ਕਰਾਚੀ (ਸਮਾਜ ਵੀਕਲੀ): ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿੱਚ ਸੀਵਰੇਜ ਸਿਸਟਮ ਵਿੱਚ ਗੈਸ ਧਮਾਕਾ ਹੋਣ ਕਾਰਨ ਲਗਪਗ 14 ਵਿਅਕਤੀਆਂ ਦੀ ਮੌਤ ਹੋ ਗਈ, ਜਦੋਂਕਿ 10 ਹੋਰ ਜ਼ਖ਼ਮੀ ਹੋ ਗਏ। ਮੀਡੀਆ ਰਿਪੋਰਟਾਂ ਮੁਤਾਬਕ, ਧਮਾਕੇ ਕਾਰਨ ਨਿੱਜੀ ਬੈਂਕ ਦੀ ਇਮਾਰਤ ਢਹਿ ਗਈ। ‘ਐਕਸਪ੍ਰੈੱਸ ਟ੍ਰਿਬਿਊਨ’ ਅਖ਼ਬਾਰ ਦੀ ਰਿਪੋਰਟ ਮੁਤਾਬਕ, ਘਟਨਾ ਮੌਕੇ ਬੈਂਕ ਵਿੱਚ ਗਾਹਕ ਅਤੇ ਸਟਾਫ਼ ਮੌਜੂਦ ਸੀ। ਬੈਂਕ ਦੀ ਇਮਾਰਤ ਕਰਾਚੀ ਦੇ ਸ਼ੇਰਸ਼ਾਹ ਖੇਤਰ ਵਿੱਚ ਇੱਕ ਸੀਵਰੇਜ ਲਾਈਨ ਉਪਰ ਬਣੀ ਹੋਈ ਸੀ, ਜੋ ਧਮਾਕੇ ਕਾਰਨ ਢਹਿ ਗਈ। ਅਧਿਕਾਰੀਆਂ ਨੇ ਦੱਸਿਆ ਕਿ ਧਮਾਕੇ ਦੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਹਾਲੇ ਪਤਾ ਨਹੀਂ ਚੱਲ ਸਕਿਆ ਕਿ ਇਹ ਧਮਾਕਾ ਗੈਸ ਪਾਈਪਲਾਈਨ ਵਿੱਚ ਹੋਇਆ ਜਾਂ ਸੀਵਰੇਜ ਸਿਸਟਮ ਵਿੱਚ ਮਿਥੇਨ ਗੈਸ ਦੇ ਬਣਨ ਨਾਲ ਹੋਇਆ।
ਇੱਕ ਮੀਡੀਆ ਰਿਪੋਰਟ ਵਿੱਚ ਸੀਨੀਅਰ ਪੁਲੀਸ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਗਿਆ ਹੈ, ‘‘ਧਮਾਕਾ ਸੀਵਰੇਜ ਵਿੱਚ ਹੋਇਆ ਹੋ ਸਕਦਾ ਹੈ ਕਿਉਂਕਿ ਬੈਂਕ ਨਾਲੇ ਉਪਰ ਬਣੀ ਹੋਈ ਸੀ। ਇਹ ਕਹਿਣਾ ਜਲਦਬਾਜ਼ੀ ਹੋਵੇਗੀ ਕਿ ਇਹ ਗੈਸ ਲਾਈਨ ਜਾਂ ਸੀਵਰੇਜ ਧਮਾਕਾ ਸੀ। ਅਸੀਂ ਜਾਂਚ ਕਰ ਰਹੇ ਹਾਂ।’’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly