ਨਵੀਂ ਦਿੱਲੀ (ਸਮਾਜ ਵੀਕਲੀ): ਇੱਥੇ ਲਾਲ ਕਿਲੇ ਦੇ ਬਾਹਰ ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਤਹਿਤ ਇਕ ਵੱਡੀ ਰੈਲੀ ਨੂੰ ਸੰਬੋਧਨ ਕਰਦਿਆਂ ਪਾਰਟੀ ਆਗੂ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਭਾਜਪਾ ਫ਼ਿਰਕੂ ਨਫ਼ਰਤ ਨੂੰ ਹਥਿਆਰ ਵਜੋਂ ਵਰਤ ਕੇ ਪੂਰੇ ਦੇਸ਼ ਵਿਚ ਇਸ ਨੂੰ ਫੈਲਾ ਰਹੀ ਹੈ ਤਾਂ ਕਿ ਲੋਕਾਂ ਦਾ ਧਿਆਨ ਅਸਲੀ ਮੁੱਦਿਆਂ ਤੋਂ ਭਟਕਾਇਆ ਜਾ ਸਕੇ। ਰਾਹੁਲ ਗਾਂਧੀ ਦੀ ਅਗਵਾਈ ਵਿਚ ਯਾਤਰਾ ਅੱਜ ਦਿੱਲੀ ਵਿਚ ਦਾਖਲ ਹੋਈ ਸੀ। ਰਾਹੁਲ ਨੇ ਕਿਹਾ ਕਿ ਉਨ੍ਹਾਂ ਕੰਨਿਆਕੁਮਾਰੀ ਤੋਂ ਦਿੱਲੀ ਤੱਕ ਸੈਂਕੜੇ ਕਿਲੋਮੀਟਰ ਚੱਲਦਿਆਂ ਦੇਸ਼ ਵਿਚ ਕਿਤੇ ਵੀ ਹਿੰਸਾ ਜਾਂ ਨਫ਼ਰਤ ਨਹੀਂ ਦੇਖੀ, ਪਰ ਉਹ ਟੀਵੀ ਉਤੇ ਹਰ ਵੇਲੇ ਇਸ ਨੂੰ ਫੈਲਦਿਆਂ ਦੇਖਦੇ ਹਨ। ਇਹ ਸਭ ਮੀਡੀਆ ਉਤੇ ਕਬਜ਼ਾ ਕਰ ਕੇ ਬੈਠੀਆਂ ਤਾਕਤਾਂ ਦੀ ਸ਼ਹਿ ਉਤੇ ਹੋ ਰਿਹਾ ਹੈ।
ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਨੇ ਨਾਲ ਹੀ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਨੇ ਉਨ੍ਹਾਂ (ਰਾਹੁਲ) ਦੀ ਲਈ ਹਜ਼ਾਰਾਂ ਕਰੋੜ ਰੁਪਏ ਖ਼ਰਚੇ ਹਨ ਪਰ ਉਨ੍ਹਾਂ ਇਕ ਮਹੀਨੇ ਵਿਚ ਹੀ ਦੇਸ਼ ਦੇ ਲੋਕਾਂ ਅੱਗੇ ਆਪਣੇ ਬਾਰੇ ਸੱਚ ਰੱਖ ਦਿੱਤਾ ਹੈ। ਅਭਿਨੇਤਾ ਤੇ ਰਾਜਨੇਤਾ ਕਮਲ ਹਾਸਨ ਵੀ ਬਾਅਦ ਦੁਪਹਿਰ ਆਈਟੀਓ ਨੇੜੇ ਯਾਤਰਾ ਵਿੱਚ ਸ਼ਾਮਲ ਹੋਏ। ਕਮਲ ਹਾਸਨ ਨੇ ਯਾਤਰਾ ’ਚ ਸ਼ਾਮਲ ਹੁੰਦੇ ਹੋਏ ਕਿਹਾ, ‘ਮੈਂ ਇੱਥੇ ਇੱਕ ਭਾਰਤੀ ਵਜੋਂ ਆਇਆ ਹਾਂ। ਮੇਰੇ ਪਿਤਾ ਜੀ ਕਾਂਗਰਸੀ ਸਨ। ਮੇਰੀਆਂ ਵੱਖ-ਵੱਖ ਵਿਚਾਰਧਾਰਾਵਾਂ ਸਨ ਤੇ ਮੈਂ ਆਪਣੀ ਸਿਆਸੀ ਪਾਰਟੀ ਸ਼ੁਰੂ ਕੀਤੀ ਸੀ ਪਰ ਜਦੋਂ ਦੇਸ਼ ਦੀ ਗੱਲ ਆਉਂਦੀ ਹੈ ਤਾਂ ਸਾਰੀਆਂ ਸਿਆਸੀ ਪਾਰਟੀਆਂ ਦੇ ਫ਼ਰਕ ਧੁੰਦਲੇ ਹੋ ਜਾਂਦੇ ਹਨ।’ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਭਾਜਪਾ ਸਰਕਾਰ ਭਾਰਤ ਜੋੜੋ ਯਾਤਰਾ ਨੂੰ ਦੇਖ ਕੇ ਡਰ ਗਈ ਹੈ ਤੇ ਇਸ ਨੂੰ ਰੋਕਣ ਲਈ ਕੋਵਿਡ ਨੂੰ ਬਹਾਨੇ ਵਜੋਂ ਵਰਤ ਰਹੀ ਹੈ।
ਰਾਹੁਲ ਨੇ ਕਿਹਾ ਕਿ ਹਿੰਦੂ-ਮੁਸਲਿਮ ਦੇ ਨਾਂ ਉਤੇ ਟੈਲੀਵਿਜ਼ਨ ਰਾਹੀਂ ਚੌਵੀ ਘੰਟੇ ਨਫ਼ਰਤ ਫੈਲਾਈ ਜਾ ਰਹੀ ਹੈ ਤਾਂ ਕਿ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਹਟਾਇਆ ਜਾ ਸਕੇ। ਰਾਹੁਲ ਨੇ ਕਿਹਾ, ‘24 ਘੰਟੇ ਹਿੰਦੂ-ਮੁਸਲਿਮ ਕਰਕੇ, ਉਹ ਤੁਹਾਡੇ ਪੈਸੇ ਅਤੇ ਬੰਦਰਗਾਹਾਂ, ਹਵਾਈ ਅੱਡਿਆਂ, ਸੜਕਾਂ ਤੇ ਹੋਰ ਸੰਪਤੀਆਂ ਨੂੰ ਆਪਣੇ ਦੋਸਤਾਂ ਨੂੰ ਸੌਂਪ ਦੇਣਗੇ…ਉਹ ਹਰ ਵੇਲੇ ਤੁਹਾਡਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰਦੇ ਹਨ। ਇਹ ਨਰਿੰਦਰ ਮੋਦੀ ਸਰਕਾਰ ਨਹੀਂ ਬਲਕਿ ਅੰਬਾਨੀ-ਅਡਾਨੀ ਸਰਕਾਰ ਹੈ।’ ਕਾਂਗਰਸ ਆਗੂ ਨੇ ਕਿਹਾ ਕਿ ਆਰਐੱਸਐੱਸ ਤੇ ਭਾਜਪਾ ਦੀਆਂ ਨੀਤੀਆਂ ਨਫ਼ਰਤ ਫੈਲਾਉਣ ਲਈ ਹਨ। ਯਾਤਰਾ ਹੁਣ ਨੌਂ ਦਿਨਾਂ ਲਈ ਰੁਕੇਗੀ ਤੇ ਤਿੰਨ ਜਨਵਰੀ ਨੂੰ ਮੁੜ ਸ਼ੁਰੂ ਹੋਵੇਗੀ। ਕਾਂਗਰਸ ਸੰਸਦੀ ਦਲ ਦੀ ਚੇਅਰਪਰਸਨ ਸੋਨੀਆ ਗਾਂਧੀ ਤੇ ਪਾਰਟੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਦਿੱਲੀ ਵਿਚ ਯਾਤਰਾ ’ਚ ਹਿੱਸਾ ਲਿਆ। ਪ੍ਰਿਯੰਕਾ ਦੇ ਪਤੀ ਰੌਬਰਟ ਵਾਡਰਾ ਅਤੇ ਉਨ੍ਹਾਂ ਦੇ ਬੱਚਿਆਂ ਨੇ ਵੀ ਯਾਤਰਾ ’ਚ ਹਿੱਸਾ ਲਿਆ।