(ਸਮਾਜ ਵੀਕਲੀ)
ਧੰਨ ਗੁਰੂ ਨਾਨਕ,ਧੰਨ ਗੁਰੂ ਨਾਨਕ
ਤੂੰ ਸੱਚਾ ਸਾਹਿਬ,
ਸਭਨਾਂ ਦਾ ਕਰੇ ਉਪਕਾਰ।
ਤੇਰਾ ਦਰ ਸਭ ਤੋਂ ਉੱਚਾ
ਤੂੰ ਵਿਸ਼ਵਾਸ ਕਰਨ ਵਾਲਿਆਂ ਨੂੰ
ਲਗਾ ਦੇਵੇਂ ਭਵ ਸਾਗਰ ਤੋਂ ਪਾਰ।
ਮੱਝੀਆਂ ਚਰਾਈਆਂ,ਖੇਤੀ ਕੀਤੀ
ਤੂੰ ਕਿਰਤ ਕਰਨ ਦਾ ਦਿੱਤਾ ਉਪਦੇਸ਼,
ਹੱਕ ਹਲਾਲ ਦੀ ਕਮਾਈ ਖਾਓ
ਮਲਿਕ ਭਾਗੋ ਤੇ ਭਾਈ ਲਾਲੋ
ਵਾਲੀ ਸਾਖੀ ਰਾਹੀਂ
ਦਿੱਤਾ ਇਹੀ ਸੰਦੇਸ਼।
ਨਾਓ ਤੇਰਾ ਨਿੰਰਕਾਰ ਹੈ,
ਜਪਣ ਵਾਲਿਆਂ ਦਾ ਬੇੜਾ ਪਾਰ ਹੈ
ਤੂੰ ਨਾਮ ਜਪਣ ਤੇ ਦਿੱਤਾ ਜੋਰ,
ਨਾਮ ਹੀ ਸਦੀਵੀਂ ਤੇ ਸੱਚ ਹੈ
ਵਿਸ਼ਵਾਸ ਨਾ ਕਰਨਾ ਕਿਸੇ ਤੇ ਹੋਰ।
ਤੱਕੜੀ ਤੇਰੀ ਤੇਰਾ-ਤੇਰਾ ਹੀ ਤੋਲਦੀ,
ਵੰਡ ਕੇ ਛੱਕੋ ਮੂੰਹੋਂ ਹੈ ਬੋਲਦੀ।
ਇਸਤਰੀ ਜਾਤੀ ਦਾ ਕੀਤਾ
ਤੂੰ ਸਨਮਾਨ,
“ਸੋ ਕਿਓ ਮੰਦਾ ਆਖੀਐ,ਜਿਤੁ ਜੰਮੈ ਰਾਜਾਨ” ਆਖ ਕੇ ਸਮਾਜ’ਚ
ਵਧਾਇਆ ਉਹਨਾਂ ਦਾ ਮਾਣ।
ਚੰਗੇ ਕਰਮ ਕਰਨ ਦਾ ਵੀ ਤੂੰ
ਦਿੱਤਾ ਸੀ ਸੰਦੇਸ਼,
“ਚੰਗਿਆਈਆਂ ਬੁਰਿਆਈਆਂ ਵਾਚੈ
ਧਰਮ ਹਦੂਰਿ”
ਤੇਰੀ ਇਹ ਤੁਕ ਸਾਨੂੰ ਸਮਝਾਏ,
ਮਾੜੇ ਕੰਮਾਂ ਤੋਂ ਰਹਿਣਾ ਦੂਰ।
ਸੱਜਣ ਠੱਗ,ਕੌਡਾ ਰਾਖਸ਼
ਨੂਰਸ਼ਾਹ ਜਾਦੂਗਰਨੀ ਅਤੇ
ਅਨੇਕਾਂ ਹੋਰਾਂ ਨੂੰ,
ਤੂੰ ਪਾਇਆ ਸਿੱਧੇ ਰਾਹ।
ਰੱਬ ਦਾ ਰਸਤਾ ਦਿਖਾ ਕੇ ਉਹਨਾਂ ਨੂੰ
ਬਚਾਇਆ ਹੋਣ ਤੋਂ ਗੁਮਰਾਹ।
ਰੱਬ ਇੱਕ ਤੇ ਹੈ ਚਾਰੇ ਪਾਸੇ
ਤੂੰ ਦਿੱਤਾ ਸੀ ਮੱਕਾ ਘੁੰਮਾ,
ਰੱਬ ਦੇ ਸਰਵ-ਵਿਆਪਕ ਹੋਣ ਦਾ
ਤੂੰ ਦਿੱਤਾ ਸੰਦੇਸ਼ ਸੁਣਾ।
ਨ ਕੋ ਹਿੰਦੂ ਨ ਮੁਸਲਮਾਨ
ਦਾ ਦਿੱਤਾ ਸੀ ਤੂੰ ਨਾਰਾ,
ਆਪਸ ਵਿੱਚ ਹਨ ਸਾਰੇ ਭਾਈ ਭਾਈ
ਸਭਨਾਂ ਦਾ ਮਾਲਕ ਹੈ ਉਹੀ
ਰੱਬ ਪਿਆਰਾ।
ਵਲੀ ਕੰਧਾਰੀ ਦੇ ਹੰਕਾਰ ਨੂੰ ਵੀ
ਸੀ ਤੂੰ ਤੋੜਿਆ,
ਪਰਬਤ ਨੂੰ ਤੂੰ ਪੰਜਾ ਲਾ ਕੇ ਡਿੱਗਣੋਂ
ਤੂੰ ਰੋਕ ਲਿਆ।
“ਹਊਮੈ ਜਾਈ ਤਾਂ ਕੰਤ ਸਮਾਈ”
ਵਾਲੀ ਤੁਕ ਨਾਲ
ਸਾਰੇ ਸੰਸਾਰ ਨੂੰ ਜੋੜਿਆ।
ਏਕਤਾ ਦਾ ਪਾਠ ਤੂੰ ਸਾਰੇ
ਸੰਸਾਰ ਨੂੰ ਪੜਾ ਗਿਆ,
ਪਰ ਅਸੀਂ ਭੁੱਲ ਬੈਠੇ
ਜੋ ਤੂੰ ਸਮਝਾ ਗਿਆ।
ਭੁੱਲ-ਭੁਲੇਖੇ ਇੱਕ ਵਾਰੀ ਫੇਰ
ਫੇਰਾ ਆ ਕੇ ਪਾ ਜਾ,
ਚਾਰੇ ਪਾਸੇ ਫੇਰ ਹਨੇਰਾ
ਜੋਤ ਆ ਕੇ ਜਗਾ ਜਾ।
ਭੁੱਲੀ-ਭਟਕੀ ਜਨਤਾ ਨੂੰ,
ਇੱਕ ਵਾਰ ਫੇਰ ਸਿੱਧੇ ਰਾਹੇ ਪਾ ਜਾ
ਸਿੱਧੇ ਰਾਹੇ ਪਾ ਜਾ।
ਨੀਟਾ ਭਾਟੀਆ
ਪੰਜਾਬੀ ਮਿਸਟ੍ਰੈਸ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly