ਚੰਡੀਗੜ੍ਹ (ਸਮਾਜ ਵੀਕਲੀ): ਇਥੇ ਸਖ਼ਤ ਸੁਰੱਖਿਆ ਪ੍ਰਬੰਧ ਵਾਲੇ ਹਰਿਆਣਾ ਐੱਮਐੱਲਏ ਹੋਸਟਲ ਵਿੱਚ ਦੇਰ ਰਾਤ ਭਾਜਪਾ ਵਿਧਾਇਕ ਪ੍ਰਮੋਦ ਕੁਮਾਰ ਵਿੱਜ ਦੀ ਐੱਸਯੂਵੀ ਗੱਡੀ ਨੂੰ ਕਿਸੇ ਨੇ ਅੱਗ ਲਗਾ ਦਿੱਤੀ ਹੈ। ਗੱਡੀ ਨੂੰ ਅੱਗ ਲੱਗਣ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਸੈਕਟਰ-3 ਦੀ ਪੁਲੀਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਅਣਪਛਾਤੇ ਵਿਅਕਤੀ ਖਿਲਾਫ਼ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ 28 ਦਸੰਬਰ ਦੀ ਰਾਤ ਨੂੰ ਪਾਣੀਪਤ ਸ਼ਹਿਰੀ ਦੇ ਵਿਧਾਇਕ ਪ੍ਰਮੋਦ ਕੁਮਾਰ ਵਿੱਜ ਦੀ ਗੱਡੀ ਹਰਿਆਣਾ ਐੱਮਐੱਲਏ ਹੋਸਟਲ ਵਿੱਚ ਖੜੀ ਸੀ। ਗੱਡੀ ਨੂੰ ਕਿਸੇ ਨੇ ਦੇਰ ਰਾਤ ਅੱਗ ਲਗਾ ਦਿੱਤੀ ਹੈ।
ਘਟਨਾ ਵਾਲੀ ਥਾਂ ਤੋਂ ਮਿਲੀ ਸੀਸੀਟੀਵੀ ਫੁਟੇਜ ਵਿੱਚ ਇਕ ਨੌਜਵਾਨ ਪਹਿਲਾਂ ਗੱਡੀ ਦਾ ਸ਼ੀਸ਼ਾ ਭੰਨਦਾ ਦਿਖਾਈ ਦੇ ਰਿਹਾ ਹੈ। ਉਸ ਤੋਂ ਬਾਅਦ ਨੌਜਵਾਨ ਨੇ ਗੱਡੀ ਨੂੰ ਅੱਗ ਲਗਾ ਦਿੱਤੀ। ਜਾਣਕਾਰੀ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਨੇ ਘਟਨਾ ਵਾਲੀ ਥਾਂ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ। ਪੁਲੀਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਪੁਲੀਸ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਇਸ ਘਟਨਾ ਵਿੱਚ ਦੋ-ਤਿੰਨ ਵਿਅਕਤੀ ਸ਼ਾਮਲ ਹੋ ਸਕਦੇ ਹਨ। ਉਧਰ ਵਿਧਾਇਕ ਪ੍ਰਮੋਦ ਕੁਮਾਰ ਵਿੱਜ ਨੇ ਕਿਹਾ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਅਤੇ ਨਾ ਹੀ ਕਿਸੇ ’ਤੇ ਸ਼ੱਕ ਹੈ। ਉਨ੍ਹਾਂ ਕਿਹਾ ਕਿ ਪੁਲੀਸ ਜਲਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly