(ਸਮਾਜ ਵੀਕਲੀ)
ਵੋਟਾਂ ਆਉਣ ਵਾਲੀਆਂ ਨੇ
ਅਤੇ ਆਉਣ ਵਾਲੇ ਨੇ
ਤੁਹਾਡਿਆਂ ਦਰਾਂ ਤੇ ਚੋਰ
ਲੁਟੇਰੇ, ਝੂਠੇ ਅਤੇ ਧੋਖੇਬਾਜ,
ਪਛਾਣ ਰੱਖਿਓ ਇਹਨਾਂ ਦੀ
ਇਹ ਚਿੱਟੇ ਕੁੜਤੇ ਪਜਾਮਿਆਂ ਵਿੱਚ
ਕਾਲੇ ਦਿਲ ਅਤੇ ਮਰੇ ਜਮੀਰ ਲੈ ਕੇ
ਤੁਹਾਡੇ ਕੋਲ ਆਉਣਗੇ,
ਇਹਨਾਂ ਨਾਲ ਆਉਣਗੇ
ਤੁਹਾਡੇ ਆਲੇ-ਦੁਆਲੇ ਹੀ ਰਹਿੰਦੇ
‘ਅੰਨ੍ਹੇ ਭਗਤ’
ਜਿਹਨਾ ਨੂੰ ਕਦੇ
ਆਪਣੇ ਮਾਲਕ ਦੀ
ਗਲਤੀ ਨਹੀਂ ਦਿਸਦੀ,
ਇਹਨਾਂ ਕਦੇ ਗ਼ਲਤ ਨੂੰ ਗ਼ਲਤ
ਅਤੇ ਸਹੀ ਨੂੰ ਸਹੀ ਨਹੀਂ ਕਿਹਾ,
ਇਹਨਾਂ ਨੂੰ ਦੇਸ਼ ਵਿੱਚ
ਦਿਨ ਪ੍ਰਤੀ ਦਿਨ ਵੱਧਦੀ
ਮਹਿੰਗਾਈ ਨਹੀਂ ਦਿਸਦੀ,
ਇਹਨਾਂ ਦੇ ਆਕਾਂਵਾ ਵੱਲੋਂ
ਇਹਨਾਂ ਦਾ ਹੀ ਖੂਨ ਚੂਸ ਕੇ ਕੀਤੀ
ਕਾਲੀ ਕਮਾਈ ਨਹੀਂ ਦਿਸਦੀ,
ਇਹਨਾਂ ਦੀ ਪਛਾਣ ਤਾਂ ਤੁਹਾਨੂੰ ਹੋਵੇਗੀ ਹੀ
ਇਹ ਸਭ ਤੋਂ ਖਤਰਨਾਕ ਹੋਣਗੇ
ਕਰੋਨਾ ਤੋਂ ਵੀ ਖ਼ਤਰਨਾਕ
ਕੈਂਸਰ ਜਿਹੇ ਲਾ- ਇਲਾਜ,
ਆਪਣੇ ਆਕਾ ਦੇ ਸੱਚੇ ਭਗਤ
ਇਨਸਾਨੀਅਤ ਦੇ ਅਸਲ ਕਾਤਲ,
ਇਹ ਵਰਗਲਾਉਣਗੇ ਤੁਹਾਨੂੰ,
ਨਸ਼ੇ ਦਾ, ਪੈਸੇ ਦਾ ਲਾਲਚ ਦੇ ਕੇ
ਆਪਣੇ ਪਿੱਛੇ ਲਾਉਣਗੇ ਤੁਹਾਨੂੰ,
ਇਹ ਅੰਨ੍ਹੇ ਭਗਤ ਧਰਮ ਦੇ ਨਾਂ ਤੇ
ਤੁਹਾਡਾ ਬਸੀਕਰਨ ਕਰਨਗੇ,
ਇਹਨਾਂ ਧਰਮਾਂ-ਜਾਤਾਂ ਦੇ ਨਾਂ ਤੇ
ਦੰਗੇ ਕਰਵਾ ਆਪ ਲੁੱਕ-ਛਿਪ ਜਾਣਾ,
ਇਹਨਾਂ ਪਿੱਛੇ ਲੱਗ ਆਪਸ ਵਿੱਚ ਲੜ ਕੇ
ਅਸਾਂ ਆਪ ਲੜ-ਖਪ ਕੇ ਮਰ-ਮੁਕ ਜਾਣਾ,
ਇਸ ਲਈ ਬਚੋ ਇਹਨਾਂ ਤੋਂ
ਇਹ ਉਹਨਾਂ ਚਿਟ ਕਪੜੀਏ
ਸੱਪਾਂ ਦੇ ਉਹ ਸਪੋਲੀਏ ਨੇ
ਜਿਨ੍ਹਾਂ ਦਾ ਜ਼ਹਿਰ ਸੱਪਾਂ ਨਾਲੋਂ
ਜ਼ਿਆਦਾ ਜ਼ਹਿਰੀਲਾ ਹੁੰਦਾ ਹੈ।
ਚਰਨਜੀਤ ਸਿੰਘ ਰਾਜੌਰ
8427929558
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly