ਚੰਡੀਗੜ੍ਹ- ਚੰਡੀਗੜ੍ਹ ਮੇਅਰ ਦੀ ਚੋਣ ਭਾਜਪਾ ਨੇ ਜਿੱਤ ਲਈ ਹੈ। ਭਾਜਪਾ ਦੀ ਹਰਪ੍ਰੀਤ ਕੌਰ ਬਬਲਾ ਚੰਡੀਗੜ੍ਹ ਦੀ ਨਵੀਂ ਮੇਅਰ ਬਣ ਗਈ ਹੈ। ਨਿਗਮ ਚੋਣਾਂ ਲਈ ਵੋਟਿੰਗ ਸਵੇਰੇ 11 ਵਜੇ ਸ਼ੁਰੂ ਹੋ ਗਈ। 12.30 ‘ਤੇ ਜਿਵੇਂ ਹੀ ਨਤੀਜੇ ਐਲਾਨੇ ਗਏ ਤਾਂ ਭਾਜਪਾ ਵਾਲੇ ਜਸ਼ਨ ਵਿਚ ਆ ਗਏ।
ਪਾਰਟੀ ਵੱਲੋਂ ਐਲਾਨੇ ਗਏ ਉਮੀਦਵਾਰ ਹਰਪ੍ਰੀਤ ਬਬਲਾ ਨੂੰ 19 ਵੋਟਾਂ ਮਿਲੀਆਂ, ਜਦੋਂ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੀ ਸਾਂਝੀ ਉਮੀਦਵਾਰ ਪ੍ਰੇਮਲਤਾ ਸਿਰਫ਼ 17 ਵੋਟਾਂ ਹੀ ਹਾਸਲ ਕਰ ਸਕੀ। ਭਾਜਪਾ ਦੇ ਹਰਪ੍ਰੀਤ ਬਬਲਾ ਦੂਜੀ ਵਾਰ ਕੌਂਸਲਰ ਬਣੇ ਹਨ। ਉਹ ਫੌਜ ਦੇ ਸੇਵਾਮੁਕਤ ਕਰਨਲ ਦੀ ਬੇਟੀ ਅਤੇ ਸਾਬਕਾ ਕੌਂਸਲਰ ਦਵਿੰਦਰ ਸਿੰਘ ਬਬਲਾ ਦੀ ਪਤਨੀ ਹੈ। ਉਹ ਪਹਿਲਾਂ ਕਾਂਗਰਸ ਵਿੱਚ ਸੀ, ਪਰ ਹੁਣ ਭਾਜਪਾ ਵਿੱਚ ਹੈ। ਇਸ ਚੋਣ ਵਿੱਚ ਕਰਾਸ ਵੋਟਿੰਗ ਦੀ ਵੀ ਖ਼ਬਰ ਹੈ। ਭਾਜਪਾ ਕੋਲ ਸਿਰਫ਼ 16 ਵੋਟਾਂ ਸਨ, ਪਰ ਉਸ ਨੂੰ ਵੀ ਕਰਾਸ ਵੋਟਿੰਗ ਰਾਹੀਂ ਤਿੰਨ ਵੋਟਾਂ ਮਿਲੀਆਂ। ਇਸ ਵਾਰ ਮੇਅਰ ਦਾ ਅਹੁਦਾ ਮਹਿਲਾ ਕੌਂਸਲਰ ਲਈ ਰਾਖਵਾਂ ਸੀ। ਇਸ ਲਈ ਦੋਵਾਂ ਪਾਸਿਆਂ ਤੋਂ ਸਿਰਫ਼ ਮਹਿਲਾ ਉਮੀਦਵਾਰ ਹੀ ਸਨ।
ਇਸ ਮੌਕੇ ਹਰਪ੍ਰੀਤ ਬਬਲਾ ਦੇ ਪਤੀ ਦਵਿੰਦਰ ਸਿੰਘ ਬਬਲਾ ਨੇ ਕਿਹਾ ਕਿ ਸਾਨੂੰ ਪਹਿਲਾਂ ਹੀ ਭਰੋਸਾ ਸੀ ਕਿ ਭਾਜਪਾ ਦੀ ਜਿੱਤ ਹੋਵੇਗੀ। ਹੁਣ ਤੱਕ ਮੇਅਰ ਕੁਲਦੀਪ ਕੁਮਾਰ ਨੇ ਨਿਗਮ ਨੂੰ ਲੁੱਟਿਆ ਸੀ। ਉਹ ਸਿਰਫ਼ ਆਪਣੇ ਲਈ ਪੈਸੇ ਕਮਾਉਣ ਵਿੱਚ ਰੁੱਝਿਆ ਹੋਇਆ ਸੀ। ਉਨ੍ਹਾਂ ਦੇ ਇਸ ਵਤੀਰੇ ਤੋਂ ਕੌਂਸਲਰ ਵੀ ਨਾਰਾਜ਼ ਸਨ। ਇਸ ਕਰਕੇ ਇਨ੍ਹਾਂ ਲੋਕਾਂ ਨੇ ਵੀ ਸਾਨੂੰ ਵੋਟਾਂ ਪਾਈਆਂ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਕਰਾਸ ਵੋਟ ਪਾਉਣ ਵਾਲੇ ਕੌਂਸਲਰ ਆਮ ਆਦਮੀ ਪਾਰਟੀ ਦੇ ਹਨ ਜਾਂ ਕਾਂਗਰਸ ਦੇ। ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਚੋਣ ਵਿੱਚ ਪਹਿਲੀ ਵੋਟ ਪਾਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly