ਮੋਹਾਲੀ (ਸਮਾਜ ਵੀਕਲੀ) ਸੰਜੀਵ ਸਿੰਘ ਸੈਣੀ :- ਭਾਜਪਾ ਵੱਲੋਂ ਪੰਜਾਬ ਵਿੱਚ ਚੱਲ ਰਹੀ ਮੁੱਢਲੀ ਮੈਂਬਰਸ਼ਿਪ ਮੁਹਿੰਮ ਤਹਿਤ ਪੰਜਾਬ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਵਿੱਚ ਭਾਜਪਾ ਵਰਕਰ ਲੋਕਾਂ ਨੂੰ ਮੁੱਢਲੀ ਮੈਂਬਰਸ਼ਿਪ ਹਾਸਲ ਕਰਕੇ ਪਾਰਟੀ ਨਾਲ ਜੋੜਨ ਅਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੰਮ ਕਰ ਰਹੇ ਹਨ। ਇਸ ਮੁਹਿੰਮ ਤਹਿਤ ਮੁਹਾਲੀ ਵਿਧਾਨ ਸਭਾ ਹਲਕਾ ਪੂਰੇ ਪੰਜਾਬ ਵਿੱਚੋਂ ਪਹਿਲੇ ਸਥਾਨ ’ਤੇ ਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁਹਾਲੀ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ ਨੇ ਦੱਸਿਆ ਕਿ ਮੁਹਾਲੀ ਵਿਧਾਨ ਸਭਾ ਹਲਕੇ ਵਿੱਚ ਵਰਕਰਾਂ ਦੀ ਮਿਹਨਤ ਰੰਗ ਲਿਆਈ ਹੈ ਅਤੇ ਇਸ ਮੁਹਿੰਮ ਦੌਰਾਨ ਹੁਣ ਤੱਕ ਮੁਹਾਲੀ ਵਿਧਾਨ ਸਭਾ ਹਲਕੇ ਤੋਂ 21100 ਲੋਕਾਂ ਨੂੰ ਭਾਜਪਾ ਦੀ ਮੁੱਢਲੀ ਮੈਂਬਰਸ਼ਿਪ ਦਿੱਤੀ ਜਾ ਚੁੱਕੀ ਹੈ ਅਤੇ ਉਹ ਪਾਰਟੀ ਵਿੱਚ ਸ਼ਾਮਲ ਹੋ ਚੁੱਕੇ ਹਨ। ਜ਼ਿਲ੍ਹੇ ਦੀ ਕੁੱਲ ਪ੍ਰਾਇਮਰੀ ਮੈਂਬਰਸ਼ਿਪ 45000 ਹੋ ਗਈ ਹੈ। ਮੁਹਾਲੀ ਵਿਧਾਨ ਸਭਾ ਦੀ ਇਸ ਪ੍ਰਾਪਤੀ ਬਾਰੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਬੀ ਐਲ ਸੰਤੋਸ਼ ਨੇ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ ਨੂੰ ਚੰਡੀਗੜ੍ਹ ਵਿਖੇ ਕਰਵਾਏ ਗਏ ਸੰਗਠਨ ਉਤਸਵ ਵਿੱਚ ਇਸ ਪ੍ਰਾਪਤੀ ਲਈ ਸਨਮਾਨਿਤ ਕੀਤਾ ਅਤੇ ਮੁਹਾਲੀ ਜ਼ਿਲ੍ਹੇ ਦੀ ਸਮੁੱਚੀ ਭਾਜਪਾ ਟੀਮ ਨੂੰ ਵਧਾਈ ਦਿੱਤੀ। ਵਸ਼ਿਸ਼ਟ ਨੇ ਕਿਹਾ ਕਿ ਇਹ ਕੰਮ ਭਾਜਪਾ ਦੀ ਸਮੁੱਚੀ ਜ਼ਿਲ੍ਹਾ ਟੀਮ ਦੀ ਮਿਹਨਤ ਸਦਕਾ ਹੀ ਹੋ ਸਕਿਆ ਹੈ। ਇਸ ਕਾਰਜ ਨੂੰ ਸਫ਼ਲ ਬਣਾਉਣ ਲਈ ਪਾਰਟੀ ਦੇ ਵੱਡੇ ਤੋਂ ਲੈ ਕੇ ਛੋਟੇ ਵਰਕਰਾਂ ਨੇ ਆਪਣੀ ਪੂਰੀ ਜ਼ਿੰਮੇਵਾਰੀ ਅਤੇ ਤਨਦੇਹੀ ਨਾਲ ਯੋਗਦਾਨ ਪਾਇਆ ਹੈ। ਵਰਕਰਾਂ ਨੇ ਘਰ-ਘਰ ਜਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਲੋਕ ਭਲਾਈ ਨੀਤੀਆਂ ਦੇ ਫਾਇਦੇ ਦੱਸੇ, ਜਿਸ ਕਾਰਨ ਲੋਕਾਂ ਨੇ ਖੁਸ਼ੀ-ਖੁਸ਼ੀ ਭਾਜਪਾ ਦੀ ਮੈਂਬਰਸ਼ਿਪ ਲਈ। ਉਨ੍ਹਾਂ ਕਿਹਾ ਕਿ ਇੰਨੀ ਵੱਡੀ ਗਿਣਤੀ ਵਿੱਚ ਲੋਕਾਂ ਵੱਲੋਂ ਭਾਜਪਾ ਦੀ ਮੈਂਬਰਸ਼ਿਪ ਲੈਣ ਦਾ ਸਪੱਸ਼ਟ ਮਤਲਬ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੀ ਸਿਆਸਤ ਦੀ ਤਸਵੀਰ ਵੱਖਰੀ ਹੋਣ ਵਾਲੀ ਹੈ। ਲੋਕਾਂ ਨੇ ਮਨ ਬਣਾ ਲਿਆ ਹੈ ਕਿ ਇਸ ਵਾਰ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਲਿਆਂਦੀ ਜਾਵੇਗੀ ਤਾਂ ਜੋ ਪੰਜਾਬ ਨੂੰ ਅਸਲ ਵਿੱਚ ਰੰਗਲਾ ਪੰਜਾਬ ਬਣਾਇਆ ਜਾ ਸਕੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj