ਪੁਸਤਕ ਸਮੀਖਿਆ

(ਸਮਾਜ ਵੀਕਲੀ
ਯਥਾਰਥਵਾਦੀ ਕੈਨਵਸ ‘ਤੇ ਰਹੱਸਵਾਦੀ ਸਿਧਾਂਤ – ਪੁਨਰ-ਜਨਮ
ਪੁਸਤਕ  : ਤਾਜੀਬਾ – ਨਾਵਲ ( ਚਹੁੰ ਜਨਮਾਂ ਦੀ ਦਾਸਤਾਨ )
ਲੇਖਿਕਾ : ਦਿਲਪ੍ਰੀਤ ਗੁਰੀ
ਸਰਵਰਕ: ਦ ਕਿਤਾਬ ਆਰਟ ਪਟਿਆਲਾ
ਪ੍ਰਕਾਸ਼ਕ : ਆਨ ਲਾਇਨ ਕਿਤਾਬ ਘਰ ਐਡੀਸ਼ਨ : 2024
ਪੰਨੇ : ਪੂਰੇ 100 ਮੁੱਲ : 249 / –                    ਸਮੀਖਿਆਕਾਰ : ਹਰੀਸ਼ ਗਰੋਵਰ ( ਡਾ. )
ਕੁਲ ਸਮੀਖਿਅਕ ਸ਼ਬਦ : 1400
ਥੀਮਿਕ ਬਿਰਤਾਂਤ –
ਡਾ. ਹਰਿਭਜਨ ਸਿੰਘ ਦੇ ਵਿਚਾਰ ਅਨੁਸਾਰ: ਥੀਮ ਨਾ ਵਾਸਤਵਿਕ ਤੱਤ ਹੈ ਨਾ ਭਾਸ਼ਕ ਬਣਤਰ, ਥੀਮ ਸਾਹਿਤਕ ਹੋਂਦ ਹੈ। ਥੀਮ ਦੀ ਸਭ ਤੋਂ ਆਮ ਸਮਕਾਲੀ ਸਮਝ ਇੱਕ ਕਹਾਣੀ ਦਾ ਕੇਂਦਰੀ ਵਿਚਾਰ ਜਾਂ ਸੰਕਲਪ ਹੁੰਦਾ ਹੈ ਜਿਸ ਨੂੰ ਅਕਸਰ ਇੱਕ ਸ਼ਬਦ (ਉਦਾਹਰਨ ਲਈ ਪਿਆਰ, ਮੌਤ, ਧੋਖਾ) ਵਿੱਚ ਸੰਖੇਪ ਕੀਤਾ ਜਾ ਸਕਦਾ ਹੋਵੇ।
ਨਾਵਲ ਦੀ ਨਾਇਕਾ ‘ ਤਾਜੀਬਾ ‘ ਦੇ ਚਹੁੰ ਜਨਮਾਂ ਦੀ ਦਾਸਤਾਨ , ਇੱਕ ਵਿਲੱਖਣ ਪਿਆਰ ਕਹਾਣੀ ਹੈ ,ਜੋ ਸੁਪਨਿਆਂ ਨੂੰ ਆਧਾਰ ਬਣਾ ਕੇ ਪੁਨਰ-ਜਨਮ ਦੇ ਸਿਧਾਤਾਂ ਦਾ ਸਵੈ – ਬਿਰਤਾਂਤ ਹੈ ਕਿ ਦਿਲੀਂ ਮੁੱਹਬਤ ਹੀ ਖੁਦਾਈ ਹੈ। ਮਹਿਬੂਬ ਤੇ ਮਹਿਬੂਬਾ ਵਲੋਂ ਤਨੋਂ, ਮਨੋਂ , ਧਨੋਂ ਕੀਤੀ ਗਈ ਮੁੱਹਬਤ ਤੇ ਮੁੱਹਬਤ ਦਾ ਇਜ਼ਹਾਰ , ਉਹ ਵੀ ਇੱਕ ਉੱਚ ਫ਼ਕੀਰ ਅੱਗੇ ਮੁਹੱਬਤ ਨਿਭਾਉਣ ਦੇ ਵਾਅਦੇ…  ਇਹ ਹੀ ਜਨਮ ਦਰ ਜਨਮ ਦੀ ਸਿਧਾਂਤਕ ਵਿਚਾਰਧਾਰਾ ਨਾਵਲੀ ਮਾਡਲ ਹੈ,
       ” ਮੁੱਹਬਤ ਫ਼ਕੀਰੀ ਏ, ਤੇ ਫ਼ਕੀਰੀ ਮੁੱਹਬਤ “
   ਪੰਨਾ/ 66
ਨਾਵਲ ਦੀ ਰਚਨਾ ਵਸਤੂ-ਜਗਤ ਦੇ ਅਨੁਭਵ ਤੋਂ ਪ੍ਰੇਰਿਤ ਹੋਣ ਦੇ ਬਾਵਜੂਦ ਇਹ ਇੱਕ ਅਰਧ ਯਥਾਰਥ ਹੈ ਅਤੇ ਅਰਧ ਕਲਪਿਤ ਸੰਸਾਰ ਹੈ। ਇਹ ਨਾਵਲ ਭੌਤਿਕ ਵਸਤੂ ਤੋਂ ਅਸਲ ਵਸਤੂ ਤੱਕ ਦੀ ਯਾਤਰਾ ਹੈ, ਜਿਸ ਦੇ ਦਰਮਿਆਨ ਸਭ ਕਲਾ ਹੈ। ਨਾਇਕਾ ਦਾ ਗਿਆਨ ਸਿਖ਼ਰ ਹੈ। ਤਾਜੀਬਾ ਤੇ ਸ਼ਹਿਜ਼ਾਦੇ ਦਾ ਸੰਵਾਦ ,
    ” ਕੁਦਰਤ ਦਾ ਆਧਾਰ ਏ ਮੁਹੱਬਤ , ਹਰ ਕਣ ‘ਚ ਮੌਜੂਦ ਏ। ਇਹ ਅਧੂਰੀ ਨਹੀਂ ਹੁੰਦੀ ਬਲਕਿ ਪੂਜੀ ਜਾਂਦੀ ਏ। ਮਹਿਰਮ ਖ਼ੁਦਾ ਹੁੰਦਾ ਏ। ਫ਼ਰਜ਼, ਕਰਜ਼, ਦਰਦ ਤੇ ਮਰਜ਼ ਤੋਂ ਭੱਜਣਾ ਨਹੀਂ ਚਾਹੀਦਾ।”                                                            ਪੰਨਾ/ 58
ਰੀਤ ਤੇ ਰੁਪਿੰਦਰ ਉਰਫ਼ ਰੂਪ ਸਕੂਲੀ ਸਮੇਂ ਦੀਆਂ ਸਹੇਲੀਆਂ ਹਨ।ਪਰ ਦੋਵਾਂ ਦਾ ਦੁਬਾਰਾ ਮੇਲ ਜੋਲ ਗ੍ਰਹਿਸਤੀ ਜੀਵਨ ‘ਚ ਹੁੰਦਾ ਹੈ, ਉਹ ਵੀ ਮੋਬਾਇਲ ਕਾਲ ‘ਤੇ …  ਦੋਂਵੇਂ ਹੀ ਉੱਚ ਮੱਧ ਸ਼੍ਰੇਣੀ ਸਿੱਖ ਪਰਿਵਾਰ ‘ਚੋਂ ਹਨ। ਪਰ ਰੂਪ ਮਾਨਸਿਕ ਤੌਰ ‘ਤੇ ਅਸਧਾਰਣ ਕੁੜੀ ਹੈ। ਲੇਖਿਕਾ ਦੀ ਨਾਵਲੀ ਗੋਂਦ ਕਿ ਰੂਪ ਦੀ ਅਸਧਾਰਣ ਮਾਨਸਿਕ ਸਥਿੱਤੀ ( Mental Abnormal ) ਤੋਂ ਸ਼ੁਰੂ ਹੁੰਦੀ ਹੈ ਬੇਸ਼ੱਕ ਸਮਾਜ ਅਜਿਹੀ ਮਾਨਸਿਕਤਾ ਨੂੰ ਤਣਾਅ ( dipression ) ਕਹਿੰਦਾ ਹੈ। ਪਰ ਲੇਖਿਕਾ ਰੀਤ ਬਣ ਉਸਦੇ ਅੰਦਰਲੀ ਉਦਾਸੀ ਨੂੰ ਸਮਝਦੀ ਹੈ। ਰੂਪ ਦੀ ਉਦਾਸੀ, ਉਸਦੀ ਉਪਰਾਮਤਾ ਹੈ ਕਿ ‘ ਉਹ ‘ ਕੌਣ ਹੈ ! ਉਹ ਆਪਣੇ ਜੀਵਨ ਰਹੱਸ ਨੂੰ ਜਾਣਨਾ ਚਾਹੁੰਦੀ ਹੈ। ਇਸੇ ਲਈ ਉਸਦੇ ਮਨ ਅੰਦਰ ਕਿਸੇ ਵੀ ਰਿਸ਼ਤੇ ਪ੍ਰਤਿ ਮੋਹ ਨਹੀ ! ਨਾ ਹੀ ਪਤੀ ਲਈ, ਨਾ ਹੀ ਬੱਚੇ ਲਈ  … ਤੇ ਨਾ ਹੀ ਖੁਦ ਲਈ ! ਸਰੀਰਕ ਤੌਰ ‘ਤੇ ਸਿਹਤ ਦਾ ਤਵਾਜ਼ਨ ਅਕਸਰ ਹੀ ਵਿਗੜਿਆ ਰਹਿੰਦਾ ਹੈ। ਲੇਖਿਕਾ ਨੇ ਪੁਨਰ-ਜਨਮ ਚੇਤਨਾ ਦੀ ਗੋਂਦ ਨੂੰ ਤਲਬ ਚੇਤਨਾ ਦੇ ਸਫ਼ਰ ਤੋਂ ਸ਼ੁਰੂ ਕਰਕੇ ਮੀਰਾ ਚੇਤਨਾ ਦੀ ਮੰਜ਼ਿਲ ਤੱਕ ਪਹੁੰਚਣ ਦਾ ਕਥਨ ਕੀਤਾ।
ਸੁਪਨਿਆਂ ਦਾ ਸੰਕਲਪ :
ਪੁਸਤਕ  ” ਲੈਂਡਸਕੇਪ ਆਫ਼ ਦ ਨਾਈਟ ‘ ਵਿੱਚ, ਬ੍ਰਿਟਿਸ਼ ਕ੍ਰਿਸਟੋਫਰ ਇਵਾਨਸ ਕਹਿੰਦੇ ਹਨ। ‘ ਸੁਪਨੇ ਚੇਤਨਾ ਨੂੰ ਜਗਾਉਣ ਲਈ ਇੱਕ ਨਿਰੰਤਰਤਾ ਦੀ ਸ਼ੁਰੂਆਤ ਹਨ। “
ਸ੍ਰਿਸ਼ਟੀ ਵਿੱਚ ਸੁਪਨਿਆਂ ਦੀ ਦਾਤ ਮਨੁੱਖੀ ਜਾਮੇ ਵਿੱਚ ਹੀ ਹੈ। ਬੇਸ਼ਕ ਸਪਨਿਆਂ ‘ਚ ਅਕਲ ਬੰਦਿਸ਼ ਨਹੀਂ ਰਹਿੰਦੀ ਪਰ ਸੁਪਨੇ ਮਨੁੱਖ ਦੀਆਂ ਪੰਜ ਗਿਆਨ ਇੰਦਰੀਆਂ ਵਿੱਚੋਂ ਹੀ ਇੱਕ ਰਸਤਾ ਹੈ ,ਜਿਸ ਰਾਹੀਂ ਸੁਪਨਾ ਅਵਚੇਤਨ ਹੀ ਪ੍ਰਵੇਸ਼ ਕਰਦਾ ਹੈ ਜੋ ਕਿ ਕਿਸੇ ਨਾ ਕਿਸੇ ਰੂਪ ਵਿੱਚ ਤਿੰਨੋ ਕਾਲ ਭੂਤ ਭਵਿੱਖ ਅਤੇ ਵਰਤਮਾਨ ਦਾ ਸੂਚਕ ਤੇ ਸੁਨੇਹਾ ਵੀ ਹੈ। ਸੁਪਨਿਆਂ ਰਾਹੀਂ ਭਵਿੱਖਬਾਣੀ ਵੀ ਕੀਤੀ ਜਾਂਦੀ ਹੈ। ਸੁਪਨੇ ਮਨੁੱਖੀ ਜੀਵਨ ਦੀ ਯਥਾਰਥਵਾਦੀ ਵਿਆਖਿਆ ਦਿੰਦੇ ਹਨ। ਸਵੈਟ ਮਾਰਡਨ ਦੇ ਇਸ ਮਨੋਵਿਗਿਆਨ ਨੂੰ ਲੇਖਿਕਾ ਨੇ ਆਪਣੀ ਸਿਰਜਣਾ ‘ਚ ਪ੍ਰਤੱਖ ਕਰ ਵਿਖਾਇਆ। ਉਦਾਹਰਣ ਨਾਇਕਾ ਰੂਪ ਦੇ ਲਿਖ ਕੇ ਭੇਜੇ ਗਏ ਸੁਪਨੇ ਨੂੰ ਰੀਤ ਆਪਣੇ ਪਤੀ ਗੁਰਮੀਤ ਨੂੰ ਦੱਸਦੀ ਹੋਈ,” ਦੂਜੀ ਵਾਰ ਉਸਨੇ ਲਿਖਿਆ ਕਿ ਅੱਜ ਜੋ ਦੇਖਿਆ, ‘ਉੱਥੇ ਇਕ ਪਾਸੇ ਕੱਚੇ ਕੋਠੇ ਹਨ ਪਰ ਅਜੀਬ ਗੱਲ ਇਹ ਸੀ ਕਿ ਜਿਵੇਂ ਉਨ੍ਹਾਂ ‘ਚ ਕੋਈ ਰਹਿੰਦਾ ਹੀ ਨਾ ਹੋਵੇ। ਘਰਾਂ ਦੀਆ ਕੰਧਾਂ ਕੱਚੀਆਂ ਹਨ ਪਰ ਚਾਰ ਦੀਵਾਰੀ ਜਾਂ ਕੋਈ ਗੇਟ ਨਹੀਂ। ਮੀਂਹ ਪੈ ਰਿਹਾ ਤੇ ਘਰਾਂ ਦਾ ਪਾਣੀ ਥੱਲੇ ਨੂੰ ਆਣ ਡੂੰਘੀ ਥਾਂ ‘ਤੇ ਪੈ ਰਿਹਾ ਜਿਵੇਂ ਕੋਈ ਛੱਪੜ ਹੋਵੇ ਪਰ ਏਨੀ ਡੂੰਘੀ ਜਗ੍ਹਾ ਮੈਂ ਕਦੇ ਆਪਣੀ ਜ਼ਿੰਦਗੀ ਵਿੱਚ ਨਹੀਂ ਦੇਖੀ।”
          ਪੰਨਾ/ 31ਸੁਪਨਾ ,ਸੱਚ ਤੇ ਸਰਾਪ :
” ਸੁਪਨੇ ਦੀ ਸੱਚਾਈ ਸਾਹਮਣੇ ਆਈ ਤੇ ਫਿਰ ਪ੍ਰੀਤ ਬਾਰੇ ਵੀ ਪਤਾ ਲੱਗ ਗਿਆ ਤੇ ਅੰਤ ਇਕ ਹੋਰ ਇਨਸਾਨ ਮਿਲਿਆ, ਜਿਸਨੂੰ ਮਿਲ ਕੇ ਇਸ ਨੇ ਮੁਕਤ ਹੋਣ ਦੀ ਗੱਲ ਕਹੀ। ਉਹ ਆਦਮੀ, ਜੋ ਰੂਪ ਦੀ ਲਿਖਤ ਪੜ੍ਹ ਕੇ ਉਸਨੂੰ ਮਿਲਣ ਆਇਆ, ਅਸਲ ਵਿਚ ਇਹ ਸਰਾਪ ਦੇਣ ਵਾਲੀ ਉਹੀ ਕੁੜੀ ਹੈ, ਜਿਸਦੇ ਤਰਸ ‘ਚ ਨਿਕਲੇ ਬੋਲਾਂ ਨੇ ਰੂਪ ਨੂੰ ਸਰਾਪ ਤੋਂ ਮੁਕਤ ਕਰ ਦਿੱਤਾ। ”                        ਪੰਨਾ/ 91
ਰੂਪ ਨੇ ਆਏ ਸੁਪਨੇ ਨੂੰ ਲਿਖਕੇ ਰੀਤ ਨੂੰ ਭੇਜਣਾ , ਰੀਤ ਨੇ ਆਪਣੇ ਪਤੀ ਨਾਲ ਸਾਂਝਾ ਕਰਨਾ। ਪਤੀ ਗੁਰਮੀਤ ਨੂੰ ਸੁਪਨੇ ਵਾਲੀਆਂ ਥਾਵਾਂ ਵੇਖੀਆਂ ਲੱਗਣ ਕਰਨ ਆਪਣੇ ਵੱਡੇ ਭਰਾ( ਤਾਏ ਦੇ ਲੜਕੇ) ਨਾਲ ਮੋਬਾਇਲ ‘ਤੇ ਗੱਲ ਕਰਨੀ , ਜੋ ਉਸ ਥਾਂ ਦੇ ਨੇੜੇ ਪਿੰਡ ਰਹਿੰਦਾ ਸੀ। ਉਸਨੇ ਕੀਤੀ ਖੋਜ ਦੀ ਗੱਲ ਗੁਰਮੀਤ ਨੂੰ ਦੱਸਣੀ…  ਲੇਖਿਕਾ ਦੇ ਵਾਰਤਾਲਾਪ ਚੋਂ , ਚਾਰ ਜਣਿਆਂ ਦੀ ਖੋਜ ਸਿੱਟੇ ਨਾਲ ਕੀਤੀ ਗਈ ਸੁਪਨਿਆਂ ਦੀ ਵਿਆਖਿਆ ਲਈ ਨਾਵਲ ਚੋਂ ਕੁਝ ਚੋਣਵੀਆਂ ਸਤਰਾਂ ਪੇਸ਼ ਹਨ ;
  – ਖੋਜ ਕਰਨ ਤੋਂ ਰੀਤ ਦੇ ਪਤੀ ਨੇ ਸੁਪਨੇ ਦਾ ਸੱਚ ਦੱਸਿਆ ਕਿ
  – ਭਾਅ ਜੀ ਦਾ ਜਨਮ 1968 ਦਾ ਹੈ।
  – ਇਹ ਸੁਪਨੇ ਸੰਨ 1980 ਤੋਂ ਪਹਿਲਾਂ ਦੇ ਪੰਜਾਬੀ ਲੋਕਾਂ ਨਾਲ     ਸਬੰਧਿਤ ਹਨ। ਪਰ ਇਹ 2018 ਚੱਲ ਰਿਹਾ ਸੀ।
  – ਦੂਜੇ ਸੁਪਨੇ ‘ਚ ਜੋ ਕੱਚੇ ਘਰਾਂ ਤੇ ਡੂੰਘੀ ਥਾਂ ਦਾ ਜ਼ਿਕਰ ਏ , ਉਹ
    ਮਕਾਨ ਲੋਕ ਛੱਡ ਗਏ ਸਨ ਤੇ ਉੱਥੇ ਵੱਡਾ ਛੱਪੜ ਸੀ।
                                       ਪੰਨਾ/ 33  ਤੋਂ 36
” ਉਸਨੇ ਫ਼ਕੀਰ ਤੇ ਫ਼ਰਿਸ਼ਤੇ ਨੂੰ ਇਨਸਾਨੀ ਰੂਪ ‘ਚ ਹਰ ਜਨਮ ਮਹਿਬੂਬ ਬਣਨ ਤੇ ਮਿਲਾਪ ਤੋਂ ਪਹਿਲਾਂ ਵਿਛੜਨ ਦਾ ਸਰਾਪ ਦੇ ਦਿੱਤਾ, ਜੋ ਉਸਨੇ ਆਪਣੇ ਮਨ ਵਿੱਚ ਦਿੱਤਾ ਸੀ। ਫ਼ਕੀਰ ਤੇ ਫ਼ਰਿਸ਼ਤੇ ਨੂੰ ਸਮਝ ਆ ਗਿਆ ਸੀ ਇਸ ਦਾ ਦਿਲ ਦੁਖਿਆ ਹੈ ਤੇ ਇਹ ਵੈਰਾਗ ਵਿੱਚ ਆ ਕੇ ਸਰਾਪ ਦੇ ਰਹੀ ਹੈ। ਇਹ ਭੁਗਤਣਾ ਈ ਪੈਣਾ ਹੈ।”
                    ਪੰਨਾ/ 88
ਅਤਕਥਨੀ ਨਹੀਂ ਕਿ ਲੇਖਿਕਾ ਦੀ  ਮਨੋਵਿਗਿਆਨਕ ਪਹੁੰਚ ਪੂਰੀ ਹੈ। ਸੁਪਨਾ ਤੇ ਸੁਪਨੇ ਦਾ ਸਮਾਂ,ਖੋਜ ਕਰਤਾ ਤੇ ਸੁਪਨੇ ਦੀ ਵਿਆਖਿਆ ਟੀਮ ਵਰਕ ਰਾਹੀਂ, ਉਪਰੋਕਤ ਅਜਿਹੀਆਂ ਕਈ ਉਦਾਹਰਣਾਂ ,ਨਾਵਲ ਵਿਚ ਹੋਰ ਵੀ ਹਨ।
ਆਵਾਗਮਨ ਦਾ ਸੰਕਲਪ  ;
‘ ਖ਼ਾਨ ਬਾਬੇ ਨੇ ਕਿਹਾ,
” ਮਿੱਟੀ ਬਦਲ-ਬਦਲ ਆਵੇ, ਨਿਭੇ ਏਕੋ ਏਹੋ ਖੁਦਾਈ ਕੀ ਰੀਤ “
ਮੇਰੇ ਤਾਂ ਕੁੱਝ ਸਮਝ ਨਾ ਪਿਆ ਪਰ ਰੂਪ ਨੇ ਕਿਹਾ, “ਬਾਬਾ ਇਹ ਤਾਂ ਸੱਚ ਹੈ ਕਿ ਆਤਮਾ ਨਹੀਂ ਖ਼ਤਮ ਹੁੰਦੀ, ਸਰੀਰ ਖ਼ਤਮ ਹੁੰਦਾ ਤੇ ਆਤਮਾ ਹੋਰ ਸਰੀਰ ‘ਚ ਫਿਰ ਜਨਮ ਲੈ ਲੈਂਦੀ ਹੈ।’ਉਪਰੋਕਤ ਸਾਰੇ  ਦ੍ਰਿਸ਼ਟੀਕੋਣ ਤੇ ਵਿਚਾਰਧਾਰਾ ਨੂੰ ਮੁੱਖ ਰਖਦਿਆਂ, ਸਿਰਜਣਾ ਵੀ ਵਿਚਲੀ ‘ ਚੰਹੁ ਜਨਮਾਂ ਦੀ ਦਾਸਤਾਨ ਇੰਜ ਹੈ –
                 ਪਹਿਲਾ ਜਨਮ  – ਫ਼ਕੀਰ ਤੇ ਫ਼ਰਿਸ਼ਤਾ
                 ਦੂਜਾ ਜਨਮ     – ਮਾਰੀਆ ਤੇ ਡੇਵਿਡ
                 ਤੀਜਾ ਜਨਮ    – ਤਜੀਬਾ ਤੇ ਸ਼ਹਿਜ਼ਾਦਾ
                 ਚੌਥਾ ਜਨਮ     – ਰੂਪ ਤੇ ਪ੍ਰੀਤ
              ਪੰਨਾ/ 90
ਕਾਮਨਾ ਵਿਰੋਧੀ ਵਾਕ , ਬਦਦੁਆ, ਫਿਟਕਾਰ ਤੇ ਦੁਰਸੀਸ ਹੀ ਸਰਾਪ ਹੈ। ਕਿਸੇ ਪੀਰ ਫ਼ਕੀਰ ਦੇ ਮੁਖਾਰਬਿੰਦ ‘ਚੋਂ ਨਿਕਲੀ ਬਦਦੁਆ ਇੱਕ ਵੱਡਾ ਸਰਾਪ ਹੈ। ਕਈ ਵਾਰ ਸਰਾਪ ਵਰ ਵੀ ਬਣ ਜਾਂਦਾ ਹੈ! ਮੌਤ ਜਾਂ ਮੁਕਤੀ ਦਾ ਕਾਰਨ ਵੀ ! ਆਉਣ ਜਾਣ ਦੀ ਕਿਰਿਆ ਆਗਮਨ ਤੇ ਗਮਨ,ਜਨਮ ਮਰਣ,  ਪੈਦਾ ਹੋਣਾ ਤੇ ਮਰਨਾ ਅਰਥਾਤ ਆਵਾਗਮਨ, ਜੀਵਾਤਮਾ ਦਾ ਸ਼ੁਭ ਅਸ਼ੁਭ ਕਰਮਾ ਦੇ ਫਲ ਭੋਗ ਕੇ ਜੀਵ ਅਜੀਬ ਆਦਿ ਮੁਕਤੀ ਪ੍ਰਾਪਤ ਕਰ ਕੇ ਸਦਾ ਲਈ ਆਵਾਗਮਨ ਤੋਂ ਰਹਿਤ ਹੋ ਜਾਂਦਾ ਹੈ।
ਰੂਪਕ ਪੱਖ :
ਸਿਰਲੇਖ ਨੂੰ ਵੇਖ ਕੇ ਹੀ,ਪਾਠਕਾਂ ਦੀ ਜਗਿਆਸਾ ਜਾਗਦੀ ਹੈ ਕਿ ਤਜੀਬਾ-ਅੰਦਰ,’ ਚਹੁੰ ਜਨਮਾਂ ਦੀ ਦਾਸਤਾਨ ‘ ਕੀ ਹੈ ! ਪਾਠਕਾਂ ਅੰਦਰ ਜਗਿਆਸਾ ਪੈਦਾ ਕਰਨਾ ਹੀ ਨਾਵਲ ਕਲਾ ਹੈ। ਨਾਵਲ ਦੀ ਸਾਰੀ ਅਲੌਕਿਕ ਕਹਾਣੀ ਆਪਸੀ ਰਿਸ਼ਤਿਆਂ ਦੀ ਸਾਂਝ ਹੈ। ਦੋ ਸਹੇਲੀਆਂ ਰੀਤ – ਪ੍ਰੀਤ ,ਪਤੀ ਤੇ ਪਤਨੀ ਯਾਨਿ ਰੀਤ ਤੇ ਗੁਰਮੀਤ, ਦੋ ਭਰਾ ਗੁਰਮੀਤ ਤੇ ਭਾਅ ਜੀ , ਰੂਪ ਤੇ ਰਾਜਵੀਰ , ਤਾਬੀਜਾ ਤੇ ਸ਼ਹਿਜ਼ਾਦਾ, ਫ਼ਕੀਰ ਤੇ ਕੁੜੀ ਆਦਿ। ਰਹੱਸ ਦੇ ਨਾਲ ਪਰਿਵਾਰਕ ਕਹਾਣੀ ਸੋ ਰਿਸ਼ਤਿਆਂ ਦੇ ਰੁਤਬੇ ਨੂੰ ਮੱਧੇ ਨਜ਼ਰ ਰੱਖ ਕੇ ਸਰਲ ਤੇ ਸਧਾਰਣ ਬੋਲੀ ,ਭਾਸ਼ਾ ‘ਚ ਸਵੈ-ਸੰਬੋਧਨ ਬਿਰਤਾਂਤਕ , ਵਿਅਕਤੀਗਤ-ਸ਼ੈਲੀ ਹੈ। ਕਿਤੇ ਕਿਤੇ ਨਾਟਕੀ ਅੰਦਾਜ਼ ਵੀ ਹੈ। ਨਾਵਲ ਦੀ ਵਾਰਤਾਲਾਪ ਵੇਖੋ , ਜਿਸ ਦਿਨ ਰਾਜਵੀਰ ਨੇ ਆਉਣਾ ਸੀ ਤੇ ਉਸ ਨੂੰ ਮਿਲਣਾ ਸੀ ਤੇ ਉਸ ਦਿਨ ਰੂਪ ਦੇ ਮੰਮੀ ਡੈਡੀ, ਰੂਪ ਦੇ ਪਤੀ ਤੇ ਅਸੀਂ ਸਾਰੇ ਰਾਜਵੀਰ ਨੂੰ ਮਿਲੇ। ਉਸ ਦਿਨ ਚਾਹ-ਪਾਣੀ ਪੀਣ ਤੋਂ ਬਾਅਦ ਰੂਪ ਦੇ ਪਿਤਾ ਨੇ ਸਿੱਧੀ ਗੱਲ ਕੀਤੀ ਕਿ ਰਾਜਵੀਰ ਸਾਡੀ ਧੀ ਦੀ ਜ਼ਿੰਦਗੀ ਕੁਦਰਤ ਨੇ ਤੇਰੇ ਨਾਲ ਜੋੜ ਦਿੱਤੀ ਹੈ। ਜੋ ਵੀ ਕਹਾਣੀ ਹੈ, ਤੈਨੂੰ ਸਭ ਪਤਾ ਹੈ। ਰਾਜਵੀਰ ਨੇ ਅੱਗੋਂ ਹੱਥ ਜੋੜ ਲਏ ਤੇ ਕਿਹਾ, “ਮੈਂ ਇਸ ਸਭ ਨੂੰ ਮੰਨਦਾ ਹਾਂ, ਜੋ ਵੀ ਕਹਾਣੀ ਰੂਪ ਨੇ ਲਿਖੀ ਹੈ, ਹੰਢਾਈ ਹੈ, ਮੈਂ ਖ਼ੁਦ ਆਪਣੀ ਜ਼ਿੰਦਗੀ ‘ਚ ਬਹੁਤ ਤਕਲੀਫ਼ ਸਹੀ ਹੈ।                                            ਪੰਨਾ/ 99
ਸਿਧਾਂਤਕ ਆਲੋਚਨਾ ਦੀ ਵਿਵਹਾਰਿਕ ਵਰਤੋਂ ਹੀ ਨਿਰਣਾਤਮਿਕ ਅਲੋਚਨਾ ਦਾ ਰੂਪ ਧਾਰਨ ਕਰ ਲੈਂਦੀ ਹੈ। ਸੋ ਇਸੇ ਕਰਕੇ ਹੀ ਮੈਂ, ਨਾਵਲਕਾਰਾ ਦਿਲਪ੍ਰੀਤ ਗੁਰੀ ਦੇ ਨਾਵਲੀ ਗੁਣਾਂ ਦੀ ਹੀ ਚਰਚਾ ਕੀਤੀ ਹੈ। ਮੇਰੀ ਦਿਲੋਂ ਅਰਦਾਸ ਹੈ ਕਿ ਲੇਖਿਕਾ ਦੀ ਕਲਮ ਸਿਖ਼ਰਾਂ ਨੂੰ ਛੋਹੇ ।
                                          ਹਰੀਸ਼ ਗਰੋਵਰ ( ਡਾ.)
                                           ਸੰ 8360468268
Previous articleਕਪੂਰਥਲਾ ਪੁਲਿਸ ਵੱਲੋਂ ਲੁੱਟਾਂ ਖੋਹਾਂ ਕਰਨ ਵਾਲੇ 2 ਵਿਅਕਤੀ ਖੋਹ ਕੀਤੇ ਸਮਾਨ ਸਮੇਤ ਗ੍ਰਿਫਤਾਰ
Next articleਪੰਜਾਬ ਰਾਜ ਭਾਸ਼ਾ ਐਕਟ ਅਮਲੀ ਰੂਪ ‘ਚ ਲਾਗੂ ਕਰਨ ਦੀ ਮੰਗ