(ਸਮਾਜ ਵੀਕਲੀ)- {ਤਰਲੋਚਨ ਸਿੰਘ ਵਿਰਕ, ਲੈਸਟਰ, ਯੂ.ਕੇ. ੩੦ ਜਨਵਰੀ ੨੦੨੩} ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ੩੪੧ਵੇਂ ਜਨਮ ਦਿੰਨ ਦੀ ਖੁਸ਼ੀ ਵਿੱਚ ਲੈਸਟਰ ਦੇ ਮੇਨਿੱਲ ਰੋਡ ਤੇ ਸਥਿੱਤ ਗੁਰਦਵਾਰਾ ਸਾਹਿਬ ਵਿਖੇ ੨੫ ਸਿੰਘਾ ਵਾਲਾ ਸ਼੍ਰੀ ਅਖੰਡ ਪਾਠ ੨੭ ਜਨਵਰੀ ਨੂੰ ੧੦ ਵਜੇ ਸਵੇਰੇ ਅਰੰਭ ਹੋਏ ਜਿਨ੍ਹਾ ਦੇ ਭੋਗ ੨੯ ਜਨਵਰੀ ਸਵੇਰੇ ੧੦ ਵਜੇ ਪਾਏ ਗਏ। ਤਿੰਨੇ ਦਿੰਨ ਅਨੇਕਾਂ ਹੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੇ ਗੁਰਬਾਣੀ ਸੁਣ ਕੇ ਅਪਣੇ ਜੀਵਨ ਦੀਆਂ ਕੁੱਝ ਘੜੀਆਂ ਸਫਲ ਕੀਤੀਆਂ। ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਅਤੇ ਗਿਆਨੀ ਜੀ ਨੇ ਪਾਵਨ ਹੁਕਮਨਾਮਾ ਪੜਿਆ। ਗੁਰਦਵਾਰਾ ਸਾਹਿਬ ਵਲੋਂ ਭਾਈ ਸਵਰਨ ਸਿੰਘ ਜੀ ਨੂੰ ਸਰੋਪਾ ਦੀ ਬਖਸ਼ੀਸ਼ ਕੀਤੀ ਗਈ ।ਗੁਰਦਵਾਰਾ ਸਾਹਿਬ ਵਲੋਂ ਗੁਰੂ ਘਰ ਦੇ ਸੇਵਾਦਾਰ ਭਾਈ ਬਲਦੇਵ ਸਿੰਘ ਜਸ ਅਤੇ ਮਾਤਾ ਅਵਤਾਰ ਕੌਰ ਬੋਲਾ ਜੀ ਨੂੰ ਸਰੋਪਾ ਦੀ ਬਖਸ਼ੀਸ਼ ਕੀਤੀ ਗਈ। ਸਾਰੇ ਹੀ ਸੇਵਾਦਾਰਾਂ ਨੇ ਤਿੰਨੋ ਦਿੰਨ ਤਨ ਅਤੇ ਮਨ ਨਾਲ ਸੇਵਾ ਕੀਤੀ ਅਤੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।
ਗੁਰੂ ਘਰ ਦੇ ਹਜੂਰੀ ਜੱਥੇ ਨੇ ਸਾਧ ਸੰਗਤ ਜੀ ਨੂੰ ਕੀਰਤਨ ਨਾਲ ਨਿਹਾਲ ਕੀਤਾ ਗਿਆ॥ ਭਾਈ ਜਸਪਾਲ ਸਿੰਘ ਕੰਗ ਜੀ ਨੇ ਸਟੇਜ ਤੋਂ ਬੋਲਦਿਆਂ ਦੱਸਿਆ ਕਿ ਬਾਬਾ ਜੀ ਦਾ ਜਨਮ ੧੬੮੨ ਈਸਵੀ ਪਿੰਡ ਪਹੂਵਿੰਡ, ਤਰਨ ਤਾਰਨ ਅਮਿੰ੍ਰਤਸਰ ਵਿਖੇ ਮਾਤਾ ਜਿਊਣੀ ਜੀ ਪਿਤਾ ਭਗਤਾ ਜੀ ਦੇ ਘਰ ਹੋਇਆ। ਇਨ੍ਹਾ ਦੇ ਦਾਦਾ ਜੀ ਦਾ ਨਾਮ ਕਰਮ ਸਿੰਘ ਸੀ ਅਤੇ ਬਾਬਾ ਦੀਪ ਸਿੰਘ ਜੀ ਦੇ ਭਰਾਵਾਂ ਦਾ ਨਾਮ ਅਮਰ ਸਿੰਘ, ਮਿਹਰ ਸਿੰਘ, ਵਜੀਰ ਸਿੰਘ , ਅਮੀਰ ਸਿੰਘ ਅਤੇ ਹਰੀ ਸਿੰਘ ਸੀ।
ਬਾਬਾ ਜੀ ਗੁਰਮੁਖੀ, ਅਰਬੀ ਅਤੇ ਫਾਰਸੀ ਭਾਸ਼ਾ ਜਾਣਦੇ ਸਨ। ਬਾਬਾ ਦੀਪ ਸਿੰਘ ਜੀ ਸ਼ਹੀਦ ਪੰਜਾਬ ਤੇ ਸਿੱਖ ਪੰਥ ਦੇ ਇਤਿਹਾਸ ਦੀ ਵਿਸ਼ੇਸ਼ ਤੇ ਅਹਿਮ ਸਖਸ਼ੀਅਤ ਸਨ। ਜਸਪਾਲ ਸਿੰਘ ਜੀ ਨੇ ਦੱਸਿਆ ਕਿ ਬਾਬਾ ਦੀਪ ਸਿੰਘ ਜੀ ਨੂੰ ਹਮੇਸ਼ਾਂ ਹੀ ਬਾਬਾ ਦੀਪ ਸਿੰਘ ਸ਼ਹੀਦ ਕਹਿਣਾ ਚਾਹੀਦਾ ਹੈ। ਬਾਬਾ ਦੀਪ ਸਿੰਘ ਸ਼ਹੀਦ ਨੇ ਦਮਦਮਾ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਤਿਆਰ ਕਰਨ ਵਿੱਚ ੧੭੦੫ ਵਿੱਚ ਸਹਾਇਤਾ ਕੀਤੀ। ਇਹ ਸ਼ਹੀਦੀ ਮਿਸਲ ਬੰਸਾਵਲੀ ਦੇ ਬਾਨੀ ਸਨ ਜਿਸਦੀ ਨੀਂਹ ਇਨ੍ਹਾ ਨੇ ੧੭੪੮ ਵਿੱਚ ਰੱਖੀ।ਬਾਬਾ ਦੀਪ ਸਿੰਘ ਜੀ ਸ਼ਹੀਦ ਅੰਮ੍ਰਿਤਸਰ ਦੀ ਰੱਖਿਆ ਕਰਦੇ ਹੋਏ ਜਹਾਨ ਖਾਂ ਦੀ ਫੋਜ ਨਾਲ ਲੜਦੇ ੧੭੫੭ ਵਿੱਚ ਸ਼ਹੀਦੀ ਪਾ ਗਏ। ਉਨ੍ਹਾ ਨੇ ਮਨੁੱਖੀ ਅਧਿਕਾਰਾਂ, ਸਿੱਖ ਪੰਥ ਅਤੇ ਅਮ੍ਰਿਤਸਰ ਦੀ ਇੱਜਤ ਬਹਾਲੀ ਲਈ ਸ਼ਹਾਦਤ ਪ੍ਰਾਪਤ ਕੀਤੀ।
ਜਥੇਦਾਰ ਜਸਵੀਰ ਸਿੰਘ ਖਾਲਸਾ ਅਤੇ ਨਛੱਤਰ ਸਿੰਘ ਖਾਲਸਾ ਜੀ ਨੇ ਦੱਸਿਆ ਕਿ ਉਨ੍ਹਾ ਨੇ ਗੁਰੂ ਸਾਹਿਬ ਜੀ ਸਮੇ ਦੇ ਸ੍ਰੀ ਅਖੰਡ ਪਾਠ ਸਾਹਿਬ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਉਨ੍ਹਾਂ ਨੇ ਕਿਹਾ ਕਿ ੨੫ ਸਿੰਘਾਂ ਦੇ ਅਖੰਡ ਪਾਠ ਸਿਰਫ ਅੰਮ੍ਰਿਤਧਾਰੀ ਸਿੰਘ ਹੀ ਕਰ ਸਕਦੇ ਹਨ, ਹਰ ਵੇਲੇ ਪਾਠ ਕਰਨ ਦੀ ਸੇਵਾ ਕਰਨ ਤੋਂ ਪਹਿਲਾਂ ਪਾਠ ਕਰਨ ਵਾਲੇ ਸਿੰਘ ਨੂੰ ਕੇਸਰੀ ਇਸ਼ਨਾਨ ਕਰਨਾ ਜਰੂਰੀ ਹੈ । ੨੫ ਸਿੰਘਾਂ ਨੂੰ ਅਰੰਭ ਤੋਂ ਅਖੰਡ ਪਾਠ ਸਾਹਿਬ ਜੀ ਦੇ ਭੋਗ ਸਮੇ ਤੱਕ ਗੁਰਦਵਾਰਾ ਸਾਹਿਬ ਹੀ ਰਹਿਣਾ ਪੈਂਦਾ ਹੈ। ਸਿਰਫ ਸਿੰਘ ਹੀ ਪਾਠ ਕਰਨ ਦੀ ਸੇਵਾ ਕਰ ਸਕਦੇ ਹਨ, ਬੀਬੀਆਂ ਨਹੀਂ। ਹਰ ਇੱਕ ਸਿੰਘ ਸਮੂਹ ਸੇਵਾ ਨਿਸ਼ਕਾਮ ਕਰਦੇ ਹਨ ਅਤੇ ਸ੍ਰੀ ਅਖੰਡ ਪਾਠ ਸਾਹਿਬ ਰਾਤ ਨੂੰ ਵੀ ਬੋਲ ਕੇ ਕੀਤਾ ਜਾਂਦਾ ਹੈ।ਇਹ ਪੁਰਾਤਨ ਮਰਿਆਦਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ੀਸ਼ ਹੈ ਅਤੇ ਸੱਭ ਤੋਂ ਪਹਿੱਲਾ ਸ੍ਰੀ ਅਖੰਡ ਪਾਠ ਸਾਹਿਬ ਤਖਤ ਸ੍ਰੀ ਦਮਦਮਾ ਸਹਿਬ ਸਾਬੋ ਕੀ ਤਲਵੰਡੀ ਵਿਖੇ ਹੋਇਆ ਸੀ। ਇਸ ਤਰਾਂ ਮਰਿਆਦਾ ਅਨੁਸਾਰ ੨੫ ਸਿੰਘਾਂ ਦੇ ਅਖੰਡ ਪਾਠ ਦੀ ਮਹਾਨਤਾ ਇਹ ਹੈ ਕਿ ਪਾਠ ਦਾ ਫਲ ਸਾਧ ਸੰਗਤ ਜੀ ਨੂੰ ਮਿਲਦਾ ਹੈ ਅਤੇ ਪੰਥ ਦੀ ਚੜ੍ਹਦੀ ਕਲਾ ਹੁੰਦੀ ਹੈ।
ਸਟੇਜ ਦੀ ਸੇਵਾ ਕਿਰਪਾਲ ਸਿੰਘ ਸੱਗੂ ਜੀ ਨੇ ਵੱਧੀਆ ਢੰਗ ਨਾਲ ਨਿਭਾਈ। ਗੁਰਦਵਾਰਾ ਸਾਹਿਬ ਦੇ ਮੁੱਖ ਸੇਵਾਦਾਰ ਇੰਦਰਜੀਤ ਸਿੰਘ ਪਨੇਸਰ ਅਤੇ ਟਰੱਸਟੀਆਂ ਵਲੋਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸਾਰੇ ਹੀ ਜੱਥੇ ਦੇ ਸਿੰਘਾਂ ਦਾ, ਗੁਰਦਵਾਰਾ ਸਾਹਿਬ ਦੇ ਸੇਵਾਦਾਰਾਂ ਅਤੇ ਸਮੁੱਚੀ ਸਾਧ ਸੰਗਤ ਜੀ ਦਾ ਧੰਨਵਾਦ ਕੀਤਾ ਜਿਨ੍ਹਾ ਨੇ ਤਿੰਨੇ ਦਿੰਨ ਸ਼ਰਧਾ ਭਾਵਨਾ ਨਾਲ ਸੇਵਾ ਕੀਤੀ।
ਆਪ ਜੀ ਨੂੰ ਪੜ੍ਹ ਕੇ ਬਹੁੱਤ ਹੀ ਖੁਸ਼ੀ ਹੋਵੇਗੀ ਕਿ ਸਮਾਗਮ ਉਪਰੰਤ ਖੰਡੇ ਬਾਟੇ ਦੀ ਪਾਹੁਲ ਤਿਆਰ ਕੀਤੀ ਗਈ ਸੀ ਅਤੇ ਬੇਅੰਤ ਪ੍ਰਾਣੀਆ ਨੇ ਖੰਡੇ ਬਾਟੇ ਦਾ ਅੰਮ੍ਰਿਤ ਛੱਕਿਆ ਅਤੇੇ ਗੁਰੂ ਕੇ ਲੜ੍ਹ ਲੱਗੇ।