(ਸਮਾਜ ਵੀਕਲੀ)
ਸਾਰੀ-ਸਾਰੀ ਰਾਤ
ਸਿਸਕੀਆਂ, ਹਟਕੋਰੇ ਭਰਦਾ,
ਅੱਖੀਂ ਜੰਮੀ ਧੂੜ ਨਾਲ ਲੜਦਾ।
ਮੇਰੇ ਕਮਰੇ ਦੇ ਖੂੰਝੇ ‘ਚ ਪਿਆ
ਬੋਨਸੋਈ ਦਾ ਬੂਟਾ।
ਕਹਿੰਦੇ ਆ,
ਕਿ ਬੋਨਸੋਈ ਬਹੁਤ
ਸ਼ਾਂਤ ਸੁਭਾਅ ਹੁੰਦਾ,
ਸਬਰੀ, ਸੰਤੋਖੀ,
ਤਹੱਮਲ ਦੀ ਮੂਰਤ ਜਿਹਾ।
ਪਰ ਇਹ,
ਐਨਾ ਅਸ਼ਾਂਤ ਕਿਉਂ?
ਜਿਵੇਂ, ਸੀਤ ਪਰਬਤ ਦੀ ਸਰਾਪੀ ਕੁੱਖੇ,
ਭੱਖਦੇ ਜਵਾਲਾ।
ਕਦੇ–ਕਦੇ ਇਹ ਮੈਨੂੰ
ਬਿਲਕੁਲ ਲਚਾਰ,
ਮਾੜੂਆ ਜਿਹਾ ਲੱਗਦਾ,
ਜਿਹਦੀ ਹੋਂਦ ਹੀ ਗੁਨਾਹ ਹੋਵੇ,
ਪੱਤਿਆਂ, ਟਾਹਣੀਆਂ ਨੂੰ —
ਨੱਚਣਾ, ਝੂਮਣਾ,
ਗਾਉਣਾ — ਮਨਾ ਹੋਵੇ,
ਹੱਸਣਾ ਵਰਜਿਤ,
ਰੋਣਾ ਤਾਂ ਜਿਵੇਂ ਪਾਪ ਹੋਵੇ।
ਸੱਚ ਕਹਾਂ ਤਾਂ,
ਮੈਨੂੰ ਭੈਅ ਆਉਂਦਾ
ਇਹਦੀਆਂ ਸਿਸਕੀਆਂ ਤੋਂ,
ਤੇ ਜਦੋਂ ਕਿਤੇ
ਰੋਂਦਿਆਂ–ਰੋਂਦਿਆਂ,
ਚੁੱਪ–ਚਾਪ ਸੌਂ ਜਾਵੇ,
ਤਾਂ ਹੋਰ ਵੀ ਜਿਆਦਾ
ਡਰਾਉਣਾ ਲੱਗਦਾ।
ਮੈਨੂੰ ਕਦੇ ਨਹੀਂ ਦਿੱਖੀ
ਇਸਦੇ ਅੰਦਰ ਦੀ ਸ਼ਾਂਤੀ?
ਨਾਹੀਂ ਇਹਦਾ ਸੁਹੱਪਣ!
ਮੈਨੂੰ ਤਾਂ ਇਹ
ਵਿੰਨਿਆ ਵਿੰਨਿਆ,
ਤੋੜਿਆ-ਮੋੜਿਆ ਲੱਗਦਾ
ਇਹਦਾ ਹਰ ਅੰਗ,
ਨਾੜੀਆਂ ‘ਚ ਜੰਮਿਆ ਲਹੂ
ਜਿਵੇਂ ਵਿੰਗਾਰ ਰਿਹਾ ਹੋਵੇ —
ਇਹਦੀ ਹੋਂਦ!
ਤੇ ਚੀਕ ਰਹੀ ਹੋਵੇ
ਇਹਦੀ ਚੁੱਪ।
ਕਦੇ–ਕਦੇ
ਮੇਰਾ ਆਪਣਾ ਜਿਹਾ ਵੀ ਲੱਗਦਾ —
ਜਮਾ, ਮੇਰੇ ਵਰਗਾ।
ਚਿੱਤ ਕਰਦਾ —
ਇਹਨੂੰ ਜਰਖੇਜ਼ ਧਰਤੇ ਲਾਵਾਂ,
ਸੁੱਕੇ ਟਾਹਣ ਸਿੰਜਾਂ,
ਇਹ ਨਿਸਰ ਨਿਸਰ ਪਵੇ…
ਆਤਮ ਮਹਿਕੇ…
ਇਲਾਹੀ ਰਾਗ ਗੂੰਜਣ…
ਮੁਕਤ ਹੋ ਜਾਵੇ…
ਮੇਰੇ ਕਮਰੇ ਦੇ ਖੂੰਝੇ ‘ਚ ਪਿਆ
ਬੋਨਸੋਈ ਦਾ ਬੂਟਾ।
ਦੀਪ ਸੰਧੂ
+61 459 966 392



