ਭਾਜਪਾ ਦੀ ਜਿੱਤ ਦੇ ਸੁਪਨੇ ਮੁੰਗੇਰੀ ਲਾਲ ਦੇ ਹਸੀਨ ਸੁਪਨਿਆਂ ਨਾਲੋਂ ਵੱਖਰੇ ਨਹੀਂ!

BJP Flag.
ਭਾਜਪਾ ਦੀ ਰਾਹ ਕੰਡਿਆਂ ਨਾਲ ਭਰੀ, ਜ਼ਿਆਦਾਤਰ ਕੰਡੇ ਬੀਜੇ ਆਪਣਿਆਂ ਨੇ
ਹੁਸ਼ਿਆਰਪੁਰ, (ਸਮਾਜ ਵੀਕਲੀ)( ਤਰਸੇਮ ਦੀਵਾਨਾ ) 
ਭਾਜਪਾ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੁਸ਼ਿਆਰਪੁਰ ਆਮਦ ਮੌਕੇ ਜ਼ਿਲੇ ਦੀਆਂ ਸਾਰੀਆਂ ਪ੍ਰਮੁੱਖ ਸੜਕਾਂ ਤੇ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਕਰਨਾ ਅਤੇ ਕਿਸਾਨ ਆਗੂਆਂ ਦੀਆਂ ਗ੍ਰਿਫਤਾਰੀਆਂ ਹੋਣੀਆਂ ਇਹ ਸਾਬਿਤ ਕਰਨ ਲਈ ਕਾਫੀ ਹੈ ਕਿ ਭਾਜਪਾ ਦੀ ਰਾਹ ਕੰਡਿਆਂ ਨਾਲ ਭਰੀ ਪਈ ਹੈ ਜਿਨ੍ਹਾਂ ਵਿੱਚੋਂ ਕੁੱਝ ਤਾਂ ਭਾਜਪਾ ਦੇ ਆਪਣਿਆਂ ਵੱਲੋਂ ਹੀ ਬੀਜੇ ਹੋਏ ਹਨ | ਵੈਸੇ ਵੀ ਇਸ ਵੇਲੇ ਪੰਜਾਬ ਦੇ ਹਾਲਾਤ ਭਾਜਪਾ ਲਈ ਅਨੁਕੂਲ ਨਹੀਂ ਹਨ, ਜਿਸ ਨੂੰ ਕਿਸਾਨਾਂ, ਬੇਰੁਜ਼ਗਾਰਾਂ, ਕਾਂਗਰਸ, ਆਪ ਅਤੇ ਅਕਾਲੀ ਦਲ ਵਰਗੀਆਂ ਵੱਡੀਆਂ ਪਾਰਟੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ |
ਜੇਕਰ ਗੱਲ ਕਰੀਏ ਲੋਕ ਸਭਾ ਹਲਕਾ ਹੁਸ਼ਿਆਰਪੁਰ ਦੀ ਤਾਂ ਇਥੇ ਭਾਜਪਾ ਉਮੀਦਵਾਰ ਨੂੰ ਸਖ਼ਤ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਭਾਜਪਾ ਉਮੀਦਵਾਰ ਅਨੀਤਾ ਸੋਮ ਪ੍ਰਕਾਸ਼ ਲਈ ਵੱਡੀ ਚੁਣੌਤੀ ਭਾਜਪਾ ਦੇ ਇੱਕ ਸ਼ਕਤੀਸ਼ਾਲੀ ਧੜੇ ਵੱਲੋਂ ਪਾਰਟੀ ਉਮੀਦਵਾਰ ਨੂੰ ਪੂਰੀ ਤਰ੍ਹਾਂ ਆਪਣੇ ਕਬਜ਼ੇ ਵਿੱਚ ਲੈ ਕੇ ਬਾਕੀ ਧਿਰਾਂ ਦੀ ਪਹੁੰਚ ਬਿਲਕੁਲ ਖ਼ਤਮ ਕਰ ਦੇਣ ਦਾ ਮਾਹੌਲ ਬਣਿਆ | ਪਾਰਟੀ ਦੇ ਅੰਦਰਲੇ ਸੂਤਰਾਂ ਮੁਤਾਬਿਕ ਇਸ ਵੇਲੇ ਭਾਜਪਾ ਉਮੀਦਵਾਰ ਅਤੇ ਇਸ ਦੀ ਟੀਮ ਉਪਰ ਅਜਿਹੇ ਧੜੇ ਦਾ ਗਲਬਾ ਹੈ ਜੋ ਪਾਰਟੀ ਉਮੀਦਵਾਰ ਦੀ ਜਿੱਤ ਦੀ ਬਜਾਏ ਇਸ ਨੂੰ ਆਰਥਿਕ ਤੌਰ ‘ਤੇ ਵੱਧ ਤੋਂ ਵੱਧ ਨਿਚੋੜ ਕੇ ਆਪਣੀਆਂ ਝੋਲੀਆਂ ਭਰਨ ਦੀ ਲੜਾਈ ਲੜ ਰਿਹਾ ਹੈ | ਪਿਛਲੀ ਵਾਰ ਲੋਕ ਸਭਾ ਦੀ ਚੋਣ ਲੜ ਰਹੇ ਸੋਮ ਪ੍ਰਕਾਸ਼ ਦੇ ਇਕੱਲੇ ਹੋਣ ਕਾਰਨ ਇਸ ਥੋੜੀ ਦੇ ਆਗੂਆਂ ਨੇ ਮੋਟਾ ਮਾਲ ਇਕੱਠਾ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਇਥੋਂ ਤੱਕ ਕਿ ਵੱਡਾ ਆਰਡਰ ਦੇ ਕੇ ਪੂਰੀ ਕੀਮਤ ਵਸੂਲ ਕਰ ਲਈ ਗਈ ਜਦਕਿ ਗਿਣਤੀ ਕਰਨ ਤੇ ਇਹ ਮਾਲ ਦਿੱਤੇ ਹੋਏ ਆਰਡਰ ਨਾਲੋਂ ਅੱਧਾ ਨਿਕਲਿਆ | ਪਾਰਟੀ ਦੇ ਅੰਦਰੂਨੀ ਸੂਤਰਾਂ ਮੁਤਾਬਿਕ ਪਾਰਟੀ ਦੇ ਉਕਤ ਪ੍ਰਭਾਵਸ਼ਾਲੀ ਆਗੂ ਦੇ ਧੜੇ ਵੱਲੋਂ ਹੁਣ ਵੀ ਕੁੱਝ ਅਜਿਹੀ ਖੇਡ ਵਿੱਚ ਮਸਤ ਹੋਣ ਕਾਰਣ ਪਾਰਟੀ ਉਮੀਦਵਾਰ ਦੀ ਚੋਣ ਮੁਹਿੰਮ ਕਾਫੀ ਪਿੱਛੇ ਰਹਿ ਗਈ ਹੈ |
ਅਸਤੀਫਿਆਂ ਦੇ ਲਗਾਤਾਰ ਲੱਗ ਰਹੇ ਝੱਟਕਿਆਂ ਨੇ ਹਾਲੋਂ ਬੇਹਾਲ ਕੀਤਾ :-
ਸਭ ਤੋਂ ਵੱਡੀ ਚੁਣੌਤੀ ਭਾਜਪਾ ਸੰਗਠਨ ਦੇ ਅੰਦਰੋਂ ਹੈ ਜਿਸ ਨੂੰ ਟਕਸਾਲੀ ਤੇ ਮਿਹਨਤੀ ਆਗੂਆਂ ਅਸਤੀਫਿਆਂ ਦੇ ਲਗਾਤਾਰ ਲੱਗ ਰਹੇ ਝੱਟਕਿਆਂ ਨੇ ਹਾਲੋਂ ਬੇਹਾਲ ਕਰ ਰੱਖਿਆ ਹੈ | ਪਾਰਟੀ ਦੇ ਸ਼ਕਤੀਸ਼ਾਲੀ ਧੜੇ ਦੇ ਆਗੂਆਂ ਦੀਆਂ ਮਨਮਾਨੀਆਂ ਤੋਂ ਤੰਗ ਆ ਕੇ ਭਾਜਪਾ ਦੀ ਦਮਦਾਰ ਮਹਿਲਾ ਆਗੂ ਨੀਤੀ ਤਲਵਾੜ ਦੇ ਨਾਲ ਵੱਡੀ ਗਿਣਤੀ ਵਿੱਚ ਮਹਿਲਾ ਸ਼ਕਤੀ ਨੇ ਵੀ ਭਾਜਪਾ ਨੂੰ ਅਲਵਿਦਾ ਕਹਿ ਦਿੱਤਾ। ਇਹ ਮਹਿਲਾ ਸ਼ਕਤੀ ਜਿਸ ਨੇ ਭਾਜਪਾ ਦੀ ਜਿੱਤ ਲਈ ਕੰਮ ਕਰਨਾ ਸੀ, ਹੁਣ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੋਹਣ ਸਿੰਘ ਠੰਡਲ ਦੀ ਜਿੱਤ ਲਈ ਜੀਅ ਜਾਨ ਲਾ ਕੇ ਪ੍ਰਚਾਰ ਕਰ ਰਹੀ ਹੈ ਇਨ੍ਹਾਂ ਹੀ ਨਹੀਂ ਨੀਤੀ ਦੇ ਪਤੀ ਸੰਜੀਵ ਤਲਵਾੜ ਨੇ ਵੀ ਭਾਜਪਾ ਨਾਲੋਂ ਨਾਤਾ ਤੋੜ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਨੂੰ ਤਰਜ਼ੀਹ ਦਿੱਤੀ । ਜ਼ਿਕਰਯੋਗ ਹੈ ਕਿ ਤੇਜਤਰਾਰ ਅਤੇ ਮੋਟੀਵੇਸ਼ਨਲ ਸਪੀਕਰ ਸੰਜੀਵ ਤਲਵਾੜ ਨੇ ਕਈ ਆਗੂਆਂ ਦੀ ਚੋਣ ਜੰਗ ‘ਚ ਭਾਜਪਾ ਉਮੀਦਵਾਰ ਦੀ ਜਿੱਤ ‘ਚ ਵੀ ਅਹਿਮ ਭੂਮਿਕਾ ਨਿਭਾਈ ਅਤੇ ਸੰਘ ਦੇ ਪ੍ਰੋਗਰਾਮਾਂ ਨੂੰ ਪੂਰੇ ਉਤਸ਼ਾਹ ਨਾਲ ਆਯੋਜਿਤ ਕਰਨ ‘ਚ ਵੀ ਸਭ ਤੋਂ ਅੱਗੇ ਰਹੇ। ਤਲਵਾੜ ਜੋੜੇ ਨਾਲ ਜ਼ਾਹਰਾ ਤੌਰ ‘ਤੇ 300 ਪਰਿਵਾਰਾਂ ਦੀਆਂ ਵੋਟਾਂ ਤਾਂ ਹਜ਼ਾਰਾਂ ਵੋਟਰ ਸਿੱਧੇ ਤੌਰ ‘ਤੇ ਭਾਜਪਾ ਨਾਲੋਂ ਟੁੱਟ ਕੇ ਅਕਾਲੀ ਦਲ ਨਾਲ ਜੁੜ ਕੇ ਠੰਡਲ ਦੀ ਜਿੱਤ ਲਈ ਕੰਮ ਕਰ ਰਹੇ ਹਨ।  ਇਸ ਤੋਂ ਇਲਾਵਾ ਸੰਜੀਵ ਤਲਵਾੜ ਦਾ ਸ਼ਹਿਰੀ ਖੇਤਰਾਂ ਦੇ ਨਾਲ ਪਿੰਡਾਂ ਅਤੇ ਕਸਬਿਆਂ ‘ਚ ਵੀ ਚੰਗਾ ਅਧਾਰ ਹੈ ਕਿਉਂਕਿ ਉਨ੍ਹਾਂ ਨੇ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਅਤੇ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਨਾਲ ਲੰਮਾ ਸਮਾਂ ਕੰਮ ਕੀਤਾ ਹੈ | ਇਸ ਦੇ ਨਾਲ ਹੀ ਇਸ ਸਮੇਂ ਦੌਰਾਨ ਉਹ ਆਪਣੀ ਵੱਖਰੀ ਪਛਾਣ ਬਣਾਉਣ ਵਿੱਚ ਵੀ ਕਾਮਯਾਬ ਰਹੇ।  ਜਿਸ ਕਾਰਨ ਹਰ ਇਲਾਕੇ ਵਿੱਚ ਆਪਣੇ ਪ੍ਰਭਾਵ ਵਾਲੇ 20-25 ਪਰਿਵਾਰਾਂ ਦਾ ਗਰੁੱਪ ਵੀ ਉਸ ਨਾਲ ਅਕਾਲੀ ਦਲ ਵਿਚ ਸ਼ਾਮਲ ਹੋਇਆ ਸਮਝਿਆ ਜਾਂਦਾ ਹੈ,ਭਾਜਪਾ ਉਮੀਦਵਾਰ ਲਈ ਇੱਕ ਹੋਰ ਵੱਡਾ ਝੱਟਕਾ ਸਾਬਕਾ ਜ਼ਿਲ੍ਹਾ ਪ੍ਰਧਾਨ ਡਾ: ਰਮਨ ਘਈ ਦਾ ਅਸਤੀਫ਼ਾ ਦੇਣਾ ਰਿਹਾ ਕਿਉਂਕਿ ਪਾਰਟੀ ਦੇ ਅੰਦਰ ਉਹ ਅਜਿਹੇ ਚਿਹਰਿਆਂ ਵਿੱਚ ਗਿਣੇ ਜਾਂਦੇ ਹਨ ਜੋ ਮਿਹਨਤੀ ਹੋਣ ਦੇ ਨਾਲ ਸਾਰਿਆਂ ਨੂੰ ਨਾਲ ਲੈ ਕੇ ਚੱਲਦੇ ਹਨ ਅਤੇ ਸਿਆਸੀ ਤੇ ਸਮਾਜਿਕ ਤੌਰ ‘ਤੇ ਚੰਗਾ ਅਸਰ ਰਸੂਖ ਰੱਖਦੇ ਹਨ। ਉਨ੍ਹਾਂ ਨੇ ਵੀ ਸਮੇਂ ਸਮੇਂ ‘ਤੇ ਧੜੇਬੰਦੀ ਲਈ ਜ਼ਿੰਮੇਵਾਰ ਅਜਿਹੇ ਭਾਜਪਾ ਆਗੂ ਅਤੇ ਉਸ ਦੇ ਚਹੇਤਿਆਂ ਦੀਆਂ ਮਨਮਾਨੀਆਂ ‘ਤੇ ਵੀ ਨਰਾਜ਼ਗੀ ਜ਼ਾਹਿਰ ਕੀਤੀ, ਜਿਨ੍ਹਾਂ ਨੇ ਨਿੱਜੀ ਮੁਨਾਫ਼ੇ ਲਈ ਪਾਰਟੀ ਦੇ ਸਿਧਾਂਤਾਂ ਨੂੰ ਦਾਅ ‘ਤੇ ਲਗਾ ਦਿੱਤਾ ਅਤੇ ਜਦੋਂ ਹਾਈਕਮਾਨ ਨੇ ਕ਼ੋਈ ਪਰਵਾਹ ਨਾ ਕੀਤੀ ਤਾਂ ਵੀ ਉਹ ਆਪਣੇ ਸਾਰੇ ਸਾਥੀਆਂ ਸਮੇਤ ਭਾਜਪਾ ਤੋਂ ਦੂਰ ਹੋ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ | ਹੋਰ ਤਾਂ ਹੋਰ, ਭਾਜਪਾ ਦੇ ਟਕਸਾਲੀ ਅਤੇ ਵਪਾਰ ਮੰਡਲ ਦੇ ਪ੍ਰਧਾਨ ਰਹਿ ਚੁੱਕੇ ਸੀਨੀਅਰ ਆਗੂ ਗਿਆਨ ਬਾਂਸਲ ਵੱਲੋਂ ਭਾਜਪਾ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋਣ ਨੂੰ ਵੀ ਵੱਡੇ ਨੁਕਸਾਨ ਵਜੋਂ ਦੇਖਿਆ ਜਾ ਰਿਹਾ ਹੈ। ਇੰਝ ਭਾਜਪਾ ਨੂੰ ਹਰ ਹਲਕੇ ਤੋਂ ਘੱਟੋ-ਘੱਟ 10 ਤੋਂ 15 ਹਜ਼ਾਰ ਵੋਟਾਂ ਦਾ ਨੁਕਸਾਨ ਝੱਲਣਾ ਪੈ ਸਕਦਾ ਹੈ।
 ਲੋਕ ਸਭਾ ਹਲਕਾ ਹੁਸ਼ਿਆਰਪੁਰ ਚ ਵੱਡੀ ਮੁਸੀਬਤ ‘ਚ ਭਾਜਪਾ
 ਵੱਡੇ ਨੇਤਾਵਾਂ ਵਲੋਂ ਪਾਰਟੀ ਛੱਡਣ ਨਾਲ ਪਾਰਟੀ ਉਮੀਦਵਾਰ ਨੂੰ ਵੱਡਾ ਨੁਕਸਾਨ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਵੇਲੇ ਭਾਜਪਾ ਲੋਕ ਸਭਾ ਹਲਕਾ ਹੁਸ਼ਿਆਰਪੁਰ ਵਿੱਚ ਵੱਡੀ ਮੁਸੀਬਤ ਵਿੱਚ ਹੈ ਮੌਜੂਦਾ ਸਮੇਂ ਵਿਚ ਮੋਦੀ ਅਤੇ ਭਗਵਾਨ ਰਾਮ ਦੇ ਨਾਮ ਦੇ ਸਹਾਰੇ ਭਾਜਪਾ ਜਿੱਤ ਦੇ ਸੁਪਨੇ ਦੇਖ ਰਹੀ ਹੈ, ਜੋ ਮੁੰਗੇਰੀ ਲਾਲ ਦੇ ਹਸੀਨ ਸੁਪਨਿਆਂ ਨਾਲੋਂ ਵੱਖਰੇ ਨਹੀਂ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਹਿੰਮਤ
Next articleਵੋਟਰ ਪਹਿਚਾਣ ਪੱਤਰ ਤੋਂ ਇਲਾਵਾ 12 ਹੋਰ ਅਧਿਕਾਰਤ ਦਸਤਾਵੇਜ਼ਾਂ ਰਾਹੀਂ ਵੀ ਪਾਈ ਜਾ ਸਕਦੀ ਹੈ ਵੋਟ – ਜ਼ਿਲ੍ਹਾ ਚੋਣ ਅਫ਼ਸਰ