ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਲੇਖਕ ਬੇਦੀ ਮੀਰ ਪੁਰੀ ਜੀ ਨੇ ਆਪਣੀ ਪਹਿਲੀ ਕਿਤਾਬ “ਪੰਜ ਦਿਨ” ਨਾਲ ਪੰਜਾਬੀ ਸਾਹਿਤ ਦੀ ਦੁਨੀਆਂ ਵਿੱਚ ਕਦਮ ਰੱਖਿਆ ਹੈ l ਭਾਵੇਂ ਕਿ ਉਨ੍ਹਾਂ ਦੀਆਂ ਲਿਖਤਾਂ ਲੰਬੇ ਸਮੇਂ ਤੋਂ ਸੋਸ਼ਲ ਮੀਡੀਆ ਦਾ ਸ਼ਿੰਗਾਰ ਬਣੀਆਂ ਹੋਈਆਂ ਹਨ ਅਤੇ ਆਪਣੇ ਕਮੈਂਟਾਂ ਅਤੇ ਫੋਨ ਜ਼ਰੀਏ ਇੱਕ ਦੂਜੇ ਨਾਲ ਅਕਸਰ ਵਿਚਾਰਾਂ ਦੀ ਸਾਂਝ ਪੈਂਦੀ ਰਹਿੰਦੀ ਹੈ ਪਰ ਫਿਰ ਵੀ ਕਿਤਾਬ ਦੀ ਇੱਕ ਵੱਖਰੀ ਅਹਿਮੀਅਤ ਹੁੰਦੀ ਹੈ l ਕਿਤਾਬ ਵਿਅਕਤੀ ਦੇ ਸੱਚੇ ਮਿੱਤਰ ਵਾਂਗ ਹੁੰਦੀ ਹੈ ਜੋ ਉਸ ਨੂੰ ਕਦੇ ਇਕੱਲਿਆਂ ਨਹੀਂ ਰਹਿਣ ਦਿੰਦੀ l ਕਿਤਾਬ ਪੜ੍ਹਦਾ ਵਿਅਕਤੀ ਆਪਣੇ ਆਪ ਨੂੰ ਲੇਖਕ ਦੇ ਨਜ਼ਦੀਕ ਮਹਿਸੂਸ ਕਰਦਾ ਹੈ l ਮੈਨੂੰ ਹਮੇਸ਼ਾਂ ਮਾਣ ਰਹਿੰਦਾ ਹੈ ਕਿ ਅਸੀਂ ਇਕੱਲਾ ਲਿਖਤਾਂ ਜ਼ਰੀਏ ਹੀ ਇੱਕ ਦੂਜੇ ਨਾਲ ਨਹੀਂ ਜੁੜੇ ਸਗੋਂ ਸਾਨੂੰ ਪਰਿਵਾਰਿਕ ਤੌਰ ਤੇ ਵੀ ਇਕੱਠੇ ਹੋ ਕੇ ਬੈਠਣ ਦਾ ਅਤੇ ਵਿਚਾਰਾਂ ਕਰਨ ਦਾ ਮੌਕਾ ਮਿਲਿਆ l ਬੀਤੀ ਕੱਲ੍ਹ ਹੀ ਬੇਦੀ ਮੀਰ ਪੁਰੀ ਜੀ ਦੀਆਂ ਕਿਤਾਬਾਂ ਮੇਰੀ ਨਿਊਜ਼ੀਲੈਂਡ ਵਿੱਚ ਘਰੋਂ ਚੱਲਦੀ ਲਾਇਬਰੇਰੀ ਵਿੱਚ ਪਹੁੰਚੀਆਂ ਹਨ ਜਿਨ੍ਹਾਂ ਨੂੰ ਮੰਗਵਾਉਣ ਵਿੱਚ ਮੇਰੇ ਹੋਰ ਦੋਸਤਾਂ ਦੇ ਨਾਲ ਨਾਲ Amarjit Banger ਜੀ ਨੇ ਅਤੇ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਨਿਊਜ਼ੀਲੈਂਡ ਦੇ ਮੈਂਬਰਾਂ ਨੇ ਵੀ ਯੋਗਦਾਨ ਪਾਇਆ ਹੈ l ਆਉਣ ਵਾਲੇ ਦਿਨਾਂ ਵਿੱਚ ਇਹ ਕਿਤਾਬਾਂ ਆਪਣੇ ਹੋਰ ਦੋਸਤਾਂ ਅਤੇ ਮੇਰੇ ਵਲੋਂ ਚਲਾਈਆਂ ਜਾਂਦੀਆਂ ਲਾਇਬਰੇਰੀਆਂ ਦਾ ਸ਼ਿੰਗਾਰ ਬਣਾਈਆਂ ਜਾਣਗੀਆਂ ਜਿੱਥੋਂ ਪਾਠਕ ਜਦੋਂ ਮਰਜ਼ੀ ਪੜ੍ਹ ਸਕਣਗੇ l ਆਪਣੇ ਸਾਰੇ ਸਾਥੀਆਂ ਵਲੋਂ ਬੇਦੀ ਮੀਰਪੁਰੀ ਜੀ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਪੰਜਾਬੀ ਸਾਹਿਤ ਵਿੱਚ ਯੋਗਦਾਨ ਪਾਉਣ ਲਈ ਵਧਾਈ ਦਿੰਦਾ ਹਾਂ l
Bedi Mirpuri
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly