(ਸਮਾਜ ਵੀਕਲੀ)
ਕਿਤਾਬ ਦਾ ਨਾਂ :- ਜ਼ਿੰਦਗੀ ਦੇ ਪਰਛਾਵੇਂ
ਕਵੀ :- ਜਸਵੰਤ ਗਿੱਲ ਸਮਾਲਸਰ
ਪੰਨੇ:- 128
ਕੀਮਤ :- 250
ਪ੍ਰਕਾਸ਼ਨ:- ਪ੍ਰੀਤ ਪਬਲੀਕੇਸ਼ਨ ਨਾਭਾ
ਰੀਵਿਊ ਕਰਤਾ :- ਜਸਵੰਤ ਰਾਊਕੇ
ਕਹਿੰਦੇ ਹਨ ਕਿਤਾਬੀ ਗਿਆਨ ਨਾਲੋਂ ਹੱਥੀਂ ਕੀਤੇ ਕੰਮ ਦਾ ਤਜ਼ਰਬਾ ਸਿਰ ਚੜ੍ਹਕੇ ਬੋਲਦਾ ਹੈ। ਇਸ ਗੱਲ ਨੂੰ ਝੁਠਲਾਇਆ ਨਹੀਂ ਜਾ ਸਕਦਾ। ਇਹ ਗੱਲ ” ਜ਼ਿੰਦਗੀ ਦੇ ਪਰਛਾਵੇਂ” ਕਾਵਿ ਸੰਗ੍ਰਹਿ ਲਿਖਣ ਵਾਲੇ ਕਵੀ ਜਸਵੰਤ ਗਿੱਲ ਸਮਾਲਸਰ ਤੇ ਪੂਰੀ ਤਰ੍ਹਾਂ ਢੁੱਕਦੀ ਹੈ । ਉਸ ਨੂੰ ਕਿਸੇ ਦੱਸਿਆ ਨਹੀਂ ਜਾਂ ਉਸ ਨੇ ਕਿਸੇ ਤੋਂ ਸੁਣਿਆ ਨਹੀਂ ਕਿ ਕੰਮ ਕਰਦਿਆਂ ਨੂੰ ਮੁੜ੍ਹਕਾ ਆਉਂਦਾ ਹੁੰਦਾ ਹੈ।ਸਗੋਂ ਉਸ ਨੇ ਕੰਮ ਕਰਕੇ ਆਪਣੇ ਸਰੀਰ ਚੋਂ ਗਿਟਿਆਂ ਤੱਕ ਚੋਅ ਕੇ ਜਾਂਦਾ ਮੁੜ੍ਹਕਾ ਦੇਖਿਆ ਹੈ। ਉਸ ਦੀਆਂ ਲਿਖਤਾਂ ਕਵਿਤਾਵਾਂ ਨਹੀਂ ,ਉਸ ਨੇ ਪਿੰਡੇ ਹੰਢਾਇਆ ਸੱਚ ਲਿਖਿਆ ਹੈ:-
ਬਾਪੂ ਦੀ ਕੰਮ ਨਾਲ ਕੁੱਬੀ ਢੂਈ
ਮਾਂ ਦੇ ਪੈਰਾਂ ਦੀਆਂ ਬਿਆਈਆਂ
ਯਾਦ ਨੇ ਮੈਨੂੰ ਅੱਜ ਵੀ
ਉਹ ਹਾਲ ਗਰੀਬੀ ਦੇ।
ਹਰ ਪਾਸੇ ਹੀ ਢਾਰੇ ਹੁੰਦੇ
ਫਿਰ ਨਾ ਮਹਿਲ ਮੁਨਾਰੇ ਹੁੰਦੇ
ਜੇ ਨਾ ਹੁੰਦੇ ਕਿਰਤੀ ਕਾਮੇ
ਇਸ ਧਰਤੀ ਤੇ ਲਾਲ ਗਰੀਬੀ ਦੇ।
ਜਦੋਂ ਉਹ ਬੱਚਾ ਸੀ ਤਾਂ ਮਾਂ ਪਿਓ ਨੂੰ ਗ਼ੁਰਬਤ ਦੀ ਜ਼ਿੰਦਗੀ ਹੰਢਾਉਂਦੇ ਤੇ ਸਖ਼ਤ ਮਿਹਨਤ ਕਰਦਿਆਂ ਦੇਖਿਆ ਤੇ ਜਦੋਂ ਉਹ ਪੜ੍ਹਾਈ ਕਰਕੇ ਵਿਹਲਾ ਹੋਇਆ ਤਾਂ ਉਸ ਨੇ ਉਹੀ ਜੂਲਾ ਚੁੱਕ
ਆਪਣੇ ਮੋਢਿਆਂ ਉੱਤੇ ਰੱਖ ਲਿਆ।ਉਦੋਂ ਤੱਕ ਉਹ ਆਪਣੇ ਦੁੱਖਾਂ ਦਰਦਾਂ ਨੂੰ ਕਾਗਜ਼ ਤੇ ਝਰੀਟਣ ਜੋਗਾ ਜੋੜਤੋੜ ਕਰਨਾ ਵੀ ਸਿੱਖ ਗਿਆ ਸੀ।
ਕਹਿੰਦੇ ਹਨ ਕਿ ਪਹਿਲੀ ਜਾਂ ਬਚਪਨ ਦੀ ਸ਼ਾਇਰੀ ਇਸ਼ਕ ਮੁਸ਼ਕ ਤੋਂ ਸ਼ੁਰੂ ਹੁੰਦੀ ਹੈ,ਪਰ ਜਸਵੰਤ ਨੂੰ ਤਾਂ ਇੰਨਾ ਗੱਲਾਂ ਦਾ ਚੇਤਾ ਵੀ ਨਹੀਂ ਆਇਆ ਤੇ ਉਸ ਨੇ ਕਿਰਤੀਆਂ,ਕਾਮਿਆਂ ਕਿਸਾਨਾਂ ,ਲੋਟੂ ਲੋਕਾਂ ਤੇ ਲੁਟੇ ਜਾਣ ਵਾਲੇ ਲੋਕਾਂ
ਵਾਰੇ ਅਵਾਮ ਨੂੰ ਆਗਾਹ ਕਰਨ ਦਾ ਬੀੜਾ ਚੁੱਕ
ਲਿਆ। ਉਹ ਲਿਖਦਾ ਹੈ:-
ਜ਼ਿੰਦਗੀ ਦੇ ਪਰਛਾਵੇਂ ਨੂੰ ਆਖੋ
ਜ਼ਿੰਦਗੀ ਰੰਗਰਲੀਆਂ
ਮਨਾਉਂਣ ਲਈ ਨਹੀਂ ਹੁੰਦੀ
ਤੇ ਨਾ ਹੀ ਮੌਤ ਤੋਂ ਡਰਦਿਆਂ
ਡਰ ਡਰ ਕੇ ਜਿਉਣ ਲਈ ਹੁੰਦੀ ਹੈ।
ਜ਼ਿੰਦਗੀ ਕੁਰਬਾਨੀਆ ਕਰਨ ਲਈ
ਹੱਕਾਂ ਖਾਤਰ ਲੜਨ ਲਈ
ਜ਼ੁਲਮੀ ਦਾ ਗਲਮਾ ਫੜਨ ਲਈ ਵੀ ਹੁੰਦੀ ਹੈ।
ਅੱਜ ਕੱਲ ਉਹ ਬਦੇਸ਼ ਵਿੱਚ ਰਹਿ ਕੇ
ਚੰਗੇ ਦਿਨਾਂ ਦੀ ਉਡੀਕ ਵਿੱਚ ਸੰਘਰਸ਼ ਮਈ ਜੀਵਨ ਬਸਰ ਕਰ ਰਿਹਾ ਹੈ ਤੇ ਕੁੱਝ ਹੱਦ ਤੱਕ ਮੁਸ਼ਕਲਾਂ ਹੱਲ ਵੀ ਕਰ ਲਈਆਂ ਹਨ ,ਘਰ ਵੀ ਕੱਚੇ ਤੋਂ ਪੱਕਾ ਬਣ ਗਿਆ ਹੈ, ਪਰ ਅੰਦਰ ਬਲ੍ਹਦੀ ਰੋਹ ਦੀ ਲਾਟ ਮੱਠੀ ਪੈਣ ਦੀ ਬਜਾਏ ਹੋਰ ਪ੍ਰਚੰਡ ਹੋ ਰਹੀ ਹੈ। ਗ਼ੁਰਬਤ ਦੀ ਜ਼ਿੰਦਗੀ ਜਿਓਂ ਰਹੇ ਲੋਕ ਉਸ ਨੂੰ ਆਪਣੇ ਸਕੇ ਸੋਧਰੇ ਦਿਸਦੇ ਹਨ ਤੇ ਉਹ ਉਨ੍ਹਾਂ ਨੂੰ ਮੁਖ਼ਾਤਬ ਹੋ ਕਹਿੰਦਾ ਹੈ :-
ਸਾਡੇ ਨਾਲ ਸਾਡੇ ਸੁਪਨੇ ਕੀ ਵੱਡੇ ਹੋਏ
ਕਾਂਵਾਂ ਦਾ ਟੋਲਾ ਖਿੱਝ ਗਿਆ,
ਇੱਲ੍ਹਾਂ ਦਾ ਝੁੰਡ ਨੋਚਣ ਲੱਗਿਆ ਸਾਡੇ ਚਾਅਵਾਂ ਨੂੰ
ਹੁਣ ਚੱਲਿਆ ਜਾਵੇ ਇਹਨਾਂ ਦੇ ਪਿੱਛੇ
ਤੇ ਖੋਹ ਲਿਆ ਜਾਵੇ
ਆਪਣੇ ਖੂਨ ਪਸੀਨੇ ਨਾਲ ਕਮਾਈ
ਇਕ ਇਕ ਬੁਰਕੀ ਨੂੰ..।
ਜਸਵੰਤ ਗਿੱਲ ਨੇ ਸੰਘਰਸ਼ ਨੂੰ ਜ਼ਿੰਦਗੀ ਦਾ ਧੁਰਾ ਮੰਨ ਲਿਆ ਹੈ। ਉਹ ਹਰ ਕਵਿਤਾ ਵਿੱਚ ਕੁੱਝ ਨਾ ਕੁੱਝ ਕਰਨ ਦੀ ਗੱਲ ਕਰ ਰਿਹਾ ਹੈ :-
ਮੇਰੀ ਮਹਿਬੂਬ !
ਤੂੰ ਆਪਣੀਆਂ ਅੱਖਾਂ ਵਿੱਚ
ਆਸ ਦੇ ਹੰਝੂ ਸੰਭਾਲ਼ ਕੇ ਰੱਖ
ਮੈਂ ਸੀਨੇ ਦੀ ਚੰਗਿਆੜੀ ਨੂੰ
ਭਾਂਬੜ ਬਣਾਉਂਣ ਦੀ ਕੋਸ਼ਿਸ਼ ਕਰਾਂਗਾ
ਤੇ ਮਾਂ ਨੂੰ ਆਖੀਂ
ਮੇਰਾ ਫ਼ਿਕਰ ਕਰਨਾ ਛੱਡ ਦੇਵੇ
ਮੈਂ ਆਪਣੇ ਫ਼ਿਕਰ ਦੇ ਅਰਥ
ਸਮਾਜ ਵਿੱਚੋਂ ਲੱਭਾਂਗਾ।
ਗੱਲ ਕੀ ਉਸ ਦੀ ਹਰ ਕਵਿਤਾ ਵਿੱਚ ਵਿਰੋਧੀ ਸੁਰ ਭਾਰੂ ਹੈ,ਜੋਂ ਦਰਦਮੰਦਾਂ ਦੇ ਜ਼ਖਮਾਂ ਤੇ ਮਰਹਮ ਲਿਬੜੇ ਫੰਬੇ ਦਾ ਕੰਮ ਕਰਦੀ ਹੈ। ਉਸ ਦੀਆਂ ਲਿਖਤਾਂ ਵਿੱਚ ਖੱਬੇਪੱਖੀ ਸੋਚ ਵੀ ਸਾਫ਼ ਝਲਕ ਦੀ ਹੈ।
ਉਸ ਦੀ ਕਵਿਤਾ ਪਾਸ਼ ਤੇ ਸੰਤ ਰਾਮ ਉਦਾਸੀ ਦੀਆਂ ਕੀਤੀਆਂ ਕੋਸ਼ਿਸ਼ਾਂ ਨੂੰ ਆਸ ਦੀ ਕਿਰਨ ਦਿਖਾਉਂਦੀ ਹੈ ਤੇ ਕਿਤਾਬ ਦੇ ਆਖ਼ਰੀ ਪੰਨੇ ‘ਤੇ ਸੁਰਜੀਤ ਪਾਤਰ ਵਾਂਗ ਇਕ ਸੁਨੇਹਾ ਦਿੰਦਾ ਉਹ ਲਿਖਦਾ ਹੈ:-
ਤੁਸੀਂ ਖ਼ੰਜਰ ਤਿੱਖੇ ਕਰੋ
ਤੁਹਾਡੇ ਕੋਲ਼ ਓਹੀ ਹਨ
ਮੇਰੇ ਕੋਲ ਕਲਮ ਤੇ ਕਾਪੀ ਹੈ
ਮੈਂ ਤੁਹਾਡੇ ਲਈ ਲਿਖਾਂਗਾ
ਕਵਿਤਾ
ਖ਼ੰਜਰ ਤੋਂ ਵੀ ਤਿੱਖੀ…।
ਮੈਂ ਜਸਵੰਤ ਗਿੱਲ ਨੂੰ ਇਨਕਲਾਬੀ ਕਵੀ ਮੰਨਦਾ ਹਾਂ ਤੇ ਆਉਣ ਵਾਲੀਆਂ ਲਿਖਤਾਂ ਦੀ ਉਡੀਕ ਵਿੱਚ ਰਹਾਂਗਾ। ਉਮੀਦ ਕਰਦਾ ਹਾਂ ਉਹ ਇਸੇ ਤਰ੍ਹਾਂ ਦਰਦਮੰਦਾਂ ਦੇ ਦਰਦ ਨੂੰ ਸਮਝਦਾ ਰਹੇਗਾ ਤੇ ਗ਼ੁਰਬਤ ਮਾਰੇ ਲੋਕਾਂ ਦੀ ਰਾਹਨੁਮਾਈ ਕਰਦਾ ਰਹੇਗਾ।
ਮੈਂ ਕਿਤਾਬ “ਜ਼ਿੰਦਗੀ ਦੇ ਪਰਛਾਵੇਂ”
ਨੂੰ ਜੀ ਆਇਆਂ ਕਹਿੰਦਾ ਹਾਂ। ਸ਼ਾਲਾ ਰੌਸ਼ਨ ਦਿਮਾਗ਼ ਸਾਡਾ ਛੋਟਾ ਵੀਰ ਜਸਵੰਤ ਗਿੱਲ
ਏਸੇ ਤਰ੍ਹਾਂ ਮੰਜ਼ਲਾਂ ਸਰ ਕਰਦਾ ਰਹੇ।
ਆਮੀਨ !!
ਜਸਵੰਤ ਰਾਊਕੇ
9988781676
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly