ਨੈਤਿਕਤਾ ਬਚੀ ਹੈ ਤਾਂ ਅਜੈ ਮਿਸ਼ਰਾ ਨੂੰ ਹਟਾਏ ਭਾਜਪਾ: ਅਖਿਲੇਸ਼

ਲਖਨਊ (ਯੂਪੀ) (ਸਮਾਜ ਵੀਕਲੀ): ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਅੱਜ ਕਿਹਾ ਕਿ ਜੇਕਰ ਭਾਜਪਾ ਵਿੱਚ ਮਾੜੀ-ਮੋਟੀ ਵੀ ਨੈਤਿਕਤਾ ਬਚੀ ਹੈ ਤਾਂ ਉਹ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਨੂੰ ਫੌਰੀ ਅਹੁਦੇ ਤੋਂ ਲਾਂਭੇ ਕਰੇ। ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਮਾਜਵਾਦੀ ਵਿਜੈ ਯਾਤਰਾ ਕੱਢ ਰਹੇ ਯਾਦਵ ਦੇ ਹਵਾਲੇ ਨਾਲ ਪਾਰਟੀ ਨੇ ਇਕ ਬਿਆਨ ਵਿੱਚ ਕਿਹਾ, ‘‘ਭਾਜਪਾ ਲਖੀਮਪੁਰ ਵਿੱਚ ਕਿਸਾਨਾਂ ਦੇ ਕਤਲ ਦੀ ਜ਼ਿੰਮੇਵਾਰੀ ਤੋਂ ਖ਼ੁਦ ਨੂੰ ਨਹੀਂ ਬਚਾ ਸਕਦੀ। ਭਾਜਪਾ ਦੇ ਲੋਕਾਂ ਨੇ ਸਾਜ਼ਿਸ਼ ਤਹਿਤ ਜਾਣਬੁੱਝ ਕੇ ਕਿਸਾਨਾਂ ਨੂੰ ਵਾਹਨ ਹੇਠ ਦਰੜਿਆ। ਸੱਚ ਸਾਰਿਆਂ ਦੇ ਸਾਹਮਣੇ ਆ ਗਿਆ ਹੈ।’’

ਯਾਦਵ ਨੇ ਕਥਿਤ ਕਿਹਾ, ‘‘ਸਿਟ ਰਿਪੋਰਟ ਤੋਂ ਸਾਬਤ ਹੋ ਗਿਆ ਹੈ ਕਿ ਲਖੀਮਪੁਰ ਵਿਚ ਸਾਜ਼ਿਸ਼ ਤਹਿਤ ਕਿਸਾਨਾਂ ਦੀਆਂ ਹੱਤਿਆਵਾਂ ਕੀਤੀਆਂ ਗਈਆਂ ਸਨ। ਕੇਂਦਰੀ ਗ੍ਰਹਿ ਰਾਜ ਮੰਤਰੀ ਇਸ ਸਾਜ਼ਿਸ਼ ਵਿਚ ਸ਼ਾਮਲ ਸੀ ਤੇ ਉਸ ਨੂੰ ਇਸ ਅਹੁਦੇ ’ਤੇ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ। ਜੇਕਰ ਭਾਜਪਾ ਵਿੱਚ ਥੋੜ੍ਹੀ ਜਿਹੀ ਵੀ ਨੈਤਿਕਤਾ ਬਚੀ ਹੈ ਤਾਂ ਉਸ ਨੂੰ ਫੌਰੀ ਕੇਂਦਰੀ ਗ੍ਰਹਿ ਰਾਜ ਮੰਤਰੀ ਨੂੰ ਅਹੁਦੇ ਤੋਂ ਲਾਂਭੇ ਕਰ ਦੇਣਾ ਚਾਹੀਦਾ ਹੈ।’’ ਯਾਦਵ ਨੇ ਦਾਅਵਾ ਕੀਤਾ ਕਿ ਵਿਧਾਨ ਸਭਾ ਚੋਣਾਂ ਨੇੜੇ ਆਉਣ ਦੇ ਨਾਲ ‘ਭਾਜਪਾ ਦਾ ਗੁੱਸਾ ਤੇ ਨਿਰਾਸ਼ਾ’ ਵਧੇਗੀ। ਉਨ੍ਹਾਂ ਕਿਹਾ, ‘‘ਹਾਰਨ ਦੇ ਖ਼ੌਫ ਕਰਕੇ ਹੋਰਨਾਂ ਰਾਜਾਂ ਦੇ ਭਾਜਪਾ ਆਗੂ ਵੀ ਉੱਤਰ ਪ੍ਰਦੇਸ਼ ਆਉਣਗੇ।’’ ਸਮਾਜਵਾਦੀ ਪਾਰਟੀ ਨੇ ਯੂਪੀ ਵਿਧਾਨ ਸਭਾ ਦੇ ਅੱਜ ਤੋਂ ਸ਼ੁਰੂ ਹੋਏ ਸਰਦ ਰੁੱਤ ਇਜਲਾਸ ਮੌਕੇ ਅਸੈਂਬਲੀ ਦੇ ਬਾਹਰ ਰੋੋਸ ਪ੍ਰਦਰਸ਼ਨ ਕਰਦਿਆਂ ਅਜ਼ੈ ਮਿਸ਼ਰਾ ਦੇ ਅਸਤੀਫ਼ੇ ਦੀ ਮੰਗ ਕਰਦਿਆਂ ਮਹਿੰਗਾਈ ਤੇ ਕਿਸਾਨਾਂ ਨਾਲ ਜੁੜੇ ਮੁੱਦੇ ਵੀ ਚੁੱਕੇ। ਅਖਿਲੇਸ਼ ਨੇ ਕਿਹਾ ਕਿ ਸਮਾਜਵਾਦੀ ਪਾਰਟੀ ਉੱਤਰ ਪ੍ਰਦੇਸ਼ ਵਿੱਚ ‘ਬੈਲ ਤੇ ਬੁਲਡੋਜ਼ਰ’ ਦੀ ਸਮੱਸਿਆ ਨਾਲ ਨਜਿੱਠੇਗੀ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਿਸ਼ਰਾ ਨੂੰ ਅਹੁਦੇ ਤੋਂ ਹਟਾਏ ਸਰਕਾਰ: ਰਾਹੁਲ
Next articleਪਿਛਲੀ ‘ਸਪਾ’ ਸਰਕਾਰ ਇਕ ਖਾਸ ਫਿਰਕੇ ਦਾ ਪੱਖ ਪੂਰਦੀ ਸੀ: ਯੋਗੀ