ਘਰਾਂ ਵਿੱਚ ਬਰਕਤ ਇੰਜ ਆਏਗੀ

ਪ੍ਰਭਜੋਤ ਕੌਰ ਢਿੱਲੋਂ ਮੁਹਾਲੀ

(ਸਮਾਜ ਵੀਕਲੀ)

ਘਰਾਂ ਵਿੱਚ ਕਈ ਵਾਰ ਪੈਸਾ ਤਾਂ ਕਮਾਈ ਕਰਕੇ ਬਹੁਤ ਆਉਂਦਾ ਹੈ ਪਰ ਬਰਕਤ ਨਹੀਂ ਹੁੰਦੀ।ਮਿਹਨਤ ਵੀ ਕੀਤੀ ਜਾਂਦੀ ਹੈ ਪਰ ਕੁੱਝ ਵੀ ਸਹੀ ਨਹੀਂ ਲੱਗਦਾ।ਪੈਸੇ ਦੀ ਘਾਟ ਅਤੇ ਕਮੀ ਅਖੜਦੀ ਰਹਿੰਦੀ ਹੈ।ਪੈਸੇ ਦੀ ਕਮੀ ਜਦੋਂ ਅਖੜਨ ਲੱਗੇ ਤਾਂ ਘਰ ਦਾ ਮਾਹੌਲ ਵੀ ਵਿਗੜ ਜਾਂਦਾ ਹੈ।ਹਰ ਕੋਈ ਇਕ ਦੂਸਰੇ ਦੇ ਨਾਲ ਖਿੱਝਦਾ ਹੈ।ਲੜਾਈ ਝਗੜੇ ਘਰ ਵਿੱਚ ਰੋਜ਼ ਦੀ ਗੱਲ ਬਣ ਜਾਂਦੇ ਹਨ। ਬਜ਼ੁਰਗ ਕਹਿ ਗਏ ਹਨ,”ਕਲਾ ਕਲੇਸ਼ ਵੱਸੇ, ਘੜਿਉਂ ਪਾਣੀ ਨੱਸੇ।”ਜਦੋਂ ਘੜੇ ਸੁੱਕ ਜਾਣ ਅਤੇ ਚੁੱਲਿਆਂ ਦੀਆਂ ਅੱਗਾਂ ਮੱਠੀਆਂ ਪੈਣ ਲੱਗ ਜਾਣ ਤਾਂ ਘਰ ਦਾ ਨਿਘਾਰ ਹੋ ਰਿਹਾ ਹੁੰਦਾ ਹੈ।ਸਿਆਣੇ ਕਹਿੰਦੇ ਨੇ ਕਿ ਬੁਰਾ ਵਕਤ ਸ਼ਾਂਤ ਹੋਕੇ ਕੱਢਣਾ ਚਾਹੀਦਾ ਹੈ।

ਅਸਲ ਵਿੱਚ ਜਦੋਂ ਸਾਰੇ ਆਪੋ ਆਪਣੀ ਡੱਫਰੀ ਵਜਾਉਣ ਲੱਗ ਜਾਣ ਤਾਂ ਰੌਲਾ ਹੁੰਦਾ ਹੈ।ਕੋਈ ਵੀ ਰਾਗ ਅਤੇ ਸੰਗੀਤ ਨਹੀਂ ਹੁੰਦਾ।ਜਦੋਂ ਆਪੋ ਆਪਣੇ ਰਸਤੇ ਅਤੇ ਹਰ ਕੋਈ ਆਪੋ ਆਪਣੀ ਮਰਜ਼ੀ ਕਰਨ ਲੱਗ ਜਾਏ ਤਾਂ ਘਰ ਘਰ ਨਹੀਂ ਰਹਿੰਦਾ। ਪਹਿਲਾਂ ਘਰਾਂ ਵਿੱਚ ਬਰਕਤ ਹੁੰਦੀ ਸੀ।ਇਸਦਾ ਸੱਭ ਤੋਂ ਵੱਡਾ ਕਾਰਨ ਸੀ ਕਿ ਘਰ ਦਾ ਬਜ਼ੁਰਗ ਹੀ ਸਾਰਾ ਕੁੱਝ ਆਪਣੇ ਹੱਥ ਵਿੱਚ ਰੱਖਦਾ ਸੀ।ਖਰਚੇ ਅਤੇ ਆਮਦਨ ਨੂੰ ਵੇਖਿਆ ਜਾਂਦਾ ਸੀ।ਵਿਆਹ ਸ਼ਾਦੀਆਂ ਜਾਂ ਤਿਉਹਾਰਾਂ ਤੇ ਮਹਿੰਗੇ ਕੱਪੜੇ ਬਣਦੇ।ਆਮ ਪਾਉਣ ਵਾਲੇ ਕੱਪੜੇ ਵੀ ਹਾੜ੍ਹੀ ਸਾਉਣੀ ਖਰੀਦੇ ਜਾਂਦੇ ਸੀ।ਪੈਸਾ ਬਚਦਾ ਵੀ ਸੀ।ਉਸ ਵੇਲੇ ਹਰ ਚੀਜ਼ ਕਿਸ਼ਤਾਂ ਤੇ ਲੈਣ ਦਾ ਰਿਵਾਜ਼ ਨਹੀਂ ਸੀ।ਜੇਕਰ ਅਸੀਂ ਘਰ ਵਿੱਚ ਬਰਕਤ ਚਾਹੁੰਦੇ ਹਾਂ ਤਾਂ ਆਪਣੀ ਆਪਣੀ ਡੱਫਰੀ ਵਜਾਉਣੀ ਬੰਦ ਕਰਨੀ ਪਵੇਗੀ।

ਵਿਖਾਵਾ ਅਤੇ ਫੁਕਰੇਪਣ ਤੋਂ ਵੀ ਬਚਣਾ ਚਾਹੀਦਾ ਹੈ।ਲੋਕਾਂ ਨੂੰ ਅਮੀਰੀ ਵਿਖਾਉਣ ਅਤੇ ਪ੍ਰਭਾਵਿਤ ਕਰਨ ਦਾ ਕੋਈ ਫਾਇਦਾ ਨਹੀਂ।ਆਪਣੀ ਚਾਦਰ ਮੁਤਾਬਿਕ ਪੈਰ ਪਸਾਰੋ।ਲੋਕਾਂ ਨੂੰ ਖੁਸ਼ ਕਰਨਾ ਬਹੁਤ ਔਖਾ ਹੈ।ਇਸਦੇ ਨਾਲ ਹੀ ਲੋਕਾਂ ਦੀ ਪ੍ਰਵਾਹ ਕਰਨੀ ਬੰਦ ਕਰ ਦਿਉ।ਲੋਕ ਕੀ ਕਹਿਣਗੇ ਦਾ ਫਿਕਰ ਕਰਨਾ ਛੱਡ ਦਿਉ।ਜਿੰਨੀ ਸਾਦੀ ਜ਼ਿੰਦਗੀ ਹੋਏਗੀ,ਘਰ ਦਾ ਮਾਹੌਲ ਵੀ ਵਧੀਆ ਰਹੇਗਾ।ਫਜ਼ੂਲ ਖਰਚੀ ਬਹੁਤ ਸਾਰੀਆਂ ਮੁਸ਼ਕਿਲਾਂ ਖੜ੍ਹੀਆਂ ਕਰਦੀ ਹੈ।ਫਜ਼ੂਲ ਖਰਚੀ ਤੇ ਕਾਬੂ ਪਾਉ।ਸਿਆਣੇ ਕਹਿੰਦੇ ਨੇ ਘਰ ਚਲਾਉਣ ਲਈ ਗਲੀ ਦੇ ਕੱਖਾਂ ਦੀ ਵੀ ਜ਼ਰੂਰਤ ਪੈਂਦੀ ਹੈ।ਘਰ ਦੇ ਛੋਟੇ ਛੋਟੇ ਸਮਾਨ ਨੂੰ ਵੀ ਸੰਭਾਲ ਕੇ ਰੱਖੋ ਤਾਂ ਕਿ ਜ਼ਰੂਰਤ ਵੇਲੇ ਦੁਬਾਰਾ ਪੈਸੇ ਨਾ ਖਰਚਣੇ ਪੈਣ।ਬੂੰਦ ਬੂੰਦ ਨਾਲ ਘੜਾ ਭਰ ਜਾਂਦਾ ਹੈ।

ਜੇਕਰ ਪੈਸੇ ਦੀ ਘਾਟ ਲੱਗਦੀ ਹੈ ਤਾਂ ਸਮਝਦਾਰੀ ਇਸ ਵਿੱਚ ਹੀ ਹੈ ਕਿ ਆਪਣੇ ਖਰਚਿਆਂ ਨੂੰ ਕਾਬੂ ਚ ਰੱਖੋ।ਹਾਂ,ਘਰਦੇ ਬਜ਼ੁਰਗਾਂ ਦੇ ਹੱਥ ਵਿੱਚ ਪੈਸੇ ਦਿਉ।ਲੋੜ ਪੈਣ ਤੇ ਉਨ੍ਹਾਂ ਕੋਲੋਂ ਮੰਗੋ।ਇਸਦੇ ਫਾਇਦੇ ਨੇ ਇਕ ਤਾਂ ਖਰਚ ਕਿੱਥੇ ਕਰਨਾ ਪੁੱਛਿਆ ਜਾਵੇਗਾ ਦੂਸਰਾ ਮੰਗਣ ਤੋਂ ਪਹਿਲਾਂ ਜਿੱਥੇ ਖਰਚ ਕਰਨੇ ਦਸ ਵਾਰ ਸੋਚਿਆ ਜਾਵੇਗਾ।ਵਧੇਰੇ ਕਰਕੇ ਮਾਪੇ ਫਜ਼ੂਲ ਖਰਚੀ ਤੋਂ ਰੋਕਦੇ ਹਨ ਤਾਂ ਔਲਾਦ ਨੂੰ ਹਜ਼ਮ ਨਹੀਂ ਹੁੰਦਾ।ਜਦੋਂ “ਆਪਣੀ ਕਮਾਈ” ਮਾਪਿਆਂ ਦੇ ਹੱਥ ਵਿੱਚ ਦੇਣ ਲੱਗਿਆਂ ਤਕਲੀਫ਼ ਹੁੰਦੀ ਹੈ ਤਾਂ ਮਾਪਿਆਂ ਕੋਲੋਂ ਵਾਰ ਵਾਰ ਮੰਗਣ ਲੱਗੇ ਵੀ ਸੋਚਣਾ ਚਾਹੀਦਾ ਹੈ।ਮਾਪੇ ਕਦੇ ਵੀ ਆਪਣੀ ਔਲਾਦ ਦਾ ਬੁਰਾ ਨਹੀਂ ਕਰ ਸਕਦੇ।

ਮਾਪਿਆਂ ਦੇ ਤਜਰਬਿਆਂ ਤੋਂ ਸਿੱਖਣਾ ਚਾਹੀਦਾ ਹੈ।ਜਦੋਂ ਅਸੀਂ ਪੈਸੇ ਬਚਾਉਣ ਦੀ ਆਦਤ ਪਾ ਲੈਂਦੇ ਹਾਂ ਤਾਂ ਔਖੇ ਸੌਖੇ ਵੇਲੇ ਸਾਨੂੰ ਪ੍ਰੇਸ਼ਾਨੀ ਨਹੀਂ ਹੁੰਦੀ।ਜਦੋਂ ਇਕ ਦੂਸਰੇ ਤੋਂ ਚੋਰੀ ਕੀਤੀ ਜਾਂਦੀ ਹੈ ਤਾਂ ਸਾਰਾ ਕੁੱਝ ਵੰਡਿਆ ਹੁੰਦਾ ਹੈ।ਤੀਲਾ ਤੀਲਾ ਹੋਇਆ ਝਾੜੂ ਕਿਸੇ ਕੰਮ ਦਾ ਨਹੀਂ ਹੁੰਦਾ।ਵਧੇਰੇ ਕਰਕੇ ਪਰਿਵਾਰਾਂ ਵਿੱਚ ਨੂੰਹਾਂ ਪੁੱਤ ਆਪਣੀ ਕਮਾਈ ਤਾਂ ਮਾਪਿਆਂ ਨੂੰ ਦੱਸਦੇ ਅਤੇ ਦਿੰਦੇ ਨਹੀਂ।ਪਰ ਮਾਪਿਆਂ ਦੀ ਕਮਾਈ ਤੇ ਪੂਰੀ ਅੱਖ ਰੱਖਦੇ ਹਨ।ਉੱਥੇ ਵੀ ਖਿਚਾ ਤਾਣ ਹੋਣ ਲੱਗਦੀ ਹੈ।

ਪੈਸੇ ਦੀ ਕਦਰ ਕਰੋ।ਕਰਜ਼ਾ ਲੈਕੇ ਵਿਖਾਵਾ ਕਰਨ ਤੋਂ ਬਚਣਾ ਚਾਹੀਦਾ ਹੈ।ਆਪਣੇ ਫਾਲਤੂ ਖਰਚਿਆਂ ਤੇ ਕਾਬੂ ਪਾਉ।ਆਪਣੀ ਆਪਣੀ ਡੱਫਲੀ ਵਜਾਉਣ ਦੀ ਥਾਂ ਸਲਾਹ ਮਸ਼ਵਰਾ ਕਰੋ।ਜਿਹੜੇ ਖਰਚੇ ਤੋਂ ਬਗੈਰ ਕੰਮ ਚੱਲ ਸਕਦਾ ਹੈ,ਖਰਚਾ ਨਾ ਕਰੋ।ਘਰ ਦਾ ਮਾਹੌਲ ਪਿਆਰ ਵਾਲਾ ਅਤੇ ਸ਼ਾਂਤ ਰੱਖੋ।ਬਹੁਤ ਟੋਕਾ ਟਾਕੀ ਅਤੇ ਨੁਕਸ ਕੱਢਣ ਨਾਲ ਵੀ ਮਾਹੌਲ ਖਰਾਬ ਹੁੰਦਾ ਹੈ।ਬਜ਼ੁਰਗਾਂ ਦਾ ਇਜ਼ੱਤ ਮਾਣ ਕਰੋ,ਸਤਿਕਾਰ ਕਰੋ ਅਤੇ ਅਸੀਸਾਂ ਜ਼ਰੂਰ ਲਵੋ।ਘਰਦੇ ਬਜ਼ੁਰਗਾਂ ਨੂੰ ਖੁਸ਼ ਰੱਖੋ ਤਾਂ ਕਿ ਰੱਬ ਦੀਆਂ ਰਹਿਮਤਾਂ ਦੀ ਬਖਸ਼ਿਸ਼ ਹੋਵੇ।ਆਪਣੇ ਕੰਮ ਤੇ ਜਾਣ ਲੱਗਿਆਂ ਮਾਪਿਆਂ ਤੋਂ ਅਸ਼ੀਰਵਾਦ ਲੈਕੇ ਜਾਉ।ਗੱਲਾਂ ਛੋਟੀਆਂ ਛੋਟੀਆਂ ਹਨ ਪਰ ਫਾਇਦੇ ਤੇ ਫਲ ਬਹੁਤ ਵੱਡੇ ਨੇ।

ਪ੍ਰਭਜੋਤ ਕੌਰ ਢਿੱਲੋਂ ਮੁਹਾਲੀ

ਮੋਬਾਈਲ ਨੰਬਰ ਮੋਬਾਈਲ 9815030221

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤੜਫ਼
Next articleSyria dismantles human trafficking network outside Damascus