(ਸਮਾਜ ਵੀਕਲੀ) ਸਮਰਾਟ ਅਸ਼ੋਕ ਨੇ ਤੀਸਰੀ ਸਦੀ ਭਾਵ 2300 ਸਾਲ ਪਹਿਲਾਂ ਬੋਧ ਗਯਾ ਮਹਾਂ ਵਿਹਾਰ ਨੂੰ ਬਣਾਇਆ ਸੀ।ਬੋਧ ਗਯਾ ਬੋਧੀਆ ਦਾ ਅੰਤਰਰਾਸ਼ਟਰੀ ਇਤਿਹਾਸਿਕ ਪ੍ਰਸਿੱਧ ਧਾਰਮਿਕ ਪਵਿੱਤਰ ਅਸਥਾਨ ਹੈ,ਜੋ ਬੋਧੀ ਭਾਈਚਾਰੇ ਲਈ ਮਾਣ ਅਤੇ ਸਨਮਾਨ ਦਾ ਪ੍ਰਤੀਕ ਹੈ। ਜਿੱਥੋਂ ਆਜ਼ਾਦੀ, ਬਰਾਬਰੀ, ਭਾਈਚਾਰਾ, ਸ਼ਾਂਤੀ, ਪ੍ਰੇਮ ਪਿਆਰ ਦਾ ਸੰਦੇਸ਼ ਦਿੱਤਾ ਜਾਂਦਾ ਹੈ। ਇਸ ਪਵਿੱਤਰ ਅਸਥਾਨ ਨੂੰ ਯੂਨੈਸਕੋ ਦੁਆਰਾ 2002 ਨੂੰ ਅਡਾਪਿਟ ਕੀਤਾ ਗਿਆ ।ਇਸ ਅਸਥਾਨ ਤੋਂ ਤਥਾਗਤ ਬੁੱਧ ਨੂੰ “ਗਿਆਨ ” ਦੀ ਪ੍ਰਾਪਤੀ’ ਹੋਈ ਸੀ। ਜਿਸ ਕਰਕੇ ਉਹ ਸਿਧਾਰਥ ਗੌਤਮ ਤੋਂ ‘ਬੁੱਧ’ ਬਣੇ। ਤਦ ਤੋਂ ਹੀ ਬੋਧੀ ਉਪਾਸਕ ਇਸ ‘ਚ ਵਿਸ਼ਵਾਸ, ਨਿਸ਼ਚਾ, ਭਰੋਸਾ ਰੱਖਦੇ ਹਨ। ਸ੍ਰੀ ਲੰਕਾ ਤੋਂ ਇੱਕ ਬੋਧੀ ਭਿਖਸ਼ੂ ਅਨਾਗਾਰਿਕ ਧੰਮ ਪਾਲ ,ਬੁੱਧ ਧੰਮ ਦੀ ਸੱਚ ਦੀ ਖੋਜ ਕਰਦਾ ਹੋਇਆ 1891’ਚ ਮਹਾਂਬੁੱਧ ਵਿਹਾਰ,ਬੋਧ ਗਯਾ, ਬਿਹਾਰ (ਭਾਰਤ) ਆਇਆ,। ਜਦ ਅਨਾਗਾਰਿਕ ਬੋਧੀ ਭਿਖਸ਼ੂ ਨੇ ਮਹਾਂਬੁੱਧ ਵਿਹਾਰ,ਬੋਧ ਗਯਾ (ਬਿਹਾਰ) ‘ਚ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਤਾਂ ਭੰਤੇ ਜੀ ਨੂੰ ਤਰ੍ਹਾਂ -ਤਰ੍ਹਾਂ ਦੇ ਕਸ਼ਟ ,ਤਸੀਹੇ , ਜ਼ੁਲਮ , ਤਸ਼ੱਦਦ ਨੂੰ ਸਹਿਣਾ ਪਿਆ।ਅੰਤ ਉਹ ਅੰਦਰ ਜਾਣ ‘ਚ ਕਾਮਯਾਬ ਹੋ ਗਿਆ।ਇਥੇ ਦੀ ਬੁਰੀ ਹਾਲਤ ਦੇਖ ਕੇ ਉਸ ਨੂੰ ਬਹੁਤ ਦੁੱਖ ਹੋਇਆ। ਇਥੇ ਪਾਂਡੇ ਪੁਜਾਰੀਆਂ ਦਾ ਕਬਜ਼ਾ ਸੀ, ਜਿਸ ਕਰਕੇ ਅੰਧ ਵਿਸ਼ਵਾਸ, ਵਹਿਮ- ਭਰਮ,ਕਰਮ -ਕਾਂਡ ਕਰਵਾਏ ਜਾ ਰਹੇ ਸਨ, ਜਿਸ ਨੂੰ ਦੇਖ ਕੇ ਉਸ ਦਾ ਮਨ ਬਹੁਤ ਦੁੱਖੀ ਹੋਇਆ।ਉਸ ਦੀਆਂ ਅੱਖਾਂ ਵਿੱਚ ਅੱਥਰੂ ਆ ਗਏ। ਸੋਚਣ ਵਾਲੀ ਗੱਲ ਇਹ ਹੈ ਕਿ ਬੋਧੀ ਅਸਥਾਨ ਉੱਤੇ ਬੋਧੀ ਉਪਾਸਕਾਂ ਨੂੰ ਜਾਣ ਦੀ ਇਜ਼ਾਜ਼ਤ ਨਾ ਹੋਵੇ ,ਅਜਿਹਾ ਕਿਉਂ? ਜਿਸ ਕਰਕੇ ਧਰਮ ਪਾਲ ਗੈਰ ਬੋਧੀਆਂ (ਹਿੰਦੂਆਂ)ਤੋਂ ਆਜ਼ਾਦ ਕਰਵਾਉਣ ਲਈ 1892 ‘ਚ ਤਹੱਈਆ ਕੀਤਾ। 1895 ‘ਚ ਅਨਾਗਾਰਿਕ ਨੇ ਜਪਾਨੀ ਭਿਖਸ਼ੂਆਂ ਦੁਆਰਾ ਭੇਟ ਕੀਤੀ ਹੋਈ ਬੁੱਧ ਦੀ ਮੂਰਤੀ ਮਹਾਂਵਿਹਾਰ ਵਿੱਚ ਸਥਾਪਿਤ ਕਰਨ ਦਾ ਯਤਨ ਕੀਤਾ ਪਰ ਗੈਰ ਬੋਧੀਆਂ ਨੇ ਉਸ ਦਾ ਹਿੰਸਕ ਵਿਰੋਧ ਕੀਤਾ ਅਤੇ ਧਰਮਪਾਲ ‘ਤੇ ਹਮਲਾ ਕਰ ਦਿੱਤਾ। ਇਸ ਦੇ ਬਾਅਦ ਬੋਧ ਗਯਾ ਮੰਦਰ ਮਾਮਲੇ ਤੇ ਇੱਕ ਕਾਨੂਨੀ ਲੜਾਈ ਸ਼ੁਰੂ ਹੋਈ ।ਜਿਸ ਵਿੱਚ ਅਦਾਲਤ ਨੇ ਬੋਧੀਆਂ ਦੇ ਹੱਕ ਵਿੱਚ ਫੈਸਲਾ ਸੁਣਾਇਆ ਹਾਲਾਂਕਿ ਬ੍ਰਿਟਿਸ਼ ਸਰਕਾਰ ਨੇ ਗੈਰ ਬੋਧੀਆਂ ਦਾ ਸਮਰਥਨ ਕੀਤਾ ਅਤੇ ਬੋਧੀਆਂ ਨੂੰ ਬੋਧ ਗਯਾ ਤੋਂ ਕੱਢ ਦਿੱਤਾ ਗਿਆ।ਉਹ ਬੋਧ ਗਯਾ ਨੂੰ ਆਜ਼ਾਦ ਕਰਾਉਣ ਲਈ ਲਗਾਤਾਰ ਸੰਘਰਸ਼ ਕਰਦੇ ਰਹੇ, ਅੰਤ ਉਸ ਦੀ ਮੌਤ 29 ਅਪ੍ਰੈਲ 1933 ‘ਚ ਹੋ ਗਈ।
1934 ਵਿੱਚ ਅੰਗਰੇਜ਼ਾਂ ਦਾ ਇੱਥੇ ਕਬਜ਼ਾ ਸੀ ,ਉਹਨਾਂ ਨੇ ਵੀ ਇਸ ਦੇ ਸੁਧਾਰ ਲਈ ਕੋਈ ਕਦਮ ਨਹੀਂ ਚੁੱਕਿਆ। ਇੰਝ ਜਾਪਦਾ ਹੈ ਕਿ ਅੰਗਰੇਜ਼ਾਂ ਨੂੰ ਭਰਮ ਭੁਲੇਖੇ ਵਿੱਚ ਹਿੰਦੂਆਂ ਨੇ ਪਾ ਕੇ ਰੱਖਿਆ ਹੋਵੇ ।ਉਹਨਾਂ ਇਹ ਵੀ ਦੱਸਿਆ ਹੋਵੇਗਾ ਕਿ ਇਹ ਹਿੰਦੂਆਂ ਦਾ ਹੀ ਧਾਰਮਿਕ ਅਸਥਾਨ ਹੈ ।ਇਸ ਲਈ ਉਹਨਾਂ ਇਸ ਵਿੱਚ ਕੋਈ ਦਿਲਚਸਪੀ ਨਾ ਲਈ ਹੋਵੇ। ਭਾਰਤ ਦਾ ਸੰਵਿਧਾਨ ਲਾਗੂ ਹੋਣ ਤੋਂ ਪਹਿਲਾਂ 1949 ਵਿੱਚ ਸਰਕਾਰ ਨੇ ਇੱਕ ਐਕਟ ਬਣਾਇਆ। ਜਿਸ ਵਿੱਚ ਬੋਧੀ ਭਾਈਚਾਰੇ ਨੂੰ ਅੱਖੋਂ ਉਹਲੇ ਕਰਕੇ ਐਕਟ ਨੂੰ ਉਹਨਾਂ ‘ਤੇ ਥੋਪ ਦਿੱਤਾ ਗਿਆ। ਐਕਟ ‘ਚ 4 ਬੋਧੀ ਭਿਖਸ਼ੂ ਅਤੇ 4 ਸਵਰਨ ਹਿੰਦੂ ਮੈਂਬਰ ਬਣਾਏ ਗਏ । ਨੌਵਾਂ ਮੈਂਬਰ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਜਾਂ ਡੀ.ਐਮ. ਚੇਅਰਮੈਨ ਨੂੰ ਨਿਯੁਕਤ ਕੀਤਾ ਗਿਆ ,ਜੋ ਸਿਰਫ ਹਿੰਦੂ ਹੀ ਹੋਵੇਗਾ। Surai Susai Japanese ਭਿਖਸ਼ੂ ਨੇ ਬੋਧ ਗਯਾ ਨੂੰ ਗੈਰ ਬੋਧੀਆਂ ਤੋਂ ਆਜ਼ਾਦ ਕਰਾਉਣ ਲਈ ਅੰਦੋਲਨ 1992 ਵਿੱਚ ਸ਼ੁਰੂ ਕੀਤਾ। ਗੈਰ ਬੋਧੀਆਂ ਤੋਂ ਬੋਧ ਗਯਾ ਮਹਾ ਵਿਹਾਰ ਨੂੰ ਮੁਕਤ ਕਰਾਉਣ ਲਈ 17 ਸਤੰਬਰ 2024 ਨੂੰ ਪਾਟਲੀਪੁੱਤਰ ਗਾਂਧੀ ਮੈਦਾਨ ਵਿੱਚ ਸ੍ਰੀ ਆਕਾਸ਼ ਲਾਮਾ ਜਨਰਲ ਸਕੱਤਰ ਆਲ ਇੰਡੀਆ ਬੁੱਧਿਸ਼ਟ ਫੋਰਮ ਅਤੇ ਭਿਖਸ਼ੂ ਸੰਘ ਦੀ ਪ੍ਰਧਾਨਗੀ ਹੇਠ ਵੱਡਾ ਇਕੱਠ ਹੋਇਆ। ਜਿਸ ਦਾ ਸਿੱਟਾ ਇਹ ਨਿੱਕਲਿਆ ਕਿ ਇਸ ਰੈਲੀ ਨੂੰ ਇੱਕ ਅੰਦੋਲਨ ਦਾ ਨਾਂ ਦਿੱਤਾ ਗਿਆ। ਯਾਦ ਰਹੇ ਕਿ ਇਸ ਰੈਲੀ ਵਿੱਚ ਪੰਜਾਬ ਤੋਂ 2 2 ਬੋਧੀ ਉਪਾਸਕ ਸ਼ਾਮਿਲ ਹੋਏ, ਜਿਨਾਂ ਵਿੱਚ ਲੇਖਕ ਵੀ ਸ਼ਾਮਿਲ ਸੀ। ਰੈਲੀ ਨੂੰ ਵੱਖ -ਵੱਖ ਦੇਸ਼ਾਂ ਵਿਦੇਸ਼ਾਂ ਤੋਂ ਆਏ ਭਿਖਸ਼ੂਆਂ, ਭਿਖਸ਼ੂਣੀਆਂ, ਉਪਾਸਕ ਅਤੇ ਉਪਾਸਕਾਵਾਂ ਦਾ ਵਿਸ਼ੇਸ਼ ਯੋਗਦਾਨ ਕਰਕੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ। ਦੁਪਹਿਰ ਤੋਂ ਬਾਅਦ ਸਾਰੇ ਉਪਾਸਕ ਅਤੇ ਉਪਾਸਕਾਵਾਂ , ਬੋਧੀ ਭਾਈਚਾਰਕ ਸਾਂਝ ਰਾਹੀਂ, ਪੂਰੇ ਅਨੁਸ਼ਾਸਨ ਅਤੇ ਸ਼ਾਂਤੀ ਨਾਲ ਪੈਦਲ ਮਾਰਚ ਬਿਹਾਰ ਸਟੇਟ ਦੇ ਮਾਨਯੋਗ ਮੁੱਖ ਮੰਤਰੀ ਸ੍ਰੀ ਨਿਤੀਸ਼ ਕੁਮਾਰ ਜੀ ਦੀ ਸਰਕਾਰੀ ਰਿਹਾਇਸ਼ ‘ਤੇ ਮੈਮੋਰੰਡਮ ਦਿੱਤਾ ਗਿਆ। ਜਿਸ ਵਿੱਚ ਮੰਗ ਕੀਤੀ ਗਈ ਕਿ ਬੌਧ ਗਯਾ ਮੰਦਰ ਐਕਟ 1949 ਨੂੰ ਰੱਦ ਕੀਤਾ ਜਾਵੇ ਅਤੇ ਬੋਧ ਗਯਾ ਮਹਾਂਬੁੱਧ ਮਹਾਂਵਿਹਾਰ ਦਾ ਨਿਰੋਲ ਕੰਟਰੋਲ ਬੋਧੀਆਂ ਨੂੰ ਸੌਂਪਿਆ ਜਾਵੇ । ਹੈਰਾਨੀ ਦੀ ਗੱਲ ਜਾਪਦੀ ਹੈ ਕਿ ਸਿੱਖਾਂ ਦੇ ਧਾਰਮਿਕ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਵਿੱਚ ਸਿਰਫ ਸਿੱਖ ਕੌਮ ਦੇ ਹੀ ਮੈਂਬਰ ਹੁੰਦੇ ਹਨ, ਦੂਸਰੀ ਕੌਮ ਜਾਂ ਵਰਗ ਦੇ ਮੈਂਬਰ ਨਹੀਂ ਹੁੰਦੇ।
ਇਸੇ ਤਰ੍ਹਾਂ ਇਸਾਈ ਮੱਤ ਦੀ ਪ੍ਰਬੰਧਕ ਕਮੇਟੀ ਵਿੱਚ ਇਸਾਈ ਮੱਤ ਦੇ ਅਹੁਦੇਦਾਰ ਹੁੰਦੇ ਹਨ, ਦੂਸਰੇ ਵਰਗ ਜਾਂ ਦੂਸਰੀ ਜਾਤ ਦਾ ਕੋਈ ਮੈਂਬਰ ਨਹੀਂ ਹੁੰਦਾ। ਇਸੇ ਤਰ੍ਹਾਂ ਹਿੰਦੂਆਂ ਦੇ ਮੰਦਰਾਂ ਦਾ ਪ੍ਰਬੰਧ ਉਨਾਂ ਦੀ ਪ੍ਰਬੰਧਕ ਕਮੇਟੀ ਖੁਦ ਆਪ ਕਰਦੀ ਹੈ, ਦੂਸਰੇ ਵਰਗਾਂ ਂ ਦਾ ਪ੍ਰਬੰਧਕ ਕਮੇਟੀ ਵਿੱਚ ਨੁਮਾਇੰਦਾ ਨਹੀਂ ਹੁੰਦਾ। ਫਿਰ ਸੋਚਣ ਵਾਲੀ ਗੱਲ ਹੈ ਕਿ ਬੋਧ ਗਯਾ ਮਹਾਂ ਬੁੱਧ ਮਹਾਂਵਿਹਾਰ ‘ਤੇ ਚਾਰ ਗੈਰ ਬੋਧੀ ਭਿਖਸ਼ੂਆਂ ਦਾ ਕਬਜ਼ਾ ਕਿਉਂ ? ਪੰਜਵਾਂ ਵਿਅਕਤੀ ਬੋਧ ਗਯਾ ਜਿਲ੍ਹੇ ਦਾ ਡੀ.ਐਮ, ਉਹ ਵੀ ਹਿੰਦੂ ਹੋਵੇਗਾ। ਅਜਿਹਾ ਕਿਉਂ ? ਇਸੇ ਗੱਲ ਦਾ ਬੋਧੀ ਭਾਈਚਾਰੇ ਵਿੱਚ ਭਾਰੀ ਰੋਸ ਹੈ। ਦੂਸਰਾ ਬੋਧ ਗਯਾ ਮੰਦਰ ਐਕਟ 1949 ਨੂੰ ਰੱਦ ਕੀਤਾ ਜਾਵੇ। ਜ਼ਰਾ ਸੋਚੋ ਤੇ ਦੇਖੋ ਕਿ 1947 ਵਿੱਚ ਸਾਡਾ ਦੇਸ਼ ਆਜ਼ਾਦ ਹੋਇਆ। 26 ਜਨਵਰੀ 1950 ਨੂੰ ਦੇਸ਼ ਦਾ ਸੰਵਿਧਾਨ ਲਾਗੂ ਹੋਇਆ। ਜਿਸ ਵਿੱਚ ਸਭ ਤੋਂ ਵੱਧ ਮਿਹਨਤ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੂੰ ਕਰਨੀ ਪਈ। ਸਾਰਾ ਦੇਸ਼ ਇਸ ਸੰਵਿਧਾਨ ਦੇ ਤਹਿਤ ਚੱਲਦਾ ਹੈ। ਫਿਰ ਬੋਧ ਗਯਾ ਮੰਦਰ ਐਕਟ 1949 ਨੂੰ ਰੱਦ ਕਿਉਂ ਨਹੀਂ ਕੀਤਾ ਗਿਆ? ਜੋ ਅਜੇ ਤੱਕ ਉਸੇ ਤਰ੍ਹਾਂ ਚੱਲ ਰਿਹਾ। ਇਹ ਵੀ ਇੱਕ ਸੋਚੀ ਸਮਝੀ ਚਾਲ ਨਜ਼ਰ ਆ ਰਹੀ ਹੈ।
ਬੋਧ ਗਯਾ ਮੁਕਤੀ ਅੰਦੋਲਨ ਨੂੰ ਹੋਰ ਤੇਜ਼ ਕਰਨ ਲਈ ਸ੍ਰੀ ਆਕਾਸ਼ ਲਾਮਾ ਜੀ, ਜਨਰਲ ਸਕੱਤਰ ਆਲ ਇੰਡੀਆ ਬੁੱਧਿਸਟ ਫੋਰਮ ਵਲੋਂ 27, 28 ਅਤੇ 29 ਜਨਵਰੀ 2025 ਨੂੰ ਪੰਜਾਬ ਵਿਖੇ ਬੁੱਧ ਗਯਾ ਮੁਕਤੀ ਅੰਦੋਲਨ ਦਾ ਪ੍ਰਚਾਰ ਅਤੇ ਪ੍ਰਸਾਰ ਕਰਨ ਲਈ ਦੌਰਾ ਕੀਤਾ। ਜਿੱਥੇ ਉਹਨਾਂ ਨੂੰ ਬੋਧੀ ਭਾਈਚਾਰੇ, ਬੁੱਧੀਜੀਵੀਆਂ, ਅੰਬੇਡਕਰੀ ਸਭਾਵਾਂ, ਬੁੱਧ ਵਿਹਾਰਾਂ ਦੇ ਬੋਧੀ ਉਪਾਸਕਾਂ ਅਤੇ ਉਪਾਸਕਾਵਾਂ ਵਲੋਂ ਪੂਰਨ ਸਹਿਯੋਗ ਮਿਲਿਆ। ਪੰਜਾਬੀਆਂ ਨੇ ਇਸ ਅੰਦੋਲਨ ਲਈ ਦਿਲ ਖੋਲ੍ਹ ਕੇ ਆਰਥਿਕ ਸਹਿਯੋਗ ਵੀ ਦਿੱਤਾ। ਪੰਜਾਬ ਦੇ ਬੋਧੀ ਭਾਈਚਾਰੇ ਵੱਲੋਂ ਵੱਖ -ਵੱਖ ਸੰਗਠਨਾਂ ਦੇ ਸਹਿਯੋਗ ਨਾਲ 23 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਮੈਮੋਰੰਡਮ ਵੀ ਦਿੱਤੇ। ਪਰ ਕੋਈ ਕੇਂਦਰ ਦੀ ਸਰਕਾਰ, ਬਿਹਾਰ ਦੀ ਸਰਕਾਰ , ਮੰਤਰੀਆਂ ਨੇ ਇਸ ਅੰਦੋਲਨ ਦਾ ਕੋਈ ਹੱਲ ਅਜੇ ਤੱਕ ਨਹੀਂ ਕੀਤਾ। ਬੋਧੀ ਭਿਖਸ਼ੂਆਂ ਅਤੇ ਸਮਰਥਕਾਂ ਵੱਲੋਂ ਬਿਹਾਰ ਜ਼ਿਲ੍ਹੇ ਵਿੱਚ ਬੋਧ ਗਯਾ ਮੁਕਤੀ ਅੰਦੋਲਨ ਸ਼ੋਭਾ ਬੱਸ ਯਾਤਰਾ ਕੱਢੀ ਗਈ। ਜਿਸ ਦਾ ਉਦੇਸ਼ ਲੋਕਾਂ ਨੂੰ ਲਾਮਬੰਦ ਕਰਕੇ ਇਸ ਅੰਦੋਲਨ ਤੋਂ ਜਾਣੂ ਕਰਾਉਣਾ ਸੀ। ਇਹ ਬੱਸ ਸ਼ੋਭਾ ਯਾਤਰਾ ਵੱਖ ਵੱਖ ਜਿਲਿਆਂ, ਸ਼ਹਿਰਾਂ, ਕਸਬਿਆਂ, ਪਿੰਡਾਂ, ਗਲੀ ਮੁਹੱਲਿਆਂ ਤੱਕ ਪਹੁੰਚੀ। ਇੱਥੇ ਹੀ ਬਸ ਨਹੀਂ, 12 ਫਰਵਰੀ 2025 ਤੋਂ ਬੋਧ ਗਯਾ ਮੰਦਰ ਦੇ ਸਾਹਮਣੇ ਬੋਧ ਗਯਾ ਮੁਕਤੀ ਅੰਦੋਲਨ ਦੇ ਤਹਿਤ ਵੱਡੀ ਗਿਣਤੀ ਵਿੱਚ ਬੋਧ ਭਿਖਸ਼ੂਆਂ, ਬੋਧੀ ਉਪਾਸਕਾਂ, ਉਪਾਸਕਾਵਾਂ, ਬੁੱਧੀਜੀਵੀਆਂ, ਅੰਬੇਡਕਰੀਆਂ ਸਭਾਵਾਂ, ਵਲੋਂ ਲਗਾਤਾਰ ਭੁੱਖ ਹੜਤਾਲ ਰੱਖੀ ਗਈ। ਦੇਸ਼ਾਂ ਵਿਦੇਸ਼ਾਂ ਤੋਂ ਭਿਖਸ਼ੂ ਸੰਘ ਇਸ ਧਰਨੇ ਵਿੱਚ ਆਉਣ ਲੱਗੇ। ਧਰਨੇ ਨੂੰ ਹੋਰ ਹੁਲਾਰਾ ਮਿਲਣ ਲੱਗਾ। ਧਰਨੇ ਦੇ 16ਵੇਂ ਦਿਨ ਭਾਵ 27 ਫਰਵਰੀ 2025 ਦੀ ਰਾਤ ਨੂੰ 1 ਵਜੇ ਬਿਹਾਰ ਸਟੇਟ ਦੀ ਜ਼ਾਲਮ ਸਰਕਾਰ ਦੇ ਹੁਕਮਾਂ ਰਾਹੀਂ ਬੋਧੀਆਂ ‘ਤੇ ਪੁਲਿਸ ਪ੍ਰਸ਼ਾਸਨ ਵਲੋਂ ਧੱਕੇਸ਼ਾਹੀ, ਹਮਲਾ ਕੀਤਾ ਗਿਆ। ਜਿਸ ਵਿੱਚ ਬਜ਼ੁਰਗ ਭਿਖਸ਼ੂਆਂ ਨਾਲ ਧੱਕਾ ਮੁੱਕੀ ਕੀਤੀ ਗਈ ਅਤੇ ਉਹਨਾਂ ਨੂੰ ਬੇਇੱਜਤ ਕੀਤਾ ਗਿਆ। ਦੂਸਰੇ ਲਫਜ਼ਾਂ ਵਿੱਚ ਕਹਿ ਸਕਦੇ ਹਾਂ ਕਿ ਉਥੋਂ ਸਾਰੇ ਭਿਖਸ਼ੂਆਂ , ਉਪਾਸਕਾਵਾਂ ਅਤੇ ਉਪਾਸਕਾਂ ਨੂੰ ਧਰਨੇ ਤੋਂ ਜਬਰਦਸਤੀ ਉਠਾ ਕੇ ਅਣਦੱਸੀ ਹੋਈ ਜਗ੍ਹਾ ‘ਤੇ ਲੈ ਗਏ, ਜਿੱਥੇ ਉਹ ਭੁੱਖੇ ਪਿਆਸੇ ਰਹੇ। ਉਹਨਾਂ ‘ਤੇ ਤਸ਼ੱਦਦ ਕੀਤਾ ਗਿਆ। ਇਸ ਘਟਨਾ ਦੀ ਦੇਸ਼ -ਵਿਦੇਸ਼ ਤੋਂ ਨਿੰਦਾ ਕੀਤੀ ਗਈ। ਨਤੀਜਾ ਇਹ ਨਿਕਲਿਆ ਕਿ ਧਰਨੇ ਦੀ ਜਗ੍ਹਾ ਬਦਲ ਦਿੱਤੀ ਗਈ। ਧਰਨਾ ਉਥੋਂ ਦੋ ਕਿਲੋਮੀਟਰ ਦੂਰ ਲਗਾਉਣ ਦੀ ਪ੍ਰਸ਼ਾਸਨ ਨੇ ਬੋਧੀਆਂ ਨੂੰ ਇਜਾਜ਼ਤ ਦੇ ਦਿੱਤੀ। ਜਿੱਥੇ ਬੋਧੀਆਂ ਵੱਲੋਂ ਭੁੱਖ ਹੜਤਾਲ ਨਿਰੰਤਰ ਜਾਰੀ ਹੈ। ਬਿਹਾਰ ਸਟੇਟ ਨੇ ਧਰਨੇ ‘ਤੇ ਬੈਠੇ ਭਿਖਸ਼ੂਆਂ,ਉਪਾਸਕਾਂ,ਉਪਾਸਕਾਂਵਾਂ ਨੂੰ ਕੋਈ ਡਾਕਟਰੀ ਸਹਾਇਤਾ ਦੇਣੀ ਵੀ ਮੁਨਾਸਬ ਨਹੀਂ ਸਮਝੀ। ਬੋਧ ਗਯਾ ਦਾ ਇਹ ਮੁੱਦਾ ਪਾਰਲੀਮੈਂਟ ਵਿੱਚ ਚੰਦਰ ਸ਼ੇਖਰ ਆਜ਼ਾਦ, ਬਿਹਾਰ ਵਿਧਾਨ ਸਭਾ ਵਿੱਚ ਵਿਧਾਇਕ ਸਤੀਸ਼ ਕੁਮਾਰ ਨੇ ਉਠਾਇਆ ਗਿਆ । ਪੰਜਾਬ ਵਿਧਾਨ ਸਭਾ ਵਿੱਚ ਬਹੁਜਨ ਸਮਾਜ ਪਾਰਟੀ ਦੇ ਨਵਾਂ ਸ਼ਹਿਰ ਤੋਂ ਵਿਧਾਇਕ ਡਾਕਟਰ ਨਛੱਤਰ ਪਾਲ ਜੀ ਨੇ 27 ਮਾਰਚ 2025 ਨੂੰ ਉਠਾਇਆ ਸੀ। ਉਹਦਾ ਸਰਕਾਰ ਤੋਂ ਮੰਗ ਕੀਤੀ ਕਿ ਬੋਧ ਗਯਾ ਮਹਾਂਬੁਧ ਮਹਾਂਵਿਹਾਰ ਦਾ ਕੰਟਰੋਲ ਨਿਰੋਲ ਬੋਧੀਆ ਨੂੰ ਸੌਂਪਿਆ ਜਾਵੇ । *ਬੌਧ ਗਯਾ ਮੰਦਰ ਐਕਟ 1949 ਨੂੰ ਰੱਦ ਕੀਤਾ ਜਾਵੇ। *ਪੰਜਾਬ ਸਰਕਾਰ ਬੁੱਧ ਪੂਰਨਿਮਾ ਦੀ ਗਜ਼ਟਿਡ ਛੁੱਟੀ ਕਰੇ।
*ਸੰਗੋਲ ਨੂੰ ਇਤਿਹਾਸਿਕ ਟੂਰਿਸਟ ਹੱਬ ਦੇ ਤੌਰ ‘ਤੇ ਵਿਕਸਿਤ ਕੀਤਾ ਜਾਵੇ ਤਾਂ ਜੋ ਵਿਦੇਸ਼ਾਂ ਤੋਂ ਬੋਧੀ ਭਿਖਸ਼ੂ ਅਤੇ ਉਪਾਸਕ ਯਾਤਰੀਆਂ ਦੇ ਤੌਰ ‘ਤੇ ਆ ਸਕਣ। ਜਿਸ ਨਾਲ ਸਰਕਾਰ ਦੀ ਆਮਦਨ ਵਿੱਚ ਵੀ ਵਾਧਾ ਹੋਵੇਗਾ।
*ਘੱਟ ਗਿਣਤੀਆਂ ਕਮਿਸ਼ਨ ਵਿੱਚ ਬੋਧੀਆਂ ਦੀ ਵੀ ਨੁਮਾਇੰਦਗੀ ਹੋਵੇ। ਸਰਕਾਰ ਨੇ ਅਜੇ ਤੱਕ ਕੋਈ ਸੁਰ ਪਤਾ ਨਹੀਂ ਦਿੱਤਾ। ਬੋਧੀ ਭਿਖਸ਼ੂ ਭੁੱਖ ਅਤੇ ਮੌਸਮ ਵਿਚ ਆਈ ਤਬਦੀਲੀ ਕਾਰਨ ਡਿੱਗ ਰਹੇ ਹਨ
ਸਰਕਾਰਾਂ ਕੋਈ ਸਾਰ ਨਹੀਂ ਲੈ ਰਹੀਆਂ। ਸਗੋਂ ਇਹਨਾਂ ਦਲਿਤ ਲੋਕਾਂ ਨੂੰ ਸਿਰਫ ਵੋਟਾਂ ਪਾਉਣ ਲਈ ਹੀ ਰੱਖਿਆ ਹੋਇਆ। ਭਾਰਤ ਇਕ ਦੁਨੀਆਂ ਦਾ ਲੋਕਤੰਤਰਿਕ ਦੇਸ਼ ਹੈ। ਭਾਰਤੀ ਲੋਕਾਂ ਨੂੰ ਸੰਵਿਧਾਨ ਮੁਤਾਬਕ ਮੌਲਿਕ ਅਧਿਕਾਰ ਪ੍ਰਾਪਤ ਹਨ। ਇਸ ਤਰਾਂ ਮੌਲਿਕ ਅਧਿਕਾਰਾਂ ਦੇ ਮਸਲੇ ਸਰਕਾਰਾਂ ਨੇ ਹੀ ਸੁਲਝਾਉਣੇ ਹੁੰਦੇ ਹਨ। ਸੋ ਕੇਂਦਰ ਸਰਕਾਰ ਅਤੇ ਬਿਹਾਰ ਦੀ ਸਰਕਾਰ ਨੂੰ ਇਸ ਮੁੱਦੇ ‘ਤੇ ਗੰਭੀਰਤਾ ਨਾਲ ਗੌਰ ਕਰਕੇ ਤੁਰੰਤ ਬੋਧੀ ਭਾਈਚਾਰੇ ਦੇ ਮੌਲਿਕ ਅਧਿਕਾਰਾਂ ਦੀ ਰਖਵਾਲੀ ਕਰਨੀ ਚਾਹੀਦੀ ਹੈ। ਜਿਸ ਨਾਲ ਦੇਸ਼ ਵਿੱਚ ਸ਼ਾਂਤੀ ਦਾ ਮਾਹੌਲ ਪੈਦਾ ਹੋਵੇ, ਲੋਕ ਸਨਮਾਨ ਦੀ ਜ਼ਿੰਦਗੀ ਜੀ ਸਕਣ।
-ਪ੍ਰਿੰਸੀਪਲ ਪਰਮਜੀਤ ਜੱਸਲ ਡਾ. ਬੀ. ਆਰ. ਅੰਬੇਡਕਰ ਪਬਲਿਕ ਸਕੂਲ ਬੁਲੰਦਪੁਰ, ਜਲੰਧਰ। 98721 80653
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj