ਲੇਖਕ -ਹਰਫੂਲ ਭੁੱਲਰ
(ਸਮਾਜ ਵੀਕਲੀ) ਵਾਰਤਕ ‘ਚ ਸਤਿਕਾਰਯੋਗ ਸ. ਹਰਫੂਲ ਭੁੱਲਰ ਜੀ ਦਾ ਨਾਮ ਬਹੁਤ ਵੱਡਾ ਹੈ। ਉਹਨਾਂ ਦੀ ਕਿਤਾਬ “ਆਪੇ ਦੇ ਰੂ-ਬਰੂ” ਪਾਠਕਾਂ ਦੇ ਸਨਮੁੱਖ ਹੋ ਚੁੱਕੀ ਹੈ। ਇਹ ਉਹਨਾਂ ਦੀ ਪਲੇਠੀ ਕਿਤਾਬ ਹੈ। ਉਹ ਪਿਛਲੇ ਕਾਫੀ ਲੰਮੇ ਸਮੇਂ ਤੋਂ ਲਗਾਤਾਰ ਸੋਸ਼ਲ ਮੀਡੀਆ ਤੇ ਲਿਖ ਰਹੇ ਹਨ ਤੇ ਉਹਨਾਂ ਦੀ ਵਾਰਤਕ ਵੀ ਉੱਚ ਦਰਜੇ ਦੀ ਹੈ। ਇਸ ਕਾਰਨ ਹੀ ਉਹਨਾਂ ਦਾ ਸਾਹਿਤ ਵਿੱਚ ਜਿੱਥੇ ਕੱਦ ਉੱਚਾ ਹੈ ਉਥੇ ਹੀ ਉਹਨਾਂ ਦਾ ਸਮਾਜ ਵਿੱਚ ਦੋਸਤਾਂ ਅਤੇ ਪਾਠਕਾਂ ਦਾ ਦਾਇਰਾ ਵੀ ਵਿਸ਼ਾਲ ਹੈ। ਮੈਂ ਉਹਨਾਂ ਨੂੰ ਪਿਛਲੇ ਪੰਜ ਸਾਲ ਤੋਂ ਜਾਣਦੀ ਹਾਂ, ਉਹਨਾਂ ਦੀਆਂ ਲਿਖਤਾਂ ਨੂੰ ਕਿਤਾਬ ਦੇ ਰੂਪ ਵਿੱਚ ਲਿਆਉਣ ਵਿੱਚ ਮੈਂ ਵੀ ਆਪਣੀ ਸੇਵਾ ਨਿਭਾਈ ਹੈ। ਮੈਂ ਬਹੁਤ ਖੁਸ਼ ਵੀ ਹਾਂ ਕਿਉਂਕਿ ਮੈਂ ਉਹਨਾਂ ਦੀਆਂ ਲਿਖਤਾਂ ਨੂੰ ਪੜ੍ਹਿਆ ਹੋਇਆ, ਜਦੋਂ ਮੈਨੂੰ ਕਾਫ਼ੀ ਸਮੇਂ ਤੋਂ ਲੱਗ ਰਿਹਾ ਸੀ ਕਿ ਇੱਕ ਕਿਤਾਬ ਦੇ ਰੂਪ ਵਿੱਚ ਇਹ ਲਿਖਤਾਂ ਆਉਣੀਆਂ ਚਾਹੀਦੀਆਂ, ਜਦੋਂ ਉਹਨਾਂ ਨਾਲ ਗੱਲ ਕੀਤੀ ਤਾਂ ਉਹਨਾਂ ਦੀ ਰੁਝੇਵਿਆਂ ਭਰੀ ਜ਼ਿੰਦਗੀ ਹੋਣ ਕਰਕੇ ਇਹ ਨਹੀਂ ਕਰ ਪਾ ਰਹੇ ਸਨ। ਇਸ ਲਈ ਮੈਨੂੰ ਸਹਿਯੋਗ ਕਰਨਾ ਪਿਆ, ਇਸ ਵਿੱਚ ਮੇਰਾ ਸਾਥ ਦਿੱਤਾ ਆਤਮਜੀਤ ਕੌਰ ਖ਼ਾਲਸਾ ਨੇ। ਉਹਨਾਂ ਨੇ ਸਾਰੀਆਂ ਲਿਖਤਾਂ, ਜੋ ਸੋਸ਼ਲ ਮੀਡੀਆ ਤੇ ਸਨ, ਉਹਨਾਂ ਨੂੰ ਟਾਈਪ ਕੀਤਾ, ਉਹਨਾਂ ਦੀ ਪੀ. ਡੀ. ਐਫ ਬਣਾਈ। ਅੱਜ ਇੱਕ ਖ਼ੂਬਸੂਰਤ ਕਿਤਾਬ ਪਾਠਕਾਂ ਦੇ ਰੂਬਰੂ ਹੈ। ਕਿਤਾਬ ਦੀ ਪੀ. ਡੀ. ਐਫ ਮੈਂ ਪੜ੍ਹੀ ਹੋਈ ਸੀ ਤੇ ਕਿਤਾਬ ਵੀ ਬਹੁਤ ਸਮੇਂ ਤੋਂ ਮੇਰੇ ਕੋਲ ਆ ਗਈ ਸੀ। ਪਰ ਪੀ. ਡੀ. ਐਫ ਪੜ੍ਹੀ ਹੋਣ ਕਰਕੇ ਮੈਨੂੰ ਦੁਬਾਰਾ ਪੜ੍ਹਨ ਵਿੱਚ ਦੇਰੀ ਹੋਈ ਤੇ ਕਿਤਾਬ ਬਾਰੇ ਲਿਖਣ ਵਿੱਚ ਵੀ ਦੇਰੀ ਹੋਈ। ਇਸ ਕਿਤਾਬ ਬਾਰੇ ਮੈਂ ਜੋ ਲਿਖ ਰਹੀ ਹਾਂ, ਇਹ ਮੇਰੇ ਵਿਚਾਰ ਹਨ ਇਸ ਨੂੰ ਮੈਂ ਸਮੀਖਿਆ ਤਾਂ ਨਹੀਂ ਕਹਿ ਸਕਦੀ। ਕੁਦਰਤ ਦੇ ਨਿਯਮ, ਬਖਸ਼ਿਸ਼ਾਂ, ਕੁਦਰਤ ਦਾ ਤਾਣਾ-ਬਾਣਾ ਤੇ ਉਸ ਦੇ ਪ੍ਰਤੀ ਸਾਡੇ ਫਰਜ਼, ਇਹ ਸਭ ਨੂੰ ਸਮਝਣਾ, ਸਮਾਜ ਪ੍ਰਤੀ ਸਾਡੀ ਦੇਣ, ਸਮਾਜ ਦੀਆਂ ਤਲਖ਼ ਹਕੀਕਤਾਂ ਤੋਂ ਜਾਣੂ ਹੋਣਾ, ਤਕਲੀਫ਼ ਦੇਹ ਯਾਦਾਂ, ਲੋਕ ਵਿਵਹਾਰ, ਰਾਜਨੀਤਿਕ ਢਾਂਚੇ ਦਾ ਸਾਡੀ ਜ਼ਿੰਦਗੀ ਤੇ ਪ੍ਰਭਾਵ, ਆਰਥਿਕਤਾ ਦਾ ਸਾਡੀਆਂ ਖੁਸ਼ੀਆਂ- ਗਮੀਆਂ ਨਾਲ਼ ਰਿਸ਼ਤਾ, ਸਾਡੀਆਂ ਰੀਝਾਂ, ਸੁਪਨਿਆਂ ਦੇ ਪ੍ਰਭਾਵ ਤੇ ਵਸੀਲੇ ਪੈਦਾ ਕਰਕੇ, ਸਬਰ, ਸੰਜਮ ਤੇ ਸੰਤੋਖ ਦਾ ਪੱਲਾ ਫੜ ਕੇ ਆਪਣੇ ਕਿਰਦਾਰ ਤੇ ਪਰਿਵਾਰ ਦਾ ਵਿਕਾਸ ਕਰਨਾ, ਜਰੂਰਤਾਂ ਤੇ ਸ਼ੌਂਕ ਦੋਵੇਂ, ਪੂਰੇ ਕਰਨੇ ਇਹ ਸਾਰੇ ਪੱਖਾਂ ਦਾ ਵੇਰਵਾ ਇਸ ਕਿਤਾਬ ਵਿੱਚ ਬਹੁਤ ਸੋਹਣੇ ਤਰੀਕੇ ਨਾਲ ਕੀਤਾ ਗਿਆ ਹੈ। ਸਾਡੇ ਧਰਮਾਂ ਵਿੱਚ ਮਨ ਨੂੰ ਸਮਝਣ ਤੇ ਇਸ ਦੇ ਵਿਕਾਰਾਂ ਤੋਂ ਬਚਣ ਤੇ ਬਹੁਤ ਜ਼ੋਰ ਦਿੱਤਾ ਗਿਆ। ਜੇਕਰ ਅਸੀਂ ਸਮਝੀਏ ਤੇ ਸਾਰੀ ਖੇਡ ਮਨ ਤੋਂ ਸ਼ੁਰੂ ਹੋ ਕੇ ਸਰੀਰ, ਸਮਾਜ ਤੇ ਪ੍ਰਕਿਰਤੀ ਤੇ ਖ਼ਤਮ ਹੁੰਦੀ ਹੈ। ਜਦੋਂ ਅਸੀਂ ਮਨ ਨੂੰ ਸਮਝ ਲੈਂਦੇ ਹਾਂ, ਉਦੋਂ ਅਸੀਂ ਆਪਣੇ ਆਪ ਨੂੰ ਸਮਝ ਲੈਂਦੇ ਹਾਂ, ਜਦੋਂ ਆਪਣੇ ਆਪ ਨੂੰ ਸਮਝ ਲਿਆ, ਉਦੋਂ ਅਸੀਂ ਪਰਿਵਾਰ ਨੂੰ, ਸਮਾਜ ਨੂੰ ਕੁਦਰਤ ਨੂੰ ਸਮਝ ਲੈਂਦੇ ਹਾਂ। ਆਰਥਿਕ ਸਮਾਜਿਕ ਤੇ ਕਈ ਵਾਰ ਸਰੀਰ ਪੱਖੋਂ ਵੀ ਕਮਜ਼ੋਰ ਹੁੰਦਿਆਂ ਹੋਇਆਂ, ਆਪਣੀ ਜ਼ਿੰਦਗੀ ‘ਚ ਅੱਗੇ ਕਿਵੇਂ ਵਿਕਾਸ ਕਰਨਾ, ਆਪਣੀ ਜ਼ਿੰਦਗੀ ਨੂੰ ਕਿਸ ਤਰ੍ਹਾਂ ਸੋਹਣੀ ਬਣਾਉਣਾ ਇਸ ਲਈ ਬਹੁਤ ਜ਼ਰੂਰੀ ਹੈ ਕਿ ਪਹਿਲਾਂ ਅਸੀਂ ਆਪਣੇ ਆਪ ਨੂੰ, ਆਪਣੇ ਹਾਲਾਤਾਂ ਨੂੰ ਚੰਗੀ ਤਰਾਂ ਸਮਝੀਏ। ਸਾਡਾ ਖੁਸ਼ਹਾਲ ਜੀਵਨ ਜੀਣ ਲਈ ਆਪਣੇ ਆਪ ਨੂੰ ਸਮਝਣਾ ਜ਼ਰੂਰੀ ਹੈ ਤੇ ਆਪਣੇ ਆਪ ਨੂੰ ਤਾਂ ਸਮਝਾਗੇ, ਜੇ ‘ਆਪੇ ਦੇ ਰੂ -ਬਰੂ’ ਹੋਵਾਂਗੇ। ਇਹ ਕਿਤਾਬ ਵੀ ਸਾਨੂੰ ਆਪਣੇ ਅੰਦਰ ਦੇ ਤੇ ਬਾਹਰ ਦੇ ਪਸਾਰੇ ਦੇ ਰੂ-ਬਰੂ ਕਰਦੀ ਹੈ। ਆਓ ਇਸ ਕਿਤਾਬ ਨੂੰ ਪੜ੍ਹੀਏ ਤੇ ਆਪਣੇ ਆਪ ਦੇ ਰੂ-ਬਰੂ ਹੋਈਏ, ਆਪਣੇ ਆਪ ਨੂੰ ਹੋਰ ਚੰਗੀ ਤਰ੍ਹਾਂ ਸਮਝੀਏ।
ਦਿਲਪ੍ਰੀਤ ਕੌਰ ਗੁਰੀ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj