ਕਿਤਾਬ – ਗੂੰਗੀ
ਲੇਖਿਕਾ – ਮਨਪ੍ਰੀਤ ਕੌਰ
ਮੁੱਲ – 200 ਰੁਪਏ
“ਗੂੰਗੀ” ਨਾਵਲ ਵੀ ਹੈ, ਕਹਾਣੀ ਵੀ, ਸਵੈਂ ਜੀਵਨੀ ਵੀ ਤੇ ਸਫ਼ਰਨਾਮਾ ਵੀ। ਪਰ ਆਪਾਂ ਇਸ ਨੂੰ ਨਾਵਲ ਦਾ ਨਾਮ ਦੇਵਾਂਗੇ।
“ਗੂੰਗੀ” ਕਿਤਾਬ ਮਨਪ੍ਰੀਤ ਕੌਰ ਦੁਆਰਾ ਲਿਖੀ ਗਈ ਹੈ। ਲੇਖਿਕਾ ਦੁਆਰਾ ਇਸ ਕਿਤਾਬ ਵਿੱਚ ਸਰਵਪੱਖੀ ਕਲਾ ਦਾ ਮੁਜ਼ਾਹਰਾ ਕੀਤਾ ਗਿਆ ਹੈ। ਇਹ ਕਿਤਾਬ ਦਰਸਾਉਂਦੀ ਹੈ ਕਿ ਅੱਜ ਦੇ ਲੇਖਕ ਕਿੰਨੀ ਗੰਭੀਰਤਾ ਨੂੰ ਵੀ ਸਰਲਤਾ ਨਾਲ ਲਿਖਦੇ ਹਨ।
ਅਗਰ ਕਿਤਾਬ ਦੀ ਗੱਲ ਕਰੀਏ ਤਾਂ ਸਰਵਰਕ ਹੀ ਬਹੁਤ ਦਿਲ ਖਿੱਚਵਾ ਹੈ। ਕਿਤਾਬ ਦੀ ਗੁਣਵੱਤਾ ਕਮਾਲ ਦੀ ਹੈ। ਇਸ ਕਿਤਾਬ ਨੂੰ ਕਿਤਾਬ ਆਰਟ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ।
ਕਿਤਾਬ ਨੂੰ ਪੜ੍ਹਨ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ, ਸਮਰਪਣ ਕੁਦਰਤ ਦੀ ਸਭ ਤੋਂ ਸੋਹਣੀ ਰਚਨਾ ਔਰਤ।
ਅੱਗੇ ਦੇਖਿਆ ਕੋਈ “ਦੋ ਸ਼ਬਦ” ਨਹੀਂ, ਕਿਸੇ ਵੀ ਲੇਖਕ ਦੁਆਰਾ ਦਿੱਤਾ ਕੋਈ ਪ੍ਰਤੀਕਰਮ ਨਹੀਂ, ਸਿੱਧਾ ਨਾਵਲ ਸ਼ੁਰੂ ਹੁੰਦਾ ਹੈ। ਪਹਿਲੇ ਸਫ਼ੇ ਤੋਂ ਹੀ ਅਹਿਸਾਸ ਹੋਇਆ ਕਿ ਮਨਪ੍ਰੀਤ ਨੇ ਲਿਖਣ ਦੀ ਸ਼ੁਰੂਆਤ ਸਮੇਂ ਸਿਮਰ ਦੋਰਾਹੇ ਦੀ ਕਿਤਾਬ “ਸਮਾਨ” ਤਾਜ਼ਾ-ਤਾਜ਼ਾ ਪੜ੍ਹੀ ਹੋਈ ਲੱਗਦੀ ਹੈ ਪਰ ਹੋਲੀ-ਹੋਲੀ ਇਹ ਨਕਲ ਦੂਰ ਹੁੰਦੀ ਗਈ ਤੇ ਲੇਖਿਕਾ ਆਪਣੇ ਸ੍ਰੇਸ਼ਠ ਰੂਪ ਵਿੱਚ ਲਿਖਣ ਲੱਗਦੀ ਹੈ।
ਇਸ ਕਿਤਾਬ ਵਿੱਚ ਮਨਪ੍ਰੀਤ ਕੌਰ ਦੁਆਰਾ ਜਿਸ ਤਰ੍ਹਾਂ ਆਪਣੀ ਜ਼ਿੰਦਗੀ ਦੀ ਹਕੀਕਤ ਬਿਆਨ ਕਰਦੇ-ਕਰਦੇ ਸਮਾਜ ਦੁਆਰਾ ਪੀੜਤ ਇੱਕ ਔਰਤ ਦੀ ਕਹਾਣੀ ਪੇਸ਼ ਕੀਤੀ ਗਈ ਉਹ ਕਾਬਿਲੇ ਤਾਰੀਫ ਹੈ।
ਸਾਰੀ ਕਹਾਣੀ ਹਰਜੀਤ ਨਾਮਕ ਪਾਤਰ ਦੇ ਇਰਦ-ਗਿਰਦ ਹੈ। ਹਰਜੀਤ ਪਾਤਰ ਜ਼ਰੀਏ ਦੱਸਿਆ ਗਿਆ ਹੈ ਕਿ ਇੱਕ ਮਜ਼ਬੂਰ ਔਰਤ ਨੂੰ ਸਮਾਜ ਦੀਆਂ ਕਿੰਨੀਆਂ ਸਾਰੀਆਂ ਕੁਰੀਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇੱਕ ਮਜ਼ਬੂਰ ਔਰਤ ਗੂੰਗੀ ਦੀ ਤਰ੍ਹਾਂ ਹੁੰਦੀ ਹੋਈ ਹੈ ਜੋ ਸਭ ਕੁੱਝ ਜਾਣਦੇ ਹੋਏ ਵੀ ਕੁੱਝ ਨਹੀਂ ਬੋਲ ਸਕਦੀ, ਉਸ ਨੂੰ ਆਪਣੇ ਪਰਿਵਾਰ ਦੇ ਲਾਲਚ, ਹਵਸ਼ ਵਿੱਚ ਅੰਨ੍ਹੇ ਹੋਇਆ ਦਾ ਸ਼ਿਕਾਰ ਬਣਨਾ ਪੈਂਦਾ ਹੈ। ਇੱਕ ਮਜ਼ਬੂਰ ਔਰਤ ਜਿਸ ਤਰ੍ਹਾਂ ਹਰ ਵੇਲੇ ਧੋਖੇ ਦਾ ਸ਼ਿਕਾਰ ਹੁੰਦੀ ਹੈ ਉਹ ਵੀ ਤੁਹਾਨੂੰ ਹਰਜੀਤ ਦੱਸਦੀ ਹੋਈ ਨਜ਼ਰ ਆਵੇਗੀ।
ਮਨਪ੍ਰੀਤ ਨੇ ਇਸ ਨਾਵਲ ‘ਚ ਇੱਕ ਵੀ ਤੱਥ ਵਿਚਾਲੇ ਨਹੀਂ ਛੱਡਿਆ ਹਰ ਇੱਕ ਪਹਿਲੂ ਨੂੰ ਕਿਨਾਰੇ ‘ਤੇ ਲਾਇਆ ਹੈ। ਪਹਿਲਾਂ ਲੰਘਿਆ ਅਧੂਰਾ ਦ੍ਰਿਸ ਬਾਦ ‘ਚ ਪੂਰਾ ਹੋ ਕੇ ਤੁਹਾਡੇ ਸਾਹਮਣੇ ਖੜਾ ਹੋਵੇਗਾ। ਲਿਖਣ ਸ਼ੈਲੀ ਵੀ ਕਮਾਲ ਦੀ ਹੈ, ਬੋਲਣ ਸ਼ੈਲੀ ਨੂੰ ਲਿਖਣ ਸ਼ੈਲੀ ਵਿੱਚ ਹੂਬਹੂ ਤਬਦੀਲ ਕੀਤਾ ਗਿਆ ਹੈ। ਮਨਪ੍ਰੀਤ ਦੁਆਰਾ ਸਾਡੇ ਸਮਾਜ ਦੀਆਂ ਹੋਰ ਸਮੱਸਿਆਵਾਂ ਨੂੰ ਵੀ ਉਜਾਗਰ ਕੀਤਾ ਗਿਆ ਹੈ ਜਿਸ ‘ਚ ਬੇਰੁਜ਼ਗਾਰੀ ਦੀ ਸਮੱਸਿਆ ਮੁੱਖ ਰੂਪ ਵਿੱਚ ਸਾਮਲ ਹੈ। ਮਨਪ੍ਰੀਤ ਕੌਰ ਨੇ ਜਿਸ ਬੇਬਾਕੀ ਨਾਲ ਲਿਖਿਆ ਹੈ ਉਹ ਵੀ ਪ੍ਰਸੰਸਾ-ਯੋਗ ਹੈ। ਤੁਹਾਨੂੰ ਕਿਤਾਬ ਤੋਂ ਪਹਿਲਾਂ ਮਨਪ੍ਰੀਤ ਕੌਰ ਨੂੰ ਕਿਤੇ ਸਵਾਲਾਂ ਦੇ ਜਵਾਬ ਵੀ ਇਸ ਕਿਤਾਬ ‘ਚੋ ਹੀ ਮਿਲ ਜਾਣਗੇ। ਵਿੱਚ ਜਹੇ ਮੇਰੇ ਨਾਲ ਹੋਈ ਵਾਰਤਾਲਾਪ ਦਾ ਵੀ ਜ਼ਿਕਰ ਹੈ।
ਕੁੱਲ ਮਿਲਾ ਕੇ ਕਿਤਾਬ ਸਾਰੀਆਂ ਕਸੌਟੀਆਂ ‘ਤੇ ਖੜੀ ਉਤਰਦੀ ਹੈ। ਹਾਂ, ਅੱਖਰ ਗਲਤੀ ਬਹੁਤ ਘੱਟ ਦੇਖਣ ਨੂੰ ਮਿਲੇਗੀ ਜੋ ਕਿ ਪੰਜਾਬੀ ਸਾਹਿਤ ਦੇ ਆਉਣ ਵਾਲੇ ਸਮੇਂ ਲਈ ਸ਼ੁਭ ਸੰਕੇਤ ਹੈ। ਤੁਹਾਨੂੰ ਇੱਕ ਵਾਰ “ਗੂੰਗੀ” ਨਾਮਕ ਕਿਤਾਬ ਜ਼ਰੂਰ ਪੜ੍ਹਨੀ ਚਾਹੀਦੀ ਹੈ। ਇੱਕ ਵਾਰੀ ਪੜ੍ਹੀ ਇਹ ਕਿਤਾਬ ਕਈ ਦਿਨਾਂ ਤੱਕ ਤੁਹਾਡੇ ਜ਼ਹਿਨ ‘ਚੋਂ ਨਹੀ ਜਾਵੇਗੀ। ਇਸ ਵਧੀਆ ਲਿਖਤ ਲਈ ਮਨਪ੍ਰੀਤ ਕੌਰ ਨੂੰ ਮੁਬਾਰਕਬਾਦ ਤੇ ਅਗਾਂਹ ਲਈ ਸ਼ੁਭਕਾਮਨਾਵਾਂ।
ਜੋਬਨ ਖਹਿਰਾ
8872902023
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly