HOME ਗਲ ਘੋਟੂ ਤੇ ਕਾਲਾ ਪੀਲੀਆ ਤੋਂ ਬਚਾਅ ਲਈ ਹਰ ਹਫ਼ਤੇ ਲੱਗਦੇ ਹਜ਼ਾਰਾਂ...

ਗਲ ਘੋਟੂ ਤੇ ਕਾਲਾ ਪੀਲੀਆ ਤੋਂ ਬਚਾਅ ਲਈ ਹਰ ਹਫ਼ਤੇ ਲੱਗਦੇ ਹਜ਼ਾਰਾਂ ਬੱਚਿਆਂ ਦੇ ਟੀਕੇ —ਡਾ. ਰਮਨਦੀਪ ਕੌਰ

3
ਲੁਧਿਆਣਾ  (ਸਮਾਜ ਵੀਕਲੀ)  (ਕਰਨੈਲ ਸਿੰਘ ਐੱਮ.ਏ.) ਬੱਚਿਆਂ ਵਿੱਚ ਹੋਣ ਵਾਲੀਆਂ ਖ਼ਤਰਨਾਕ ਬਿਮਾਰੀਆਂ ਤੋਂ ਬਚਾਅ ਲਈ ਟੀਕਾਕਰਨ ਬਹੁਤ ਮਹੱਤਵਪੂਰਨ ਹੈ । ਸਿਹਤ ਵਿਭਾਗ ਵੱਲੋਂ ਯੂਨੀਵਰਸਲ ਇਮੂਨਾਈਜ਼ੇਸ਼ਨ ਪ੍ਰੋਗਰਾਮ ਤਹਿਤ ਇਹ ਟੀਕਾਕਰਨ ਲਗਾਤਾਰ ਅਤੇ ਸਪੈਸ਼ਲ ਮੁਹਿੰਮ ਦੌਰਾਨ ਸਰਕਾਰ ਵੱਲੋਂ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ। ਆਮ ਲੋਕਾਂ ਦੀ ਸਹੂਲਤ ਲਈ ਘਰਾਂ ਦੇ ਨੇੜੇ ਹੀ ਟੀਕਾਕਰਨ ਕੈਂਪ ਲਗਾਏ ਜਾਂਦੇ ਹਨ ਤਾਂ ਕਿ ਹਰੇਕ ਬੱਚੇ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾ ਸਕੇ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾਕਟਰ ਰਮਨਦੀਪ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਜਨਮ ਤੋਂ ਲੈ ਕੇ 16 ਸਾਲ ਦੀ ਉਮਰ ਤੱਕ ਬੱਚਿਆਂ ਵਿੱਚ ਹੋਣ ਵਾਲੀਆਂ ਖ਼ਤਰਨਾਕ ਬਿਮਾਰੀਆਂ ਤੋਂ ਬਚਾਅ ਲਈ ਟੀਕਾਕਰਨ ਕੀਤਾ ਜਾ ਰਿਹਾ ਹੈ । ਉਹਨਾਂ ਦੱਸਿਆ ਕਿ ਸਿਹਤ ਵਿਭਾਗ ਦਾ ਮੁੱਖ ਮੰਤਵ ਬੱਚਿਆਂ ਅਤੇ ਮਾਂਵਾਂ ਦੀ ਸਿਹਤ ਦੀ ਰੱਖਿਆ ਅਤੇ ਸਮਾਜ ਨੂੰ ਰੋਗਮੁਕਤ ਕਰਨਾ ਹੈ। ਸਿਵਲ ਸਰਜਨ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਆਪਣੇ ਨੇੜੇ ਦੀ ਸਿਹਤ ਸੰਸਥਾ ਵਿੱਚ ਜਾ ਕੇ ਟੀਕਾਕਰਨ ਜ਼ਰੂਰ ਕਰਵਾਉਣ। ਇਸ ਸੰਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ: ਅਮਿਤਾ ਅਰੋੜਾ ਨੇ ਦੱਸਿਆ ਕਿ ਬੱਚੇ ਦੇ ਜਨਮ ਸਮੇ, ਟੀ ਬੀ ਦੀ ਬਿਮਾਰੀ ਤੋਂ ਬਚਾਅ ਲਈ (ਬੀ ਸੀ ਜੀ)ਦਾ ਟੀਕਾ, ਕਾਲਾ ਪੀਲੀਆ ਤੋਂ ਬਚਾਅ ਲਈ ਹੈਪਾਟਾਇਟਿਸ ਬੀ ਦਾ ਟੀਕਾ ਅਤੇ ਪੋਲੀੳ ਦੀ ਬਿਮਾਰੀ ਤੋਂ ਬਚਾਅ ਲਈ ਪੋਲੀਓ ਬੂੰਦਾਂ ਦਿੱਤੀਆਂ ਜਾਂਦੀਆਂ ਹਨ । ਡਾ: ਅਰੋੜਾ ਨੇ ਦੱਸਿਆ ਕਿ ਜਦੋ ਬੱਚਾ ਡੇਢ ਮਹੀਨੇ ਦੀ ਉਮਰ ਦਾ ਹੋ ਜਾਂਦਾ ਹੈ ਤਾਂ ਉਸ ਨੂੰ ਪੈਂਟਾਵੈਲੇਂਟ ਦਾ ਟੀਕਾ ਲਗਾਇਆ ਜਾਂਦਾ ਹੈ, ਜਿਸ ਵਿੱਚ ਪੰਜ ਤਰ੍ਹਾਂ ਦੀ ਵੈਕਸੀਨ (ਡਿਪਥੀਰੀਆ, ਟੈਟਨਸ, ਪਰਟਿਊਸਿਜ਼, ਹੈਪਾਟਾਈਟਸ—ਬੀ ਅਤੇ ਹੀਮੋਫੀਲਸ ਇਨਫਲੂਐਂਜਾ ਟਾਈਪ ਬੀ) ਹੁੰਦੀ ਹੈ ਜੋ ਕਿ ਬੱਚੇ ਨੂੰ ਦਿਮਾਗੀ ਬੁਖਾਰ, ਗੱਲ ਘੋਟੂ ਕਾਲੀ ਖਾਂਸੀ, ਕਾਲਾ ਪੀਲੀਆ ਟੈਟਨਸ ਅਤੇ ਨਮੂਨੀਆ ਤੋਂ ਬਚਾਉਂਦਾ ਹੈ। ਪੀ ਸੀ ਵੀ (ਨਿਊਮੋਕੋਕਲ ਕੰਜੂਗੇਟ ਵੈਕਸੀਨ) ਦਾ ਟੀਕਾ ਜੋ ਕਿ ਬੱਚੇ ਨੂੰ ਨਮੂਨੀਆ ਤੋਂ ਬਚਾਉਂਦਾ ਹੈ। ਬੱਚੇ ਨੂੰ ਦਸਤਾਂ ਦੀ ਬਿਮਾਰੀ ਦੀ ਰੋਕਥਾਮ ਲਈ ਰੋਟਾ ਵਾਇਰਸ ਵੈਕਸੀਨ ਵੀ ਦਿੱਤੀ ਜਾਂਦੀ ਹੈ ਅਤੇ ਪੋਲੀਓ ਦੀ ਬਿਮਾਰੀ ਤੋਂ ਬਚਾਅ ਲਈ ਪੋਲੀਓ ਬੂੰਦਾਂ ਅਤੇ ਆਈਪੀਵੀ ਦਾ ਟੀਕਾ ਲਗਾਇਆ ਜਾਂਦਾ ਹੈ।ਉਨਾਂ ਦੱਸਿਆ ਕਿ ਜਦੋ ਬੱਚਾ ਢਾਈ ਮਹੀਨੇ ਦੀ ਉਮਰ ਦਾ ਹੋ ਜਾਵੇ ਤਾਂ ਉਸਨੂੰ ਪੈਂਟਾਵੇਲੈਂਟ ਦਾ ਦੂਜਾ ਟੀਕਾ ਅਤੇ ਰੋਟਾ ਵਾਇਰਸ ਵੈਕਸੀਨ ਅਤੇ ਪੋਲੀਓ ਦੀਆਂ ਬੁੰਦਾਂ ਦਿੱਤੀਆਂ ਜਾਂਦੀਆਂ ਹਨ। ਬੱਚੇ ਦੀ ਸਾਢੇ ਤਿੰਨ ਮਹੀਨੇ ਦੀ ਉਮਰ ਹੋਣ ਤੇ ਉਸ ਨੂੰ ਫਿਰ ਪੈਂਟਾਵੈਲੇਂਟ ਦਾ ਤੀਜਾ ਟੀਕਾ ਲਗਾਇਆ ਜਾਂਦਾ ਹੈ। ਪੀ ਸੀ ਵੀ ਦਾ ਟੀਕਾ, ਰੋਟਾ ਵਾਇਰਸ ਵੈਕਸੀਨ, ਪੋਲੀਓ ਬੂੰਦਾਂ ਅਤੇ ਆਈਪੀਵੀ ਦਾ ਟੀਕਾ ਲਗਾਇਆ ਜਾਂਦਾ ਹੈ। ਬੱਚੇ ਦੀ 9 ਮਹੀਨੇ ਦੀ ਉਮਰ ਪੂਰੀ ਹੋਣ ਤੇ ਖਸਰਾ ਅਤੇ ਰੁਬੇਲਾ ਦੀ ਬਿਮਾਰੀ ਤੋ ਬਚਾਅ ਲਈ ਐਮ ਆਰ ਦਾ ਪਹਿਲਾ ਟੀਕਾ, ਆਈ ਪੀ ਵੀ ਦਾ ਟੀਕਾ, ਪੀ ਸੀ ਵੀ ਦਾ ਟੀਕਾ, ਪੋਲੀਓ ਦੀਆਂ ਬੂੰਦਾਂ ਅਤੇ ਅੱਖਾਂ ਦੀ ਰੌਸ਼ਨੀ ਲਈ ਵਿਟਾਇਨ-ਏ ਦੀ ਖੁਰਾਕ ਦਿੱਤੀ ਜਾਂਦੀ ਹੈ।ਬੱਚੇ ਨੂੰ 16 ਤੋਂ 18 ਮਹੀਨੇ ਦੀ ਉਮਰ ਦੌਰਾਨ ਐਮ ਆਰ ਦਾ ਦੂਜਾ ਟੀਕਾ, ਡੀਪੀਟੀ(ਡਿਪਥੀਰੀਆ,ਪਰਟਿਊਸਿਜ਼ ਟੈਟਨਸ) ਦਾ ਬੂਸਟਰ ਟੀਕਾ, ਵਿਟਾਮਿਨ-ਏ ਦੀ ਖੁਰਾਕ ਅਤੇ ਪੋਲੀਓ ਬੂੰਦਾਂ ਦਿੱਤੀਆਂ  ਜਾਂਦੀਆਂ ਹਨ। ਬੱਚੇ ਦੀ 5 ਸਾਲ ਦੀ ਉਮਰ ਹੋਣ ਤੇ ਉਸ ਨੂੰ ਡੀਪੀਟੀ (ਡਿਪਥੀਰੀਆ,ਪਰਟਿਊਸਿਜ਼, ਟੈਟਨਸ) ਦਾ ਟੀਕਾ 10 ਸਾਲ ਦੀ ਉਮਰ ਤੇ ਟੀ ਡੀ (ਟੈਟਨਸ, ਡਿਪਥੀਰੀਆ) ਅਤੇ 16 ਸਾਲ ਦੀ ਉਮਰ ਪੂਰੀ ਹੋਣ ਤੇ ਟੀ ਡੀ ਦਾ ਟੀਕਾ ਦਿੱਤਾ ਜਾਂਦਾ ਹੈ। ਅੱਜ ਸਿਵਲ ਹਸਪਤਾਲ ਲੁਧਿਆਣਾ ਵਿਖੇ ਲਗਾਏ ਗਏ ਟੀਕਾਕਰਨ ਕੈਂਪ ਦੌਰਾਨ ਐਲ ਐਚ ਵੀ ਜਸਪਾਲ ਕੌਰ, ਏ ਐਨ ਐਮ ਪਰਮਜੀਤ ਕੌਰ ਅਤੇ ਪ੍ਰਿਆ ਕੁਮਾਰੀ ਵੱਲੋਂ ਬੱਚਿਆਂ ਦਾ ਟੀਕਾਕਰਨ ਕੀਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸ਼ੈਫ ਕੁਨਾਲ ਕਪੂਰ ਨੇ ਬਾਵਰਚੀ ਸੀਜ਼ਨ-2 ਨੂੰ ਆਪਣੀ ਰਸੋਈ ਕਲਾ ਨਾਲ ਬਣਾਇਆ ਖ਼ਾਸ, ਸੀ.ਟੀ. ਯੂਨੀਵਰਸਿਟੀ ’ਚ ਹੋਇਆ ਭਵਿਆ ਸਮਾਪਨ
Next article*ਪੰਜਾਬ ਦੇ 55 ਲੱਖ ਲੋੜਵੰਦ ਲੋਕਾਂ ਦੇ ਮੁਫ਼ਤ ਰਾਸ਼ਨ ਨੂੰ ਬੰਦ ਕਰਨ ਦੀਆਂ ਭਾਜਪਾ ਦੀਆਂ ਚਾਲਾਂ ਨੂੰ ਸਫ਼ਲ ਨਹੀਂ ਹੋਣ ਦੇਵਾਂਗੇ : ਕੁਲਜੀਤ ਸਿੰਘ ਰੰਧਾਵਾ*