ਅਸੀਸ ਦਾ ਅਸਰ

 ਪ੍ਰਵੇਸ਼ ਸਰਮਾ  
(ਸਮਾਜ ਵੀਕਲੀ) ਸੁਨਾਮ, ਸਾਡੇ ਮੁਹੱਲੇ ਵਿੱਚ ਇੱਕ ਬੜੀ ਦਬੰਗ ਬੇਬੇ ਹੁੰਦੀ ਸੀ- ਭਾਗਵੰਤੀ। ਉਸ ਦੇ ਇੱਕ ਵਾਰ ਪੈਰੀਂ ਹੱਥ ਲਾਉਂਦੇ ਤਾਂ ਉਹ ਅਸੀਸਾਂ ਦੀ ਝੜੀ ਲਾ ਦਿੰਦੀ। ਆਪਣੀ ਨੌਕਰੀ ਲਈ ਪਹਿਲੀ ਵਾਰ ਘਰ ਛੱਡਣ ਲੱਗੇ ਪੈਰੀਂ ਹੱਥ ਲਾਉਣ ਤੇ ਉਸ ਨੇ ਮੈਨੂੰ ਅਸੀਸ ਦਿੱਤੀ,
“ਜੀਉਂਦਾ ਰਹਿ ਪੁੱਤ। ਰੱਬ ਬਹੁਤਾ ਦੇਵੇ। ਤੂੰ ਧਰ ਧਰ ਭੁੱਲੇਂ।”
ਉਸਦੀ ਅਸੀਸ ਮੇਰੀ ਜ਼ਿੰਦਗੀ ਵਿੱਚ ਆਪਣੇ ਹੀ ਢੰਗ ਨਾਲ ਫਲ਼ੀ। ਜਿੱਥੇ ਵੀ ਜਾਂਦਾ ਰੁਮਾਲ, ਪੈੱਨ, ਕਿਤਾਬ, ਕੋਈ ਕੱਪੜਾ ਲੱਤਾ ਕੁੱਝ ਨਾ ਕੁੱਝ ਜ਼ਰੂਰ ਭੁੱਲ ਆਉਂਦਾ। ਅਤੇ, ਇਹ ਰੁਝਾਨ ਬਾਦਸਤੂਰ ਅੱਜ ਤੱਕ ਜਾਰੀ ਹੈ।
ਹਾਲੇ ਕੱਲ੍ਹ ਦੀ ਗੱਲ ਹੈ ਕਿ ਆਪਣਾ ਮੋਬਾਇਲ ਵਾਰੀ ਵਾਰੀ ਦੋ ਦੁਕਾਨਾਂ ਤੇ ਭੁੱਲ ਆਇਆ ਅਤੇ ਖ਼ੁਸ਼ਕਿਸਮਤੀ ਨਾਲ ਦੁਕਾਨਦਾਰਾਂ ਦੇ ਹਾਕ ਮਾਰਨ ਤੇ ਵਾਪਸ ਲਿਆਂਦਾ। ਸ਼ਾਮ ਨੂੰ ਦੋਸਤ ਸਤੀਸ਼ ਵਰਮਾ ਦੇ ਘਰ ਗਿਆ ਤਾਂ ਉੱਥੇ ਰਹਿ ਗਿਆ। ਬਾਅਦ ਵਿੱਚ ਉਸ ਦਾ ਇੱਕ ਸਹਾਇਕ ਘਰ ਫੜਾ ਕੇ ਗਿਆ।
“ਡਾਕਟਰ ਦੇ ਕਹਿਣ ਤੇ ਪੰਜ ਬਦਾਮ ਰੋਜ਼ ਖਾਂਦੇ ਹੋ, ਅਸਰ ਤਾਂ ਕੋਈ ਹੁੰਦਾ ਨਹੀਂ। ਮੰਨਿਆ ਕਿ ਬੰਦਾ ਭੁੱਲਣਹਾਰ ਹੈ ਪਰ ਮੈਨੂੰ ਤਾਂ ਲੱਗਦੈ ਸਾਰੀ ਭੁੱਲਣਹਾਰੀ ਥੋਡੇ ‘ਚ ਈ ਭਰ ਦਿੱਤੀ ਰੱਬ ਨੇ,” ਬੀਵੀ ਨੂੰ ਜਿਵੇਂ ਅੱਜ ਮਸਾਂ ਮੌਕਾ ਮਿਲਿਆ ਸੀ।
“ਅੱਛਾ ਭਾਗਵਾਨੇ ਤੂੰ ਐਉਂ ਦੱਸ ਬਈ ਤੀਹ ਸਾਲ ਹੋ ਗਏ ਤੇਰੇ ਨਾਲ, ਤੈਨੂੰ ਕਦੇ ਭੁੱਲਿਆਂ?”
ਮੈਂ ਗੱਲ ਨੂੰ ਹਾਸੇ ਵਿੱਚ ਟਾਲਣਾ ਚਾਹਿਆ ਤਾਂ ਉਸ ਨੇ ਇੱਕ ਘਟਨਾ ਯਾਦ ਕਰਵਾ ਕੇ ਮੈਨੂੰ ਇੱਥੇ ਵੀ ਝੂਠਾ ਸਾਬਤ ਕਰ ਦਿੱਤਾ।
ਚੰਡੀਗੜ੍ਹ ਦੀ ਗੱਲ ਹੈ। ਸੱਤ ਸੈਕਟਰ ਵਾਲੇ ਸਰਕਾਰੀ ਮਕਾਨ ਤੋਂ ਅਸੀਂ ਉੱਨੀ ਸੈਕਟਰ ਮਾਰਕੀਟ ਜਾਣਾ ਸੀ। ਮੈਂ ਆਪਣਾ ਪਲਸਰ ਮੋਟਰਸਾਈਕਲ ਸਟਾਰਟ ਕਰ ਰੱਖਿਆ ਸੀ ਅਤੇ ਅੰਦਰੋਂ ਹੀ ਕੋਈ ਗੱਲ ਚਲਦੀ ਆ ਰਹੀ ਸੀ। ਪਤਾ ਨਹੀਂ ਕਿਵੇਂ ਮੈਨੂੰ ਭੁਲੇਖਾ ਪਿਆ ਕਿ ‘ਹਾਈ ਕਮਾਨ’ ਪਿੱਛੇ ਬਹਿ ਗੲੀ।ਬਾਈਕ ਗੇਅਰ ਵਿੱਚ ਪਾ ਕੇ ਚੱਲ ਪਏ।ਮੇਰਾ ਹਥਲੇ ਵਿਸ਼ੇ ਤੇ ਤਬਸਰਾ ਜਾਰੀ ਸੀ।ਅੱਧੇ ਕੁ ਕਿਲੋਮੀਟਰ ਦੂਰ ਜਾ ਕੇ ਖ਼ਿਆਲ ਆਇਆ ਕਿ ਪਿੱਛੋਂ ਹੁੰਗਾਰਾ ਨਹੀਂ ਆ ਰਿਹਾ। ਬਾਈਕ ਰੋਕ ਕੇ ਹੀ ਪਤਾ ਲੱਗਾ ਕਿ “ਹਰ ਹਾਈਨੈੱਸ” ਤਾਂ ਪਿੱਛੇ ਹੈ ਹੀ ਨਹੀਂ। ਮੁੜ ਕੇ ਆਏ ਤੋਂ ਜੋ ਡੱਬੂਖਾਣੀ ਮੇਰੇ ਨਾਲ ਹੋਈ ਉਸ ਨੂੰ ਫ਼ਿਲਹਾਲ ਆਫ਼ ਦਿ ਰਿਕਾਰਡ ਹੀ ਰੱਖਣਾ ਬਿਹਤਰ ਹੋਵੇਗਾ।
ਬੀਵੀ ਵੱਲੋਂ ਇਹ ਘਟਨਾ ਯਾਦ ਕਰਾਏ ਜਾਣ ਤੇ ਮੈਂ ਸਚਮੁੱਚ ਚੁੱਪ ਜਿਹਾ ਹੋ ਗਿਆ ਤਾਂ ਬੀਵੀ ਨੇ ਇਹ ਕਹਿ ਕੇ ਮੂਡ ਠੀਕ ਕੀਤਾ,
“ਚਲੋ ਛੱਡੋ, ਨਿੱਕੀਆਂ ਮੋਟੀਆਂ ਚੀਜ਼ਾਂ ਦਾ ਤਾਂ ਕੁਸ਼ ਨੀ, ਨਾ ਵੀ ਮੁੜਨ ਹੋਰ ਆ ਜਾਣਗੀਆਂ। ਪਰ ਦੇਖਿਉ ਰੱਬ ਦਾ ਵਾਸਤਾ ਕਿਤੇ ਸਾਹ ਲੈਣਾ ਨਾ ਭੁੱਲ ਜਾਇਓ।”।
 ਪ੍ਰਵੇਸ਼ ਸਰਮਾ  
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
Previous articleਲੋਕ ਸਭਾ ਚੋਣਾਂ 2024 ਅੰਤਿਮ ਪੜਾਅ ਵਿੱਚ
Next articleਬੁੱਧ ਬਾਣ