(ਸਮਾਜ ਵੀਕਲੀ) ਸਿਆਣਿਆਂ ਦਾ ਕਥਨ ਹੈ “ਜੈਸੀ ਸੰਗਤ ਵੈਸੀ ਰੰਗਤ” ਭਾਵ ਮਨੁੱਖ ਜਿਹੋ ਜਿਹੇ ਮਨੁੱਖਾਂ ਦੀ ਸੰਗਤ ਕਰਦਾ ਹੈ ਉਸ ਦੇ ਮਨ ਮਸਤਿਕ ਵਿੱਚ ਉਹੋ ਜਿਹੇ ਵਿਚਾਰ ਪੈਦਾ ਹੋ ਜਾਦੇਂ ਹਨ ਅਤੇ ਉਸਦੀ ਰਹਿਣੀ ਬਹਿਣੀ, ਸੋਚਣੀ ਸਮਝਣੀ, ਤੇ ਬੋਲ ਚਾਲ ਵੀ ਕੀਤੇ ਹੋਏ ਸੰਗ ਦੇ ਰੰਗ ਵਿੱਚ ਰੰਗੀ ਜਾਂਦੀ ਹੈ । ਜੇਕਰ ਸੰਗਤ ਬੁਰੀ ਹੋਵੇ ਤਾਂ ਮਨ ਵਿੱਚ ਵਿਚਾਰ ਵੀ ਬੁਰੇ ਆਉਣਗੇ ਤੇ ਕਹਿਣੀ ਕਰਨੀ ਵੀ ਨੀਵੇਂ ਦਰਜੇ ਦੀ ਹੋਵੇਗੀ ਤੇ ਜੇਕਰ ਸੰਗਤ ਚੰਗੇ ਮਨੁੱਖਾਂ ਦੀ ਹੋਵੇ, ਚੰਗੀਆਂ ਕਿਤਾਬਾਂ ਨਾਲ਼ ਯਾਰੀ ਹੋਵੇ ਗੁਰਬਾਣੀ ਜਾਂ ਇਤਿਹਾਸ ਤੇ ਹੋਰ ਧਾਰਮਿਕ ਪੁਸਤਕਾਂ ਪੜ੍ਹਨ ਦਾ ਸ਼ੌਕ ਹੋਵੇ ਤਾਂ ਸੁਭਾਵਿਕ ਹੈ ਕਿ ਮਨ ਵਿੱਚ ਸ਼ੁੱਧ ਵਿਚਾਰ ਪੈਦਾ ਹੋਣਗੇ ਤੇ ਕਹਿਣੀ ਕਰਨੀ ਤੇ ਬੋਲ ਚਾਲ ਵਿੱਚ ਵੀ ਮਿਠਾਸ,ਨਿਮਰਤਾ, ਸਹਿਣਸ਼ੀਲਤਾ, ਤੇ ਦਯਾ ਭਾਵਨਾ ਨੱਕੋ ਨੱਕ ਭਰ ਜਾਵੇਗੀ ਜੋ ਤੁਹਾਡੇ ਆਚਰਣ ਵਿਚੋਂ ਹਰ ਵਕ਼ਤ ਝਲਕੇਗੀ ਤੇ ਉਸ ਦੀ ਪਰਖ਼ ਤੇ ਉਸ ਨੂੰ ਮਹਿਸੂਸ ਵੀ ਕੋਈ ਚੰਗੇ ਕਿਰਦਾਰ ਦਾ ਮਨੁੱਖ ਹੀ ਕਰ ਸਕਦਾ ਹੈ। ਜਦੋਂ ਮਨੁੱਖ ਗੁਰਬਾਣੀ ਨੂੰ ਸਹਿਜੇ ਸਹਿਜੇ ਪੜ੍ਹ ਕੇ ਵਿਚਾਰਦਾ ਹੈ ਸਮਝਦਾ ਹੈ ਤਾਂ ਉਸ ਦੀ ਸਿੱਖਿਆ ਤੇ ਸਿਧਾਂਤ ਮਨੁੱਖ ਦੇ ਹਿਰਦੇ ਵਿੱਚ ਵਸ ਜਾਂਦੇ ਹਨ ਜਿਸ ਸਦਕਾ ਉਸ ਦਾ ਆਚਰਣ ਉੱਚਾ ਹੋ ਜਾਂਦਾ ਹੈ ਤੇ ਉਸ ਦੀ ਸੋਚ ਵਿੱਚ ਨਿਮਰਤਾ, ਹਲੀਮੀ ਤੇ ਮਿਠਾਸ ਭਰ ਜਾਂਦੀ ਹੈ। ਜਿਸ ਕਰਕੇ ਉਸ ਵਲੋਂ ਕਿਸੇ ਦਾ ਦਿਲ ਦੁਖਾਉਣਾ ਤਾਂ ਦੂਰ ਦੀ ਗੱਲ ਹੈ ਉਹ ਕਿਸੇ ਨੂੰ ਮੰਦੇ ਸ਼ਬਦ ਬੋਲਣ ਤੋਂ ਵੀ ਗ਼ੁਰੇਜ਼ ਕਰਦਾ ਹੈ ਤੇ ਵੱਡੇ ਛੋਟੇ ਦਾ ਸਤਿਕਾਰ ਕਰਨਾ ਉਸ ਦੀ ਰੂਹ ਵਿੱਚ ਵਸ ਜਾਂਦਾ ਹੈ।ਇਹ ਮੈਂ ਹੋਰਾਂ ਵਿੱਚ ਵੀ ਮਹਿਸੂਸ ਕੀਤਾ ਹੈ ਤੇ ਮੇਰੇ ਨਾਲ ਵੀ ਵਾਪਰਿਆ ਹੈ
ਇਹ ਗੱਲ ਮੇਰੇ ਨਾਲ ਇੱਕ ਬਹੁਤ ਸਮਾਂ ਪਹਿਲਾਂ ਵਾਪਰੀ ਘਟਨਾ ਦੇ ਅਚਾਨਕ ਚੇਤੇ ਆ ਜਾਣ ਕਾਰਨ ਮੇਰੇ ਦਿਮਾਗ ਵਿੱਚ ਘੁੰਮਣ ਲੱਗੀ ਤੇ ਮੈਂ ਇਸ ਨੂੰ ਸ਼ਬਦਾਂ ਰਾਹੀਂ ਬਿਆਨ ਕਰਨ ਬਾਰੇ ਸੋਚਿਆ। ਹੋਇਆ ਇੰਝ ਕਿ ਸੰਨ 1991-92 ਵਿੱਚ ਫ਼ੌਜ ਦੀ ਨੌਕਰੀ ਦੌਰਾਨ ਮੇਰੀ ਡਿਊਟੀ ਕਿਸੇ ਬ੍ਰਿਗੇਡ ਹੈਡਕੁਆਰਟਰ ਦੇ ਗੁਰਦੁਆਰਾ ਸਾਹਿਬ ਵਿੱਚ ਮੁੱਖ ਸੇਵਦਾਰ ਦੇ ਤੌਰ ਤੇ ਲੱਗੀ ਹੋਈ ਸੀ ਜਿਸ ਕਰਕੇ ਮੈਂ ਗੁਰਬਾਣੀ ਤਾਂ ਪੜ੍ਹਦਾ ਹੀ ਸੀ ਤੇ ਮੇਰੇ ਕੋਲ ਖੁੱਲ੍ਹਾ ਟਾਈਮ ਹੋਂਣ ਕਰਕੇ ਮੈਂ ਗੁਰਬਾਣੀ ਨੂੰ ਸਮਝਣ ਲਈ ਗੁਰਬਾਣੀ ਸਟੀਕ ਤੇ ਸਿੱਖ ਇਤਿਹਾਸ ਦੀਆਂ ਕਿਤਾਬਾਂ, ਰਸਾਲੇ ਬਹੁਤ ਜ਼ਿਆਦਾ ਪੜ੍ਹਦਾ ਹੁੰਦਾ ਸੀ ਤੇ ਇਸ ਦਾ ਅਸਰ ਮੇਰੇ ਮਨ ਮਸਤਿਕ ਤੇ ਹੋਣਾ ਸੁਭਾਵਿਕ ਹੀ ਸੀ। ਇੱਕ ਵਾਰ ਸਾਡਾ ਸਾਰਾ ਬ੍ਰਿਗੇਡ,ਅਕਸਰਸਾਈਜ਼,ਭਾਵ ਲੜਾਈ ਦੀ ਟ੍ਰੇਨਿੰਗ ਲਈ ਕਿਸੇ ਦੂਸਰੀ ਲੁਕੇਸ਼ਨ ਤੇ ਗਿਆ ਹੋਇਆ ਸੀ ਤੇ ਮੈਨੂੰ ਗੁਰਦੁਆਰਾ ਸਾਹਿਬ ਹੀ ਰਹਿਣ ਲਈ ਉੱਥੇ ਹੀ ਛੱਡ ਦਿੱਤਾ। ਫਿਰ ਇੱਕ ਦਿਨ ਐਤਵਾਰ ਨੂੰ ਬਾਅਦ ਦੁਪਹਿਰ ਸਾਡੇ ਡਿਪਟੀ ਕਮਾਂਡਰ ਸਾਹਿਬ ਨੇ ਗੌਲਫ਼ ਖੇਡਣ ਜਾਣਾ ਸੀ ਉਨ੍ਹਾਂ ਦੇ ਨਾਲ ਉਨ੍ਹਾਂ ਦਾ ਹੈਲਪਰ ਵੀ ਸੀ ਤੇ ਮੈਨੂੰ ਵੀ ਹੁਕਮ ਮਿਲਿਆ ਕਿ ਮੈਂ ਉਨ੍ਹਾਂ ਦੀ ਮਦਦ ਲਈ ਉਨ੍ਹਾਂ ਦੇ ਨਾਲ਼ ਜਾਵਾਂ। ਵੈਸੇ ਤਾਂ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਨੂੰ ਕਿਤੇ ਬਾਹਰ ਨਹੀਂ ਭੇਜਿਆ ਜਾਂਦਾ ਪਰ ਹੋਰ ਜੁਆਨ ਹਾਜ਼ਰ ਨਾ ਹੋਣ ਕਾਰਨ ਉਸ ਦਿਨ ਮੈਨੂੰ ਭੇਜ ਦਿੱਤਾ ਗਿਆ ਸੀ।ਏਨੇ ਨੂੰ ਅਫਸਰ ਸਹਿਬਾਨ ਦੀ ਗੱਡੀ ਆ ਗਈ ਤੇ ਮੈਂ ਵੀ ਉਸ ਵਿੱਚ ਬੈਠ ਗਿਆ ਤੇ ਗੌਲਫ਼ ਗਰਾਉਂਡ ਪਹੁੰਚ ਗਏ। ਮੇਰੀ ਡਿਊਟੀ ਲੱਗੀ ਕਿ ਜੋ ਬਾਹਰੋਂ ਪਿੰਡਾਂ ਵਿਚੋਂ ਸਿਵਲਿਅਨ ਲੋਕ ਆਉਂਦੇ ਜਾਂਦੇ ਹਨ ਉਨ੍ਹਾਂ ਨੂੰ ਕੁੱਝ ਸਮੇਂ ਲਈ ਰੋਕਣਾ ਹੈ ਤਾਂ ਕਿ ਹਿੱਟ ਲਾਉਣ ਸਮੇਂ ਧਿਆਨ ਨਾ ਭਟਕੇ ਤੇ ਜਾਂ ਫਿਰ ਬੌਲ ਉਨ੍ਹਾਂ ਲੋਕਾਂ ਦੇ ਨਾ ਵੱਜੇ। ਮੈਨੂੰ ਇਸ਼ਾਰਾ ਮਿਲਿਆ ਕਿ ਸਾਹਿਬ ਹਿਟ ਲਾਉਣਗੇ ਤੇ ਓਸੇ ਸਮੇਂ ਇੱਕ 60/70 ਸਾਲਾ ਮਾੜਕੂ ਜਿਹਾ ਸਿਵਲੀਅਨ ਬਜ਼ੁਰਗ ਸਾਈਕਲ ਤੇ ਆਉਂਦਾ ਦਿਸਿਆ ਮੈਂ ਉਸਨੂੰ ਉੱਥੇ ਹੀ ਰੁਕਣ ਲਈ ਇਸ਼ਾਰਾ ਕੀਤਾ ਪਰ ਉਹ ਨਾ ਰੁਕਿਆ ਮੈਂ ਉੱਚੀ ਉੱਚੀ ਰੌਲਾ ਪਾਉਂਦਾ ਉਸ ਵੱਲ ਭੱਜਿਆ,ਓ ਬਾਬਾ ਰੁਕ ਜਾ, ਓ ਬਾਬਾ ਰੁਕ ਜਾ, ਪਰ ਉਹ ਨਾ ਰੁਕਿਆ ਤੇ ਸਾਹਿਬ ਨੇ ਹਿੱਟ ਮਾਰੀ ਤੇ ਉਹ ਗਲਤ ਹੋ ਗਈ ਤੇ ਬੌਲ ਵੀ ਗੁਆਚ ਗਈ, ਮੈਂ ਉਸ ਬਜ਼ੁਰਗ ਕੋਲ਼ ਜਾ ਕੇ ਕਿਹਾ ਕਿ ਤੈਨੂੰ ਦਿਸਦਾ ਨੀਂ ਕਿ ਸੁਣਾਈ ਨੀਂ ਦਿੰਦਾ ਮੈਂ ਕਿੰਨਾ ਰੌਲਾ ਪਾਇਆ ਕਿ ਰੁਕ ਜਾ “ਮੈਂ ਉਸਨੂੰ ਅਜੇ ਕਹਿ ਹੀ ਰਿਹਾ ਸੀ ਕਿ ਸਾਹਿਬ ਨੇ ਮੈਨੂੰ ਕੋਲ਼ ਬੁਲਾਇਆ ਤੇ ਮੇਰੇ ਤੇ ਕਾਫੀ ਗੁੱਸਾ ਝਾੜਿਆ ਤੇ ਫਿਰ ਬੋਲੇ ਜਾ ਕੇ ਉਸ ਦੇ ਦੋ ਥੱਪੜ ਮਾਰ
ਮੈਂ ਭੱਜਿਆ ਭੱਜਿਆ ਗਿਆ ਤੇ ਜਾ ਕੇ ਮੈਂ ਉਸਨੂੰ ਝੱਗੇ ਤੋਂ ਫ਼ੜ ਕੇ ਝੰਜੋੜ ਕੇ ਜੇ ਛੱਡ ਦਿੱਤਾ ਤੇ ਕਿਹਾ ਕਿ ਪਿੱਛੇ ਹੋ ਕੇ ਖੜ੍ਹਜਾ ਜਿਨ੍ਹਾਂ ਚਿਰ ਮੈਂ ਨਹੀਂ ਕਹਿੰਦਾ ਜਾਣਾ ਨਹੀਂ ਉਹ ਬਜ਼ੁਰਗ ਦੂਰ ਹੋ ਕੇ ਸਾਈਕਲ ਸਟੈਂਡ ਤੇ ਲਾ ਕੇ ਭੁੰਜੇ ਬੈਠ ਗਿਆ। ਸਾਹਿਬ ਨੇ ਮੈਨੂੰ ਫੇਰ ਕੋਲ਼ ਬੁਲਾਇਆ ਤੇ ਬੋਲੇ”ਆਪ ਕੋ ਥੱਪੜ ਨਹੀਂ ਮਾਰਨਾ ਆਤਾ ਮੈਨੇ ਆਪ ਕੋ ਬੋਲਾ ਥਾ ਕਿ ਉਸ ਕੇ ਦੋ ਥੱਪੜ ਮਾਰੋ”
ਮੈਂ ਸਾਵਧਾਨ ਖੜ੍ਹਾ ਹੋ ਕੇ ਹੌਲੀ ਜਿਹੀ ਕਿਹਾ”
ਸਾਹਿਬ ਵੋ ਮੇਰੇ ਬਾਪ ਕੀ ਉਮਰ ਕਾ ਹੈ ਮੈਂ ਉਸ ਕੇ ਥੱਪੜ ਕੇਸੈ ਮਾਰ ਸਕਤਾ ਹੂੰ।
ਸਾਹਿਬ ਫਿਰ ਬੋਲੇ”ਮੈਂ ਮਾਰ ਕੇ ਦਿਖਾਊਂ ਥੱਪੜ ਕੈਸੇ ਮਾਰਾ ਜਾਤਾ ਹੈ।
ਮੈਂ ਕਿਹਾ” ਸਰ ਆਪ ਮਾਰ ਸਕਤੇ ਹੋ ਆਪ ਬੜੇ ਹੈਂ।
ਮੇਰੀ ਗੱਲ ਸੁਣਦੇ ਹੀ ਸਾਹਿਬ ਬੋਲੇ”
ਅਮਰਜੀਤ ਸਿੰਘ ਜੀ, ਅਬ ਆਪ ਫ਼ੌਜੀ ਨਹੀਂ ਰਹੇ ਆਪ ਬਾਬਾ ਜੀ ਹੋ ਗਏ ਹੋ”
ਜਾਓ ਗਾੜੀ ਮੇਂ”ਜੌਂਗੇ ਵਿੱਚ” ਬੈਠੋ ਚਲਤੇ ਹੈਂ।
ਤੇ ਫਿਰ ਆਪਣੇ ਹੈਲਪਰ ਨੂੰ ਕਿਹਾ ਕਿ ਸਮਾਨ ਰੱਖੋ ਗੱਡੀ ਵਿੱਚ ਘਰ ਚਲੀਏ।ਸਮਾਨ ਰੱਖਿਆ ਤੇ ਮੈਂ ਪਹਿਲਾਂ ਹੀ ਗੱਡੀ ਵਿੱਚ ਬੈਠ ਗਿਆ ਸੀ ਉਹ ਗੱਡੀ ਵਿੱਚ ਬੈਠੇ ਤੇ ਗੱਡੀ ਸਾਹਿਬ ਦੇ ਬੰਗਲੇ ਪਹੁੰਚ ਗਈ। ਹੈਲਪਰ ਸਮਾਨ ਚੁੱਕ ਕੇ ਤੁਰ ਗਿਆ ਸਾਹਿਬ ਗੱਡੀ ਚੋਂ ਉੱਤਰੇ ਡਰਾਈਵਰ ਨੇ ਸੈਲਿਊਟ ਮਾਰਿਆ ਤੇ ਮੈਂ ਵੀ ਉੱਤਰ ਕਿ ਪਿੱਛੇ ਜੇ ਹੋ ਕੇ ਖੜ੍ਹ ਗਿਆ” ਸਾਹਿਬ ਨੇ ਮੇਰੇ ਵੱਲ ਇਸ਼ਾਰਾ ਕਰਕੇ ਕਿਹਾ ਆਓ ਮੇਰੇ ਸਾਥ” ਮੈਂ ਮਗਰ ਮਗਰ ਤੁਰ ਪਿਆ ਅੰਦਰ ਜਾ ਕੇ ਮੈਨੂੰ ਕੁਰਸੀ ਤੇ ਬੈਠਣ ਲਈ ਇਸ਼ਾਰਾ ਕੀਤਾ ਪਰ ਮੈਂ ਖੜ੍ਹਾ ਰਿਹਾ ਕਿਉਂਕਿ ਫੌਜ ਵਿੱਚ ਵੱਡੇ ਅਫਸਰ ਦੇ ਸਾਹਮਣੇ ਮੇਰੇ ਰੈਂਕ ਵਾਲੇ ਨੂੰ ਕੁਰਸੀ ਤੇ ਬੈਠਣ ਦੀ ਸ਼ਾਇਦ ਇਜਾਜ਼ਤ ਨਹੀਂ ਸੀ। ਸਾਹਿਬ ਬੋਲੇ”ਬੈਠੋ ਬੈਠੋ ਘਬਰਾਤੇ ਕਿਓਂ ਹੈਂ”
ਮੈਂ ਬੈਠ ਗਿਆ ਤੇ ਫਿਰ ਮੇਰੇ ਲਈ ਮੇਮ ਸਾਹਬ ਦੁੱਧ ਦਾ ਗਿਲਾਸ ਲੈ ਕੇ ਆਈ” ਮੈਂ ਝਿਜਕਦੇ ਝਿਜਕਦੇ ਨੇ ਪੀ ਲਿਆ।
ਫਿਰ ਸਾਹਿਬ ਬੋਲੇ ਹਾਂ ਜੀ ਬਾਵਾ ਜੀ ਦੂਧ ਪੀ ਲੀਆ।
ਮੈਂ ਕਿਹਾ ਹਾਂ ਜੀ ਸਰ”
ਤੇ ਫਿਰ ਡਰਾਈਵਰ ਨੂੰ ਆਵਾਜ਼ ਮਾਰੀ ਤੇ ਕਿਹਾ ਕਿ ਇਨ ਕੋ ਗੁਰਦੁਆਰਾ ਸਾਹਿਬ ਛੋੜ ਆਓ।
ਮੈਂ ਗੱਡੀ ਵਿੱਚ ਬੈਠਿਆ ਤੇ ਜੌਂਗਾ ਬ੍ਰਿਗੇਡ ਹੈਡਕੁਆਰਟਰ ਦੇ ਗੁਰਦੁਆਰਾ ਸਾਹਿਬ ਦੇ ਗੇਟ ਅੱਗੇ ਆ ਕੇ ਰੁਕਿਆ ਮੈਂ ਉੱਤਰ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕੀਤੀ ਤੇ ਸੋਚਣ ਲੱਗਾ ਕਿ ਫ਼ੌਜੀ ਮੈਂ ਨਹੀਂ ਰਿਹਾ ਜਾਂ ਫੌਜੀ ਡਿਪਟੀ ਕਮਾਂਡਰ ਸਾਹਿਬ ਵੀ ਨਹੀਂ ਰਹੇ ਜਾਂ ਅਸੀਂ ਦੋਵੇਂ ਹੀ ਅਸਲ ਫ਼ੌਜੀ ਹੋ ਗਏ ਸੀ, ਇਹ ਸੁਆਲ ਅੱਜ ਤੱਕ ਸਮਝ ਵਿੱਚ ਨਹੀਂ ਆਇਆ ਹੈ।
ਅਮਰਜੀਤ ਸਿੰਘ ਫ਼ੌਜੀ
ਪਿੰਡ ਦੀਨਾ ਸਾਹਿਬ ਜ਼ਿਲ੍ਹਾ ਮੋਗਾ ਪੰਜਾਬ
94174-04804
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



