ਕਾਠਗੜ੍ਹ ਹਸਪਤਾਲ ਕਾਂਗਰਸ ਵੇਲੇ ਵਧੀਆ ਚੱਲਦਾ ਸੀ, ਲੱਕੀ ਦੱਸਣ ਕਿ ਉਨ੍ਹਾਂ ਨੇ ਕੇਂਦਰ ਦੀ ਭਾਜਪਾ ਸਰਕਾਰ ਤੋਂ ਇਲਾਕੇ ਲਈ ਕਿਹੜਾ ਕੰਮ ਕਰਵਾਇਆ: ਸਾਬਕਾ ਚੇਅਰਮੈਨ
ਨਵਾਂ ਸ਼ਹਿਰ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ) : ਕਾਠਗੜ੍ਹ ਹਸਪਤਾਲ ਦੇ ਮੁੱਦੇ ਨੂੰ ਲੈ ਕੇ ਇਲਾਕੇ ਦੀ ਸਿਆਸਤ ਪੂਰੀ ਤਰ੍ਹਾਂ ਭਖ ਗਈ ਹੈ। ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰਾਜਵਿੰਦਰ ਲੱਕੀ ਵੱਲੋਂ ਕਾਂਗਰਸ ਆਗੂਆਂ ਦੇ ਬਿਆਨਾਂ ‘ਤੇ ਕੀਤੀ ਗਈ ਟਿੱਪਣੀ ਦਾ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਬਲਾਕ ਸੰਮਤੀ ਚੇਅਰਮੈਨ ਚੌਧਰੀ ਧਰਮਪਾਲ ਭਰਥਲਾ ਨੇ ਤਿੱਖਾ ਨੋਟਿਸ ਲੈਂਦਿਆਂ ਮੂੰਹ ਤੋੜਵਾਂ ਜਵਾਬ ਦਿੱਤਾ ਹੈ। ਚੇਅਰਮੈਨ ਭਰਥਲਾ ਨੇ ਸਪੱਸ਼ਟ ਕੀਤਾ ਕਿ ਲੱਕੀ ਦਾ ਇਹ ਕਹਿਣਾ ਬਿਲਕੁਲ ਗਲਤ ਹੈ ਕਿ ਕਾਂਗਰਸ ਪ੍ਰਧਾਨ ਨੇ ਵਰਕਰਾਂ ਦੇ ਮੂੰਹ ਵਿੱਚ ਗੱਲ ਪਾ ਕੇ ਕਹਾਈ ਹੈ, ਬਲਕਿ ਕਾਂਗਰਸੀ ਆਗੂਆਂ ਨੇ ਭਾਜਪਾ ਪ੍ਰਧਾਨ ਦੇ ਬਿਆਨ ਪੜ੍ਹਨ ਤੋਂ ਬਾਅਦ ਆਪਣੇ ਕੋਲੋਂ ਸੱਚਾਈ ਸਾਹਮਣੇ ਰੱਖੀ ਹੈ। – ਕਾਂਗਰਸ ਅਤੇ ਚੌਧਰੀ ਦਰਸ਼ਨ ਲਾਲ ਮੰਗੂਪੁਰ ਦੇ ਸਮੇਂ ‘ਚ ਹਸਪਤਾਲ ਦੀ ਹਾਲਤ ਸੀ ਬਿਹਤਰ ਹਸਪਤਾਲ ਦੀ ਸਥਿਤੀ ਬਾਰੇ ਬੋਲਦਿਆਂ ਚੇਅਰਮੈਨ ਧਰਮਪਾਲ ਭਰਥਲਾ ਨੇ ਆਖਿਆ ਕਿ ਕਾਠਗੜ੍ਹ ਹਸਪਤਾਲ ਸ਼ੁਰੂਆਤ ਵਿੱਚ ਅਕਾਲੀ ਦਲ ਦੀ ਸਰਕਾਰ ਵੇਲੇ ਬਣਿਆ ਜ਼ਰੂਰ ਸੀ, ਪਰ ਉਸ ਸਮੇਂ ਇਸ ਦੀ ਬਣਤਰ ਤੋਂ ਇਲਾਵਾ ਕੁਝ ਨਹੀਂ ਸੀ ਕੀਤਾ ਗਿਆ। ਉਸ ਤੋਂ ਬਾਅਦ ਕਾਂਗਰਸ ਸਰਕਾਰ ਦੇ ਸਮੇਂ ਸਾਬਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਨੂੰ ਜੋ ਪੰਜ ਸਾਲ ਦਾ ਸਮਾਂ ਮਿਲਿਆ, ਉਨ੍ਹਾਂ ਨੇ ਹਸਪਤਾਲ ਦੀ ਬਿਹਤਰੀ ਲਈ ਵੱਡੇ ਉਪਰਾਲੇ ਕੀਤੇ। ਚੋਧਰੀ ਦਰਸ਼ਨ ਲਾਲ ਮੰਗੂਪੁਰ ਦੇ ਸਮੇਂ ਇੱਥੇ ਡਾਕਟਰ ਬੈਠਦੇ ਸਨ ਅਤੇ ਵੱਡੀ ਗਿਣਤੀ ਵਿੱਚ ਡਿਲੀਵਰੀ ਕੇਸ ਸਫ਼ਲਤਾਪੂਰਵਕ ਹੁੰਦੇ ਸਨ। ਪਰ ਅੱਜ ਮੌਜੂਦਾ ਸਰਕਾਰ ਦੇ ਸਮੇਂ ਹਸਪਤਾਲ ਦੀ ਹਾਲਤ ਉਸ ਪੱਧਰ ਤੋਂ ਵੀ ਬਹੁਤ ਥੱਲੇ ਡਿੱਗ ਚੁੱਕੀ ਹੈ। ਜਦੋਂ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇੱਥੇ ਆ ਕੇ ਇਸ ਲੋਕ ਹਿੱਤ ਦੇ ਮੁੱਦੇ ਨੂੰ ਚੁੱਕਿਆ, ਤਾਂ ਪਤਾ ਨਹੀਂ ਕਿਉਂ ਭਾਜਪਾ ਵਾਲਿਆਂ ਅਤੇ ਲੱਕੀ ਜੀ ਨੂੰ ਇਸ ਗੱਲ ਦੀ ਤਕਲੀਫ਼ ਹੋਣ ਲੱਗ ਪਈ। – ਕੇਂਦਰ ਸਰਕਾਰ ਤੋਂ ਇਲਾਕੇ ਲਈ ਕਰਵਾਇਆ ਕੋਈ ਇੱਕ ਕੰਮ ਦੱਸਣ ਭਾਜਪਾ ਪ੍ਰਧਾਨ ਭਾਜਪਾ ਪ੍ਰਧਾਨ ‘ਤੇ ਸਿੱਧਾ ਸਿਆਸੀ ਹਮਲਾ ਬੋਲਦਿਆਂ ਚੇਅਰਮੈਨ ਭਰਥਲਾ ਨੇ ਕਿਹਾ ਕਿ ਦੇਸ਼ ਦੇ ਕਈ ਹਿੱਸਿਆਂ ਵਿੱਚ ਜਿੱਥੇ ਭਾਜਪਾ ਦੇ ਨੁਮਾਇੰਦੇ ਹਨ, ਉਹ ਕੇਂਦਰ ਸਰਕਾਰ ਤੋਂ ਫੰਡ ਲਿਆ ਕੇ ਕੰਮ ਕਰਵਾ ਰਹੇ ਹਨ। ਪਰ ਐਡਵੋਕੇਟ ਰਾਜਵਿੰਦਰ ਲੱਕੀ ਜਦੋਂ ਦੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਬਣੇ ਹਨ, ਉਹ ਕੇਂਦਰ ਦੀ ਆਪਣੀ ਸਰਕਾਰ ਤੋਂ ਬਲਾਚੌਰ ਜਾਂ ਸਾਡੇ ਇਲਾਕੇ ਲਈ ਕਰਵਾਇਆ ਕੋਈ ਇੱਕ ਵੀ ਵਧੀਆ ਕੰਮ ਨਸ਼ਰ ਕਰਨ। ਉਨ੍ਹਾਂ ਯਾਦ ਕਰਵਾਇਆ ਕਿ ਜਦੋਂ ਲੱਕੀ ਜੀ ਚੌਧਰੀ ਦਰਸ਼ਨ ਲਾਲ ਮੰਗੂਪੁਰ ਦੇ ਸਮੇਂ ਦੇ ਵਿਕਾਸ ‘ਤੇ ਸਵਾਲ ਚੁੱਕਦੇ ਹਨ, ਤਾਂ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਚੌਧਰੀ ਸਾਹਿਬ ਨੇ ਸੁੱਧੇਮਾਜਰੇ ਤੋਂ ਬਲਾਚੌਰ ਇਲਾਕੇ ਤੱਕ 18 ਫੁੱਟੀ ਸੜਕ ਬਣਾਈ, ਕਾਠਗੜ੍ਹ ਤੋਂ ਸਿੰਘਪੁਰ 18 ਫੁੱਟੀ ਸੜਕ ਬਣਾਈ ਅਤੇ ਬਲਾਚੌਰ ਹਲਕੇ ਕੰਡੀ ਅਤੇ ਬੇਟ ਵਿੱਚ ਅਨੇਕਾਂ ਨਵੀਆਂ ਸੜਕਾਂ ਦੇ ਨਾਲ ਪੁਰਾਣੀਆਂ ਸੜਕਾਂ ਨੂੰ 18 ਫੁੱਟ ਚੋੜਿਆ ਕਰਨ ਦਾ ਕੰਮ ਕਰਵਾਇਆ। ਅੱਜ ਜੇਕਰ ਅਸੀਂ ਮੌਜੂਦਾ ਸਰਕਾਰ ਨੂੰ ਕੋਈ ਅਧੂਰਾ ਕੰਮ ਯਾਦ ਕਰਵਾਉਂਦੇ ਹਾਂ, ਤਾਂ ਭਾਜਪਾ ਪ੍ਰਧਾਨ ਨੂੰ ਇੰਨਾ ਗੁੱਸਾ ਕਿਉਂ ਆਉਂਦਾ ਹੈ? – ਪਾਰਟੀਆਂ ਬਦਲਣ ਵਾਲੇ ਐਡਵੋਕੇਟ ਲੱਕੀ ਆਪਣੀ ਅਗਲੀ ਪਾਰਟੀ ਬਾਰੇ ਸੋਚਣ,ਪਰ ਅਸੀਂ ਟਕਸਾਲੀ ਕਾਂਗਰਸੀ ਹਾਂ ਲੱਕੀ ਵੱਲੋਂ ਕਾਂਗਰਸੀ ਵਰਕਰਾਂ ਨੂੰ ਵਰਤ ਕੇ ਛੱਡ ਦੇਣ ਦੇ ਲਗਾਏ ਦੋਸ਼ਾਂ ਦਾ ਕਰਾਰਾ ਜਵਾਬ ਦਿੰਦਿਆਂ ਚੇਅਰਮੈਨ ਧਰਮਪਾਲ ਭਰਥਲਾ ਨੇ ਕਿਹਾ ਕਿ ਅਸੀਂ ਉਨ੍ਹਾਂ ਵਿੱਚੋਂ ਨਹੀਂ ਹਾਂ ਜਿਨ੍ਹਾਂ ਨੂੰ ਕੋਈ ਵਰਤ ਲਵੇ ਅਤੇ ਨਾ ਹੀ ਅਸੀਂ ਅਜਿਹੇ ਲੋਕਾਂ ਨੂੰ ਨੇੜੇ ਲੱਗਣ ਦਿੰਦੇ ਹਾਂ। ਸਾਡਾ ਪਰਿਵਾਰ ਪੁਰਾਣਾ ਟਕਸਾਲੀ ਕਾਂਗਰਸੀ ਪਰਿਵਾਰ ਹੈ, ਅਸੀਂ ਕਾਂਗਰਸ ਵਿੱਚ ਹੀ ਜੰਮੇ ਹਾਂ ਅਤੇ ਆਖਰੀ ਸਾਹ ਤੱਕ ਕਾਂਗਰਸ ਲਈ ਹੀ ਕੰਮ ਕਰਾਂਗੇ, ਸਾਨੂੰ ਪਾਰਟੀ ਵਿੱਚੋਂ ਕੋਈ ਕੱਢ ਨਹੀਂ ਸਕਦਾ। ਪਾਰਟੀਆਂ ਬਦਲਣ ਦੀ ਆਦਤ ਲੱਕੀ ਜੀ ਦੀ ਆਪਣੀ ਹੈ, ਜੋ ਪਹਿਲਾਂ ਅਕਾਲੀ ਦਲ ਵਿੱਚ ਰਹੇ, ਫਿਰ ਕਾਂਗਰਸ ਵਿੱਚ ਆਏ ਅਤੇ ਹੁਣ ਭਾਜਪਾ ਵਿੱਚ ਬੈਠੇ ਹਨ। ਉਨ੍ਹਾਂ ਵਿਅੰਗ ਕਰਦਿਆਂ ਕਿਹਾ ਕਿ ਜੇਕਰ ਲੱਕੀ ਜੀ ਨੂੰ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਵੱਲੋਂ ਟਿਕਟ ਨਾ ਮਿਲੀ, ਤਾਂ ਹੁਣ ਸਿਰਫ਼ ਦੋ ਹੀ ਪਾਰਟੀਆਂ ਬਾਕੀ ਬਚਦੀਆਂ ਹਨ – ਬਸਪਾ ਜਾਂ ਕਾਮਰੇਡ। ਇਸ ਲਈ ਲੱਕੀ ਜੀ ਨੂੰ ਆਉਂਦੇ ਸਮੇਂ ਲਈ ਸਾਡੀ ਫ਼ਿਕਰ ਛੱਡ ਕੇ ਆਪਣਾ ਖ਼ਿਆਲ ਕਰਦਿਆਂ ਸੋਚਣਾ ਚਾਹੀਦਾ ਹੈ ਕਿ ਭਾਜਪਾ ਤੋਂ ਬਾਅਦ ਉਨ੍ਹਾਂ ਨੇ ਹੁਣ ਅਗਲੀ ਕਿਹੜੀ ਪਾਰਟੀ ਵਿੱਚ ਜਾਣਾ ਹੈ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



