ਬਲਿੰਕਨ ਤੇ ਜੈਸ਼ੰਕਰ ਵੱਲੋਂ ਅਫ਼ਗਾਨਿਸਤਾਨ ਬਾਰੇ ਚਰਚਾ

ਵਾਸ਼ਿੰਗਟਨ (ਸਮਾਜ ਵੀਕਲੀ):  ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨਾਲ ਅੱਜ ਭਾਰਤੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅਫ਼ਗਾਨਿਸਤਾਨ ਦੀ ਸਥਿਤੀ ਉਤੇ ਵਿਚਾਰ-ਵਟਾਂਦਰਾ ਕੀਤਾ। ਇਸ ਹਫ਼ਤੇ ਵਿਚ ਦੋਵਾਂ ਦੀ ਇਹ ਦੂਜੀ ਮੁਲਾਕਾਤ ਹੈ। ਦੋਵੇਂ ਮੁਲਕ ਇਸ ਮੁੱਦੇ ਉਤੇ ਨੇੜਿਓਂ ਤਾਲਮੇਲ ਕਰਦੇ ਰਹਿਣ ਲਈ ਸਹਿਮਤ ਹੋਏ ਹਨ। ਜ਼ਿਕਰਯੋਗ ਹੈ ਕਿ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫ਼ਗਾਨਿਸਤਾਨ ਵਿਚ ਉਥਲ-ਪੁਥਲ ਦੀ ਸਥਿਤੀ ਹੈ। ਬਲਿੰਕਨ ਨੇ ਜੈਸ਼ੰਕਰ ਨਾਲ ਅੱਜ ਫੋਨ ਉਤੇ ਗੱਲਬਾਤ ਕੀਤੀ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੈੱਡ ਪ੍ਰਾਈਸ ਨੇ ਕਿਹਾ ਕਿ ਉਹ ਭਾਰਤ ਨਾਲ ਇਸ ਮੁੱਦੇ ਉਤੇ ਕਰੀਬੀ ਤਾਲਮੇਲ ਬਰਕਰਾਰ ਰੱਖਣਗੇ। ਇਸ ਤੋਂ ਪਹਿਲਾਂ ਦੋਵਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਸੋਮਵਾਰ ਅਫ਼ਗਾਨਿਸਤਾਨ ਬਾਰੇ ਵਿਚਾਰ-ਚਰਚਾ ਕੀਤੀ ਸੀ।

ਜੈਸ਼ੰਕਰ ਨੇ ਉਸ ਵੇਲੇ ਕਾਬੁਲ ਹਵਾਈ ਅੱਡੇ ਤੋਂ ਉਡਾਣਾਂ ਬਹਾਲ ਕਰਨ ਉਤੇ ਜ਼ੋਰ ਪਾਇਆ ਸੀ ਜੋ ਕਿ ਤਾਲਿਬਾਨ ਦੇ ਰਾਜਧਾਨੀ ਵਿਚ ਦਾਖਲ ਹੋਣ ਤੋਂ ਬਾਅਦ ਬੰਦ ਕਰ ਦਿੱਤੀਆਂ ਗਈਆਂ ਸਨ ਕਿਉਂਕਿ ਵੱਡੀ ਗਿਣਤੀ ਲੋਕ ਹਵਾਈ ਅੱਡੇ ਉਤੇ ਇਕੱਠੇ ਹੋ ਗਏ ਸਨ। ਇਸ ਦੌਰਾਨ ਜੈਸ਼ੰਕਰ ਨੇ ਅਮਰੀਕਾ ਤੋਂ ਵਾਪਸ ਪਰਤਣ ਮੌਕੇ ਦੋਹਾ ਵਿੱਚ ਕੀਤੇ ਪੜਾਅ ਦੌਰਾਨ ਕਤਰ ਦੇ ਆਪਣੇ ਹਮਰੁਤਬਾ ਸ਼ੇਖ ਮੁਹੰਮਦ ਬਿਨ ਅਬਦੁਲਰਹਿਮਾਨ ਅਲ-ਥਾਨੀ ਨਾਲ ਗੱਲਬਾਤ ਕਰਕੇ ਅਫ਼ਗ਼ਾਨਿਸਤਾਨ ਦੇ ਮੌਜੂਦਾ ਹਾਲਾਤ ’ਤੇ ਚਰਚਾ ਕੀਤੀ। ਇਸ ਤੋਂ ਪਹਿਲਾਂ ਵੀਰਵਾਰ ਜੈਸ਼ੰਕਰ ਨੇ ਕਿਹਾ ਸੀ ਕਿ ਭਾਰਤ ਕੌਮਾਂਤਰੀ ਸਹਿਯੋਗੀਆਂ, ਖਾਸ ਕਰ ਕੇ ਅਮਰੀਕਾ ਨਾਲ ਮਿਲ ਕੇ ਕੰਮ ਕਰ ਰਿਹਾ ਹੈ ਤਾਂ ਕਿ ਭਾਰਤੀ ਨਾਗਰਿਕਾਂ ਨੂੰ ਅਫ਼ਗਾਨਿਸਤਾਨ ਤੋਂ ਵਤਨ ਵਾਪਸ ਲਿਆਂਦਾ ਜਾ ਸਕੇ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਪੁਲੀਸ ’ਚ ਫੇਰਬਦਲ: 41 ਅਧਿਕਾਰੀਆਂ ਦੇ ਤਬਾਦਲੇ; ਅੰਮ੍ਰਿਤਸਰ, ਲੁਧਿਆਣਾ ਨੂੰ ਨਵੇਂ ਕਮਿਸ਼ਨਰ ਮਿਲੇ
Next articleਸ੍ਰੀਲੰਕਾ ਵੱਲੋਂ ਦਸ ਦਿਨਾ ਇਕਾਂਤਵਾਸ ਕਰਫਿਊ ਦਾ ਐਲਾਨ