ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਕਪੂਰਥਲਾ ਜ਼ਿਲ੍ਹੇ ਦੀ ਨਾਮਵਰ ਸਾਹਿਤ ਸਭਾ ਸਿਰਜਣਾ ਕੇਂਦਰ (ਰਜਿ.) ਵਿਰਸਾ ਵਿਹਾਰ ਕਪੂਰਥਲਾ ਦੇ ਪ੍ਰਧਾਨ ਸ਼ਾਇਰ ਕੰਵਰ ਇਕਬਾਲ ਸਿੰਘ ਅਤੇ ਜਨਰਲ ਸਕੱਤਰ ਸ਼ਹਿਬਾਜ਼ ਖ਼ਾਨ ਨੇ ਕੇਂਦਰ ਦੇ ਦਫ਼ਤਰ ਵਿਰਸਾ ਵਿਹਾਰ ਵਿਖੇ ਰੱਖੀ ਗਈ ਇੱਕ ਵਿਸ਼ੇਸ਼ ਮੀਟਿੰਗ ਦੌਰਾਨ ਦੱਸਿਆ ਕਿ ਕੇਂਦਰ ਦੇ ਪੁਰਾਣੇਂ ਮੈਂਬਰ ਅਤੇ ਅਰਧ ਪਰਵਾਸੀ ਸ਼ਾਇਰ ਰੂਪ ਦਬੁਰਜੀ ਦਾ ਨਵ-ਪ੍ਰਕਾਸ਼ਿਤ ਕਾਵਿ-ਸੰਗ੍ਰਹਿ “ਤਲ਼ੀ ‘ਤੇ ਜੁਗਨੂੰ” ਨੂੰ ਰਿਲੀਜ਼ ਕਰਨ ਦੇ ਨਾਲ-ਨਾਲ ਕੇਂਦਰ ਦੇ ਸਾਬਕਾ ਪ੍ਰਧਾਨ ਡਾ.ਆਸਾ ਸਿੰਘ ਘੁੰਮਣ ਅਤੇ ਜਨਰਲ ਸਕੱਤਰ ਰੌਸ਼ਨ ਖੈੜਾ ਵੱਲੋਂ ਸਿਰਜਣਾ ਕੇਂਦਰ ਨੂੰ ਆਪਣੇ ਕਾਰਜ ਕਾਲ ਦੌਰਾਨ ਦਿੱਤੀਆਂ ਗਈਆਂ ਸੇਵਾਵਾਂ ਦੇ ਇਵਜ਼ ਵਿੱਚ ਕੇਂਦਰ ਦੀ ਨਵੀਂ ਟੀਮ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰਨ ਲਈ ਮਿਤੀ 14 ਮਈ ਦਿਨ ਐਤਵਾਰ ਨੂੰ ਸਵੇਰੇ 10 ਵਜੇ ਇੱਕ ਵਿਸ਼ੇਸ਼ ਸਮਾਗਮ ਕੇਂਦਰ ਦੇ ਦਫ਼ਤਰ ਵਿਰਸਾ ਵਿਹਾਰ ਵਿਖੇ ਰੱਖਿਆ ਹੈ।
ਜ਼ਿਕਰਯੋਗ ਹੈ ਕਿ ਇੰਗਲੈਂਡ ਵਸਦੇ ਵਿਸ਼ਵ ਪ੍ਰਸਿੱਧ ਗਾਇਕ ਦੀਦਾਰ ਸਿੰਘ ਪਰਦੇਸੀ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ, ਜਦ ਕਿ ਪ੍ਰਧਾਨਗੀ ਮੰਡਲ ਵਿਚ ਸ.ਕਰਨੈਲ ਸਿੰਘ (ਸਾਬਕਾ ਅਡੀਸ਼ਨਲ ਸੈਸ਼ਨ ਜੱਜ) ਅਤੇ ਡਾ. ਅਰਵਿੰਦਰ ਸਿੰਘ ਸੇਖੋਂ (ਡਾਇਰੈਕਟਰ ਆਨੰਦ ਪਬਲਿਕ ਸਕੂਲ ਅਤੇ ਕਾਲਜ) ਸੁਸ਼ੋਭਿਤ ਹੋਣਗੇ ।ਕੇਂਦਰ ਦੇ ਪ੍ਰਧਾਨ ਕੰਵਰ ਇਕਬਾਲ ਸਿੰਘ ਨੇ ਦੱਸਿਆ ਕਿ ਡਾ.ਆਸਾ ਸਿੰਘ ਘੁੰਮਣ ਅਤੇ ਰੌਸ਼ਨ ਖੈੜਾ ਨੇ ਬਤੌਰ ਪ੍ਰਧਾਨ ਅਤੇ ਜਨਰਲ ਸਕੱਤਰ ਯੋਗ ਸੇਵਾਵਾਂ ਦੇ ਕੇ ਸਭਾ ਨੂੰ ਨਵੀਆਂ ਅਤੇ ਉਸਾਰੂ ਲੀਹਾਂ ਉੱਤੇ ਤੋਰਿਆ ਹੈ। ਇਸ ਲਈ ਸਿਰਜਣਾ ਕੇਂਦਰ ਵੱਲੋਂ ਇਨ੍ਹਾਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਨ ਲਈ ਉਪਰੋਕਤ ਸਮਾਗਮ ਰੱਖਿਆ ਗਿਆ ਹੈ। ਇਸ ਮੀਟਿੰਗ ਵਿੱਚ ਪ੍ਰਿੰਸੀਪਲ ਕੇਵਲ ਸਿੰਘ ਰੱਤੜਾ (ਸੀਨੀਅਰ ਮੀਤ ਪ੍ਰਧਾਨ), ਅਵਤਾਰ ਸਿੰਘ ਭੰਡਾਲ (ਮੀਤ ਪ੍ਰਧਾਨ), ਆਸ਼ੂ ਕੁਮਰਾ (ਸਕੱਤਰ), ਮਲਕੀਤ ਸਿੰਘ ਮੀਤ (ਵਿੱਤ ਸਕੱਤਰ) ਸੁਖਵਿੰਦਰ ਮੋਹਨ ਸਿੰਘ ਭਾਟੀਆ (ਪ੍ਰੈੱਸ ਸਕੱਤਰ) ਅਤੇ ਅਵਤਾਰ ਸਿੰਘ ਗਿੱਲ(ਮੈਂਬਰ ਕਾਰਜਕਾਰਨੀ ਕਮੇਟੀ) ਸ਼ਾਮਿਲ ਸਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly