ੍ਰੇਰਨਾ ਹੈ। ਇਸ ਤੋਂ ਇਲਾਵਾ ‘ਹੋਣੀ’ ਕਹਾਣੀ ਹਸਪਤਾਲਾਂ ਦੀਆਂ ਲਾਪਰਵਾਹੀਆਂ ਪੇਸ਼ ਕੀਤੀਆਂ ਹਨ ਤੇ ‘ਹਾਦਸਾ’ ਕਹਾਣੀ ਵਿੱਚ ਮਾਪਿਆਂ ਦਾ ਬੱਚਿਆਂ ਤੇ ਦਬਾਅ
ਦਿਖਾਇਆ ਹੈ ਅਤੇ ਨਾਲ਼ ਹੀ ਸੂਝ-ਬੂਝ ਰਾਹੀਂ ਉਹਨਾਂ ਦੀਆਂ ਮੁਸ਼ਕਿਲਾਂ ਸਮਝਣ ਦਾ ਸੁਨੇਹਾ ਦਿੱਤਾ ਹੈ। ਇਸ ਤੋਂ ਇਲਾਵਾ ਹੋਰ ਜਿੰਨੀਆਂ ਵੀ ਕਹਾਣੀਆਂ ਇਸ ਕਿਤਾਬ ਵਿੱਚ ਹਨ,ਬਹੁਤ ਹੀ ਵਧੀਆ ਹਨ। ਮੈਂ ਸੁਰਿੰਦਰ ਕੈਲੇ ਜੀ ਦੀ ਧੰਨਵਾਦੀ ਹਾਂ ਕਿ ਉਹਨਾਂ ਨੇ ਐਨੀ ਵਧੀਆ ਕਿਤਾਬ ਸਾਹਿਤ ਦੀ ਝੋਲ਼ੀ ਪਾਈ। ਉਹ ਮਾਂ ਬੋਲੀ ਪੰਜਾਬੀ ਦੀ ਲਗਾਤਾਰ ਸੇਵਾ ਕਰ ਰਹੇ ਹਨ ਅਤੇ ਉਹਨਾਂ ਦਾ ਇੱਕ ਮਿੰਨੀ ਮੈਗਜ਼ੀਨ ‘ਅਣੂੰ’ ਵੀ ਛੱਪਦਾ ਹੈ। ਵਾਹਿਗੁਰੂ ਜੀ ਇਹਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਤੇ ਕਲਮ ਨੂੰ ਹੋਰ ਬਲ ਬਖਸ਼ਣ।
ਮਨਜੀਤ ਕੌਰ ਧੀਮਾਨ, ਸ਼ੇਰਪੁਰ, ਲੁਧਿਆਣਾ। ਸੰ:9464633059
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly