ਨੀਲਾ ਅਗੂੰਠਾ

ਜੋਗਿੰਦਰ ਬਾਠ ਹੌਲੈਂਡ
 (ਸਮਾਜ ਵੀਕਲੀ) ਬਾਕੀ ਪਿਆਰੇ ਮਿੱਤਰੋ ਇਹ ਤਸਵੀਰ ਬੇਬੇ ਦੇ ਮਰਨ ਤੋਂ ਮਹੀਨਾ ਕੁ ਹੀ ਪਹਿਲਾਂ ਦੀ ਹੈ ..ਮੈਂ ਆਖਰੀ ਦਿਨਾਂ ਵਿੱਚ ਤਿੰਨ ਮਹੀਨੇ ਉਸ ਕੋਲ ਰਿਹਾ ਸੀ। ਉਸ ਨੂੰ ਮਰਦੀ ਜੀਉਂਦੀ ਵੇਖਿਆ ਸੀ। ਇਸ ਤਸਵੀਰ ਵੇਲੇ ਬੇਬੇ ਇੱਕ ਵਾਰ ਪੂਰੀ ਕੈਂਮ ਹੋ ਗਈ ਸੀ ਲੜਨ ਝੱਘੜਨ ਵੀ ਲੱਗ ਪਈ ਸੀ ਤੇ ਵਾਂਢੇ ਜਾਣ ਆਉਣ ਦੀਆਂ ਵਿਉਂਤਾਂ ਵੀ ਬਨਾਉਣ ਲੱਗ ਪਈ ਸੀ। ਉਸ ਨੂੰ ਹਰ ਵੀਰਵਾਰ ਨਿਗਾਹੇ ਦੁੱਧ ਚੜਾਉਣ ਦੇ ਨਾਗੇ ਸਤਾਉਣ ਲੱਗ ਪਏ ਸਨ ਜੋਂ ਉਸ ਦੀ ਬਿਮਾਰੀ ਦੀ ਵਜਾਹ ਨਾਲ ਪੈ ਗਏ ਸਨ। ਹਰ ਨਵੀਂ ਸੂਈ ਮੱਝ ਦੇ ਦੁੱਧ ਦੀ ਖੀਰ ਉਹ ਹਮੇਸ਼ਾ ਬਾਬੇ ਬੁੱਢੇ ਚੱੜ੍ਹਾ ਕੇ ਆਉਂਦੀ ਸੀ। ਮੈਂ ਸੋਚਿਆ ਬੇਬੇ ਹੁਣ ਤੰਦਰੂਸਤ ਹੈ ਤੇ ਸਿਆਲ ਵੀ ਨਿੱਕਲ ਚੱਲਿਆ ਹੈ। ਪੰਜਾਬ ਦੇ ਬਜ਼ੁਰਗਾਂ ਲਈ ਸਿਆਲ ਖਤਰਨਾਖ ਹੁੰਦਾ ਹੈ। ਲੋਕ ਆਂਮ ਕਹਿ ਦਿੰਦੇ ਸਨ ਜੇ ਇਹ ਸਿਆਲ ਕੱਢ ਗਿਆ ਤਾਂ ਫਿਰ ਨਹੀਂ ਮਰਦਾ ਬੁੱਢਾ ਦਸ ਸਾਲ।
ਪਰੰਤੂ ਬੇਬੇ ਦਾ ਇੱਕ ਅੰਕਾਉਂਟ ਵੀ ਸੀ ਪੰਜਾਬ ਐਡ ਸਿੰਧ ਬੈਂਕ ਵਿੱਚ। ਜਿਸ ਵਿੱਚ ਕੋਈ 20 ਕੁ ਹਜ਼ਾਰ ਰੁਪੈ ਸਨ। ਮੇਰੀ ਭਰਜਾਈ ਬੋਲੀ “ਭਾ ਜੀ ਤੁਸੀਂ ਚੱਲੇ ਹੋ ਜੇ ਬੇਬੇ ਨੂੰ ਕੁਸ਼ ਹੋ ਗਿਆ ਤਾਂ ਫਿਰ ਯੱਬ ਪਊ ਹੋ ਸਕਦਾ ਹੈ ਦੋਹਾਂ ਕੁੜੀਆਂ ਨੂੰ ਵੀ ਸੱਦਣਾ ਪਵੇ ..? ਇੱਕ ਹੁਣ ਕਨੇਡਾ ਹੈ ਉਹਨੁੰ ਕਿੱਥੋ ਸੱਦਾਗੇ..?.ਐਵੇਂ ਪੈਸ਼ੈ ਪਏ ਰਹਿਣਗੇ ਅਕਾਂਊਟ ਵਿੱਚ..ਨਾ ਕਿਸੇ ਧੀ ਦੇ ਕੰਮ ਤਾਂ ਨਾ ਕਿਸੇ ਪੁੱਤ ਦੇ ਕੰਮ”।  ਗੱਲ ਮੇਰੇ ਵੀ ਖਾਨੇ ਲੱਗੀ ਮੈਂ ਦੂਰ ਬੈਠੀ ਬੇਬੇ ਵੱਲ ਇੱਕ ਵਾਰ ਵੇਖਿਆ ਤਾਂ ਉਹ ਮੈਨੂੰ ਨਦੀ ਕਿਨਾਰੇ ਰੁੱਖੜਾ ਦਿਸੀ। “
ਭਾ ਜੀ ਤੁਹਾਡੀ ਗੱਲ ਮੰਨ ਲਵੇਗੀ ਜੇ ਪੈਸੇ ਬੇਬੇ ਦੇ ਜਿਉਂਦੇ ਜੀ ਨਿੱਕਲ ਆਉਣ ਤਾਂ ਚੰਗਾ ਹੈ ….ਹੁਣ ਤੁਸੀਂ ਵੀ ਚਲੇ ਜਾਣਾ ਹੈ” ਗੱਲ ਮੈਨੂੰ ਵੀ ਜੱਚ ਗਈ। ਮੈਂ ਤੇ ਮੇਰਾ ਭਤੀਜਾ ਬੈਂਕ ਮਨੇਜਰ ਕੋਲ ਗਏ ਉਸ ਨੇ ਸਾਰੇ ਪੇਪਰ ਤਿਆਰ ਕਰ ਜਿੱਥੇ ਬੇਬੇ ਦਾ ਅਗੁੰਠਾਂ ਲੱਗਣਾ ਸੀ ਪੈਨ ਨਾਲ ਛੋਟੇ ਛੋਟੇ ਕਰੌਸ ਵਾਹ ਦਿੱਤੇ ਸਨ.. ਨਾਲ ਅੰਗੂਠਾ ਲਾਉਣ ਵਾਲੀ ਸ਼ਿਆਹੀ ਦੀ ਡੱਬੀ ਵੀ ਦੇ ਦਿੱਤੀ ਸੀ। ਅਸੀਂ ਹੁਣ ਬੇਬੇ ਮੁੱਢ ਬੈਠੇ ਬੇਬੇ ਨੂੰ ਪੇਪਰਾਂ ਤੇ ਗੂਠਾ ਲਾਉਣ ਲਈ ਤਿਆਰ ਕਰਨ ਲੱਗੇ ਪਰ ਬੇਬੇ ਜਿਹੜੀ ਸਵੇਰੇ ਕਹਿੰਦੀ ਸੀ ਪੁੱਤ ਨਾ ਜਾਹ ਮੈਂ ਨਹੀ ਬਚਣਾ ..ਹੁਣ ਨਿਹੋਰੇ ਮਾਰ ਰਹੀ ਸੀ ..ਤੂਸੀਂ ਮੈਨੂੰ ਜੀਊਂਦੀ ਨੂੰ ਮਾਰਨਾ ਚਾਹੁੰਦੇ ਹੋ…ਜਾਂ ਤੁੰ ਚਲਾ ਜਾਹ ਮੈਨੂੰ ਕੁਸ਼ ਨਹੀ ਹੁੰਦਾ ਆ ਗਿਆ ਵੱਡਾ ਚੱਤਰ ਚਲਾਕ ਮੈਨੂੰ ਲੁੱਟਣ ਲਈ”। ਦੋ ਘੰਟੇ ਦੀਆਂ ਦਲੀਲਾ ਮੂਹਰੇ ਬਿਮਾਰ ਬੇਬੇ ਹਾਰ ਗਈ ਸੀ। ਅਸੀਂ ਹੁਣ ਬੇਬੇ ਨੂੰ ਸੰਮਝਾਉਣ ਲੱਗੇ ਬੇਬੇ ਜਿੰਨਾ ਚਿਰ ਤੂੰ ਜਿੰਦਾ ਹੈ ਪੈਸੇ ਤੇਰੇ ਹੀ ਰਹਿਣਗੇ ..ਇਹ ਪੇਪਰ ਇਸ ਲਈ ਬਣਵਾਏ ਹਨ ਸਿਰਫ ਤੇਰੇ ਮਰਨ ਤੋਂ ਬਾਦ ਅਸੀਂ ਪੈਸੈ ਕਢਾ ਸਕੀਏ ਸਿਰਫ ਇਸ ਲਈ ਹਨ। ਬੇਬੇ ਨਾ ਚਾਹੁੰਦੀ ਹੋਈ ਵੀ ਮੰਨ ਗਈ ਉਸ ਨੇ ਨੀਲੀ ਸਿਆਹੀ ਵਿੱਚ ਗੱਡ  ਗੂਠਾ ਲਾ ਦਿੱਤਾ।ਇਹ ਮੇਰਾ ਆਖਰੀ ਦਿਨ ਸੀ। ਫਿਰ ਬੇਬੇ ਮੇਰੇ ਨਾਲ ਚੱਜ ਨਾਲ ਨਹੀ ਬੋਲੀ ਸੀ ਤੇ ਨਾ ਹੀ ਉਸ ਨੇ ਮੇਰੇ ਵੱਲ ਵੇਖਿਆ। ਉਹ ਘੜੀ ਮੁੜੀ ਆਪਣੇ ਨੀਲੇ ਗੂਠੇ ਨੂੰ ਵੇਖ ਰਹੀ ਸੀ, ਕਦੀ ਅੱਖਾਂ ਤੋਂ ਦੂਰ ਕਰਕੇ ਤੇ ਕਦੀ ਅੱਖਾਂ ਦੇ ਬਹੁਤ ਹੀ ਨੇੜੇ ਕਰਕੇ। ਮੈਂ ਬੇਬੇ ਤੋਂ ਵਿਦਾ ਲੈਣ ਲਈ ਉਸ ਕੋਲ ਜਾ ਜੱਫੀ ਪਾ ਮਿਲਿਆ ਪਰ ਬੇਬੇ ਦਾ ਵਿਹਾਰ ਬਰਫ਼ ਵਰਗਾ ਠੰਡਾ ਸੀ।
ਮੇਰੇ ਘਰੋਂ ਤੁਰਨ ਵੇਲੇ ਬੇਬੇ ਨੇ ਕਿਹਾ ਸੀ ” ਪੁੱਤ ਹੁਣ ਤੂੰ ਸੱਭ ਕੁਸ਼ ਮੁੱਕ ਮੁਕਾ ਚੱਲਿਆ ਏ ਤੇ ਮੈਨੂੰ ਵੀ ਮੁਕਾ ਕੇ ਹੀ ਜਾਂਵੀ ..ਵਰਨਾ ਤੇਰਾ ਇੱਕ ਗੇੜਾ ਹੋਰ ਲੱਗੂਗਾ ..ਤੇ ਤੇਰੇ ਪੈਸੇ ਖ਼ਰਚ ਹੋਣਗੇ ..ਨਾਲੇ ਮੈਨੂੰ ਯਕੀਨ ਹੈ ਤੂੰ ਮੇਰਾ ਕਿਰਿਆ ਕਰਮ ਮੇਰੇ ਹੀ ਪੈਸਿਆਂ ਨਾਲ ਕਰ ਜਾਵੀ …ਮੈਂ ਤੈਨੂੰ ਹੋਰ ਕੁਸ਼ ਨਹੀ ਕਹਿਣਾ…ਤੂੰ ਹੀ ਮੇਰਾ ਸਹੀ ਤਰੀਕੇ ਨਾਲ ਮਰਨਾ ਕਰੇਗਾਂ.. ਮੈਨੂੰ ਨਹੀ ਇਹਨਾਂ ਤੇ ਯਕੀਨ…ਹੁਣ ਤਾਂ ਤੇਰੇ ਤੇ ਵੀ ਨਹੀ ..ਰਿਹਾ”। ਬੇਬੇ ਨੇ ਇੱਕ ਵਾਰ ਫਿਰ ਆਪਣਾ ਨੀਲਾ ਅਗੂੰਠਾ ਵੇਖਿਆ ..ਬੇਬੇ ਦਾ ਇਸ਼ਾਰਾ ਮੇਰੇ ਬਾਪੂ ਤੇ ਭਰਜਾਈ ਵੱਲ ਸੀ ਬੇਬੇ ਅੱਗੇ ਬੋਲੀ।
 “ਜੇ ਤੂੰ ਮੇਰਾ ਪੁੱਤ ਹੈ ਤਾਂ ਮੇਰਾ ਮਰਨਾ ਪੂਰੀ ਟੌਹਰ ਨਾਲ ਕਰੀ ..ਮੈਂ ਸ਼ਰੀਕੇ ਵਿੱਚ ਬਹੁਤ ਮਰਨੇ ਵਿਆਹ ਖਾਧੇ ਹਨ …ਲੋਕ ਕੀ ਆਖਣਗੇ.. ਪਰੀਤੋ ਲੋਕਾਂ ਦਾ ਖਾ ਕੇ ਮਰਗੀ..? ਤੇ ਬੇਬੇ ਦਾ ਗੱਚ ਭਰ ਆਇਆ ਸੀ ਤੇ ਮੇਰਾ ਵੀ।ਮੈ ਬੇਬੇ ਦੀ ਗੱਲ ਤੇ ਯਕੀਨ ਨਹੀ ਕੀਤਾ ਮੇਰੇ ਹੌਲੈਂਡ ਆਉਣ ਤੋਂ ਬਾਦ  ਬੇਬੇ ਨੇ ਮਸਾਂ ਮਹੀਨਾ ਹੀ ਕੱਢਿਆ।
ਪੰਜ ਫਰਬਰੀ ਨੂੰ ਮੈਂ ਵਾਪਸ ਆਇਆ ਸੀ ਤੇ ਛੇ ਮਾਰਚ ਨੂੰ ਬੇਬੇ ਖਤਮ ਹੋ ਗਈ ..ਪਰੰਤੂ ਬੇਬੇ ਦਾ ਮਰਨਾ ਮੈਂ ਖੂਬ ਬੇਬੇ ਦੀ ਇੱਛਾ ਮੁਤਾਬਿਕ ਕੀਤਾ ਵੱਡਾ ਕੱਠ ਕੀਤਾ ..30 30 ਸਾਲ ਤੋਂ ਜੋ ਰਿਸ਼ਤੇਦਾਰ ਸਾਡੇ ਘਰ ਨਹੀ ਆਏ ਸਨ ਉਹ ਵੀ ਆਏ .ਮੈ ਬੇਬੇ ਦਾ ਭੋਗ ਨਾਸਤਿਕ ਹੋਣ ਦੇ ਬਾਵਜੂਦ ਵੀ ਉਸ ਦੀ ਇੱਛਾ ਮੁਤਾਬਿਕ ਪਾਇਆ ਲੱਡੂ ਜਲੇਬੀਆਂ ਤੇ ਨੰਬਰ ਵੰਨ ਖਾਣਾ ਬਣਵਾਇਆ। ਮੈ ਸੋਚਿਆ ਜੇ ਮੈਂ ਵਾਕਿਆ ਹੀ ਤਰਕਸ਼ੀਲ ਨਾਸਤਿਕ ਹਾਂ ਤਾਂ ਮੈਨੂੰ ਆਪਣੀ ਬੇਬੇ ਦੀ ਅੰਤਮ ਇੱਛਾ ਜਰੂਰ ਪੂਰੀ ਕਰਨੀ ਚਾਹੀਦੀ ਹੈ ..ਸਾਰੀ ਦੁਨੀਆਂ ਥੋਹੜੀ ਤਰਕਸ਼ੀਲ ਹੈ…।
ਬੇਬੇ ਦਾ ਨਲਾਇਕ ਪੁੱਤ।
ਜੋਗਿੰਦਰ ਬਾਠ ਹੌਲੈਂਡ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬਾਜੀਗਰ ਅਤੇ ਉਹਨਾਂ ਦੇ ਕਰਤੱਵ
Next articleਚਾਰ ਰੋਜ਼ਾ ਮੈਕਆਟੋ ਐਕਸਪੋ 2025 ਦੇ ਉਦਘਾਟਨ ਮੌਕੇ ਸ਼ਾਨਦਾਰ ਹੁੰਗਾਰਾ ਮਿਲਿਆ।