ਕਾਲੀ‌‌ ਕੀੜੀ

ਰਮੇਸ਼ ਸੇਠੀ‌ ਬਾਦਲ
ਰਮੇਸ਼ ਸੇਠੀ‌ ਬਾਦਲ
(ਸਮਾਜ ਵੀਕਲੀ) “ਮੈਨੂੰ ਹੁਣੇ ਹੀ ਪੈਸੇ ਕਿਉਂ ਨਹੀਂ ਦਿੰਦੀ ਤੂੰ। ਫਿਰ ਜੇ ਕਾਲੀ ਕੀੜੀ ਸੋਢੇ ਇਹੋ ਜਿਹੀ ਦੇ।” ਜਦੋਂ ਭੋਲੀ ਨੇ ਮੇਰੀ ਮਾਂ ਨੂੰ ਇਹ ਗੱਲ ਆਖੀ ਤਾਂ ਮੇਰੀ ਮਾਂ ਗੁੱਸੇ ਚ ਭਰ ਗਈ। ਭੋਲੀ ਸਾਡੇ ਪਿੰਡ ਵਾਲੇ ਘਰ ਦੇ ਨੇੜੇ ਹੀ ਰਹਿੰਦੀ ਸੀ। ਅੰਬੋ ਭਾਨੋ ਦੀ ਕੁੜੀ ਸੀ ਭੋਲੀ। ਬਾਬੇ ਕੇਹਰ ਕਾ ਵੱਡਾ ਸਾਰਾ ਦਰਵਾਜ਼ਾ ਜਿਸ ਨੂੰ ਲੱਕੜ ਦੇ ਫੱਟੇ ਲੱਗੇ ਹੋਏ ਹਨ। ਬਹੁਤ ਹੀ ਗਰੀਬ ਤੇ ਬਜ਼ੁਰਗ ਬਾਬਾ ਕੇਹਰ ਮੰਜੀ ਤੇ ਬੈਠਾ ਰਹਿੰਦਾ ਸਾਰਾ ਦਿਨ। ਬੀੜੀਆਂ ਪੀਂਦਾ ਪੀਂਦਾ ਖੰਘਨ ਲੱਗ ਜਾਂਦਾ। ਅੰਬੋ ਭਾਨੋ ਲੋਕਾਂ ਘਰੇ ਕੰਮ ਕਰਦੀ। ਮਿੱਟੀ ਲਵਾਉਂਦੀ ਨਰਮਾ ਚੁਗਦੀ ਤੇ ਕਦੇ ਮਾਵਾਂ ਧੀਆਂ ਖੇਤੋਂ ਘਾਹ ਵੱਡ ਕੇ ਲਿਆਉਂਦੀਆਂ। ਉਹ ਘਾਹ ਅਸੀਂ ਆਪਣੀ ਮੱਝ ਵਾਸਤੇ ਮੁੱਲ ਲ਼ੈ ਲੈਂਦੇ ਸੀ ਖੋਰੇ ਪੰਜੀ ਦਾ ਪਸੇਰੀ।
“ਤੂੰ ਜਿੰਨਾ ਮਰਜ਼ੀ ਘਾਹ ਲਿਆਇਆ ਕਰ ਮੈਂ ਲ਼ੈ ਲਿਆ ਕਰੂੰਗੀ।” ਮੇਰੀ ਮਾਂ ਨੇ ਉਸ ਨੂੰ ਸਾਰਾ ਘਾਹ ਇਸੇ ਭਾਅ ਖਰੀਦਣ ਦੀ ਗਰੰਟੀ ਦਿੱਤੀ ਹੋਈ ਸੀ। ਅੱਜ ਦੇ ਐਮ ਐਸ ਪੀ ਵਾਲੀ ਗੱਲ ਹੀ ਸੀ। ਉਂਜ ਉਹ ਕਦੇ ਕਦੇ ਮੇਰੀ ਮਾਂ ਤੋਂ ਅਠਿਆਨੀ ਰੁਪਈਆਂ ਐਡਵਾਂਸ ਵੀ ਲ਼ੈ ਜਾਂਦੀ ਸੀ। ਮੇਰੀ ਮਾਂ ਉਸ ਨੂੰ ਬੇਹੀ ਤਬੇਹੀ ਰੋਟੀ ਰਾਤ ਦੀ ਬਚੀ ਦਾਲ ਸਬਜ਼ੀ ਵੀ ਦਿੰਦੀ। ਕਈ ਵਾਰੀ ਤਾਂ ਉਸਨੂੰ ਚਾਹ ਵੀ ਪਿਆ ਦਿੰਦੀ। ਉਹ ਮੇਰੀ ਮਾਂ ਨੂੰ ਭਾਬੀ ਭਾਬੀ ਕਰਦੀ ਰਹਿੰਦੀ ਅਤੇ ਬਿਨਾਂ ਮਤਲਬ ਤੋਂ ਦੰਦ ਕੱਢਦੀ ਰਹਿੰਦੀ। ਪਿੱਠ ਪਿੱਛੇ ਮੇਰੀ ਮਾਂ ਉਸਨੂੰ ਸਿਧਰੀ ਆਖਦੀ ਸੀ। ਅਠਾਰਾਂ ਵੀਹ ਸਾਲਾਂ ਦੀ ਭੋਲੀ ਕਦੇ ਟਿਕ ਕੇ ਨਹੀਂ ਸੀ ਬਹਿੰਦੀ। ਕਦੇ ਉਹ ਸਾਡੇ ਨਾਲ ਧੱਕੇ ਨਾਲ ਖੇਡਣ ਲੱਗ ਜਾਂਦੀ। ਉਹ ਬਾਹਲਾ ਬੋਲਦੀ ਤੇ ਮੇਰੀ ਮਾਂ ਉਸ ਨੂੰ ਝਿੜਕਕੇ ਭਜਾ ਦਿੰਦੀ। ਉਹ ਗੁੱਸੇ ਹੋਕੇ ਚਲੀ ਜਾਂਦੀ ਪਰ ਅਗਲੇ ਦਿਨ ਘਾਹ ਦੇਣ ਜਾਂ ਬੇਹੀ ਦਾਲ ਸਬਜ਼ੀ ਲੈਣ ਦੇ ਬਹਾਨੇ ਫਿਰ ਆ ਧਮਕਦੀ। ਜਿਵੇਂ ਕੋਈਂ ਗੱਲ ਹੋਈ ਹੀ ਨਾ ਹੋਵੇ। ਪਰ ਅੱਜ ਜਦੋਂ ਮੇਰੀ ਮਾਂ ਨੇ ਖੁੱਲ੍ਹੇ ਪੈਸੇ ਨਾ ਹੋਣ ਕਰਕੇ ਉਸਨੂੰ ਆਥਣੇ ਆਉਣ ਨੂੰ ਕਿਹਾ ਤਾਂ ਉਸਨੇ ਕਾਲੀ ਕੀੜੀ ਵਾਲਾ ਮੁਹਾਵਰਾ ਵਰਤਿਆ। ਮੇਰੀ ਮਾਂ ਉਸਨੂੰ ਭਜਾਉਣ ਤੋਂ ਬਾਅਦ ਹੀ ਉਸ ਦੀ ਮਾਂ ਨੂੰ ਉਲਾਂਭਾ ਦੇਣ ਗਈ। ਫਿਰ ਉਸ ਦੇ ਪਿਓ ਨੂੰ ਵੀ ਦੱਸਿਆ। ਸ਼ਾਮ ਤੱਕ ਉਸਦੀ ਕਹੀ ਗੱਲ ਨੂੰ ਲੈਕੇ ਮੇਰੀ ਮਾਂ ਕੁਲਝਦੀ ਰਹੀ। ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਉਸਨੇ ਇੰਨਾ ਵੀ ਕੀ ਕਿਹਾ ਸੀ। ਕਾਲੀ ਕੀੜੀ ਵਾਲੀ ਗੱਲ ਮੇਰੀ ਖੋਪੜੀ ਤੋਂ ਬਾਹਰ ਦੀ ਗੱਲ ਸੀ ਜੋ ਮੈਨੂੰ ਕਈ ਸਾਲਾਂ ਬਾਅਦ ਸਮਝ ਆਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਨਸ਼ਿਆਂ ਤੋਂ ਦੂਰੀ
Next articleਬੁੱਧ -ਵਿਅੰਗ