ਬਰਨਾਲਾ (ਸਮਾਜ ਵੀਕਲੀ) (ਚੰਡਿਹੋਕ) ਸਾਹਿਤ ਚਰਚਾ ਮੰਚ ਬਰਨਾਲਾ ਵਲੋਂ ਪ੍ਰਸਿੱਧ ਨਾਵਲਕਾਰ ਰਾਮ ਸਰੂਪ ਅਣਖੀ ਜੀ ਦੁਆਰਾ ਲੇਖਕਾਂ ਦੀਆਂ ਪਤਨੀਆਂ ਨਾਲ ਕੀਤੀਆਂ ਮੁਲਾਕਾਤਾਂ ਦੀ ਪੁਸਤਕ” ਮੈਂ ਤਾਂ ਬੋਲਾਂਗੀ ” ਦਾ ਲੋਕ ਅਰਪਣ ਉਨ੍ਹਾ ਦੇ ਘਰ ਲਿਖਣ ਕਮਰੇ ਵਿਚ ਕੀਤਾ ਗਿਆ। ਲੋਕ ਅਰਪਣ ਦੀ ਰਸਮ ਡਾ.ਕ੍ਰਾਂਤੀਪਾਲ ਚੇਅਰਮੈਨ ਆਧੁਨਿਕ ਭਾਸ਼ਾਵਾਂ ਅਲੀਗੜ੍ਹ ਯੁਨੀਵਰਸਿਟੀ ਅਤੇ ਬਹੁਪੱਖੀ ਲੇਖਕ ਬੂਟਾ ਸਿੰਘ ਚੌਹਾਨ ਭਾਰਤੀ ਸਾਹਿਤ ਅਕੈਡਮੀ ਦਿੱਲੀ ਦੀ ਗਵਰਨਿੰਗ ਕੌਸਲ ਮੈਂਬਰ ਨੇ ਕੀਤੀ।ਜਿਸਦਾ ਸਾਥ ਪੁਸਤਕ ਦੇ ਸੰਪਾਦਕ ਤੇਜਾ ਸਿੰਘ ਤਿਲਕ, ਡਾ.ਭੁਪਿੰਦਰ ਸਿੰਘ ਬੇਦੀ,ਸ਼ਾਇਰ ਰਾਮ ਸਰੂਪ ਸ਼ਰਮਾਂ ਰਘਬੀਰ ਸਿੰਘ ਕੱਟੂ ਪ੍ਰਧਾਨ ਸਾਹਿਤ ਚਰਚਾ ਮੰਚ, ਲਛਮਣ ਦਾਸ ਮੁਸਾਫਿਰ,ਨੋ ਦਿੱਤਾ। ਪੁਸਤਕ ਲੋਕ ਅਰਪਣ ਤੋਂ ਪਹਿਲਾਂ ਖੜ੍ਹੀਆ ਬੋਲੀ ਦੀ ਆਦਿਵਾਸੀ ਲੇਖਿਕਾ ਰੋਜ ਕੇਰਕੇਟਾ ਦੇ ਦਿਹਾਂਤ ਕਾਰਨ ਦੋ ਮਿੰਟ ਦਾ ਮੋਨ ਰੱਖਿਆ ਗਿਆ। ਡਾ.ਕਰਾਂਤੀਪਾਲ ਨੇ ਕਿਹਾ ਕਿ ਕਹਾਣੀ ਪੰਜਾਬ ਦੇ ਨਵੇਂ ਅੰਕ ਵਿਚ ਉਸਦੀ ਕਹਾਣੀ ” ਬੀਰੂਵਾਰ ਗਮਛਾ” ਭੁਪਿੰਦਰ ਸਿੰਘ ਬੇਦੀ ਦੀ ਅਨੁਵਾਦ ਕੀਤੀ ਛਾਪੀ ਹੈ।ਪੁਸਤਕ ਲੋਕ ਅਰਪਣ ਉਪਰੰਤ ਡਾ.ਕ੍ਰਾਂਤੀਪਾਲ ਨੇ ਕਿਹਾ ਕਿ ਇਸ ਕਿਤਾਬ ਦਾ ਮੁੜ ਜਨਮ ਹੋਇਆ ਹੈ ਕਿਉਂਕਿ ਤੇਜਾ ਸਿੰਘ ਤਿਲਕ ਨੇ ਲੱਭ ਲੱਭ ਕੇ ਮੁਲਾਕਾਤਾਂ ਇਕੱਠੀਆਂ ਕੀਤੀਆਂ ਹਨ।ਜਿੰਨਾ ਨੂੰ ਮੁੜ ਪੁਸਤਕ ਦੇ ਰੂਪ ਵਿੱਚ ਸਾਂਭਿਆ ਗਿਆ ਹੈ।ਮੈਨੂੰ ਪੁਸਤਕ ਰਿਲੀਜ਼ ਕਰਦਿਆਂ ਖੁਸ਼ੀ ਮਹਿਸੂਸ ਹੋ ਰਹੀ ਹੈ। ਬਹੁਪੱਖੀ ਲੇਖਕ ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਜਿਹੜੇ ਲੇਖਕ ਲੋਕਚਿਤ ਪ੍ਰਵਾਨ ਚੜ੍ਹੇ ਹੁੰਦੇ ਨੇ ਉਨ੍ਹਾਂ ਦੇ ਜਾਣ ਪਿੱਛੋਂ ਵੀ ਪਾਠਕ ਉਨ੍ਹਾ ਦਾ ਅੱਖਰ ਅੱਖਰ ਪੜ੍ਹਦੇ ਨੇ।ਇਸ ਗੱਲ ਦਾ ਪ੍ਰਮਾਣ ਰਾਮ ਸਰੂਪ ਅਣਖੀ ਦੀਆਂ ਪੈਂਤੀ ਸਾਲ ਪਹਿਲਾਂ ਛਪੀਆਂ ਚਾਰ ਪੁਸਤਕਾਂ ਦੇ ਇਕੋ ਸੰਕਲਨ ਵਿੱਚ ਛਪਣ ਤੋਂ ਲੱਗਦਾ ਹੈ।ਪੁਸਤਕ ਦੇ ਸੰਪਾਦਕ ਤੇਜਾ ਸਿੰਘ ਤਿਲਕ ਨੇ ਕਿਹਾ ਕਿ ਇਨ੍ਹਾ ਮੁਲਾਕਾਤਾਂ ਦੀਆਂ ਛਪੀਆਂ ਚਾਰ ਪੁਸਤਕਾਂ ਤੋਂ ਇਲਾਵਾ ਹੋਰ ਮੁਲਾਕਾਤਾਂ ਨੂੰ ਇਸ ਪੁਸਤਕ ਵਿੱਚ ਸ਼ਾਮਿਲ ਕਰਨ ਦਾ ਸੁਭਾਗ ਮੈਨੂੰ ਪ੍ਰਾਪਤ ਹੋਇਆ ਹੈ।ਮੈਂ ਡਾ.ਕ੍ਰਾਂਤੀਪਾਲ ਤੇ ਬੂਟਾ ਸਿੰਘ ਚੌਹਾਨ ਦਾ ਧੰਨਵਾਦੀ ਹਾਂ ਜਿੰਨਾ ਦੀ ਪ੍ਰੇਰਨਾ ਨਾਲ ਇਹ ਕੰਮ ਨੇਪਰੇ ਚਾੜ੍ਹਿਆ ਹੈ।ਡਾ.ਭੁਪਿੰਦਰ ਸਿੰਘ ਬੇਦੀ ਨੇ ਕਿਹਾ ਕਿ ਲੇਖਕਾਂ ਦੇ ਬੱਚੇ ਆਪਣੀਆਂ ਮਾਵਾਂ ਵੱਲੋਂ ਕਹੇ ਬੋਲਾਂ ਨੂੰ ਪੜ੍ਹ ਕੇ ਵੱਖਰਾ ਅਨੁਭਵ ਗ੍ਰਹਿਣ ਕਰਨਗੇ। ਸਾਹਿਤ ਚਰਚਾ ਮੰਚ ਦੇ ਪ੍ਰਧਾਨ ਨੇ ਸਾਰੇ ਲੇਖਕਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਰਾਮ ਸਰੂਪ ਅਣਖੀ ਦੇ ਲਿਖਣ ਕਮਰੇ ਵਿਚ ਬੈਠਕੇ ਸਾਨੂੰ ਉਨ੍ਹਾ ਦੀ ਹੋਂਦ ਦਾ ਅਹਿਸਾਸ ਹੁੰਦਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj