ਲੁਧਿਆਣਾ (ਸਮਾਜ ਵੀਕਲੀ) (ਬੁੱਧ ਸਿੰਘ ਨੀਲੋਂ)
ਭਾਸ਼ਾ ਵਿਭਾਗ ਪੰਜਾਬ ਜਿਹੜਾ ਹਮੇਸ਼ਾ ਹੀ ਚਰਚਾ ਦਾ ਵਿਸ਼ਾ ਰਹਿੰਦਾ ਹੈ ਤੇ ਹੁਣ ਇੱਕ ਨਵੇਂ ਵਿਵਾਦ ਵਿੱਚ ਉਲਝ ਗਿਆ ਹੈ । ਭਾਸ਼ਾ ਵਿਭਾਗ ਦਾ ਮੁੱਖ ਕੰਮ ਤਾਂ ਪੰਜਾਬ ਵਿੱਚ ਪੰਜਾਬੀ ਭਾਸ਼ਾ ਨੂੰ ਸਰਕਾਰੀ ਤੇ ਗੈਰ ਸਰਕਾਰੀ ਅਦਾਰਿਆਂ ਵਿੱਚ ਲਾਗੂ ਕਰਵਾਉਣਾ ਹੈ ਪਰ ਭਾਸ਼ਾ ਵਿਭਾਗ ਦੇ ਵੱਲੋਂ ਆਪਣੇ ਇਸ ਫਰਜ਼ ਨੂੰ ਨਜ਼ਰ ਅੰਦਾਜ਼ ਕਰਕੇ ਸੱਤਾਧਾਰੀ ਆਗੂਆਂ ਦੀ ਆਓ ਭਗਤ ਕੀਤੀ ਜਾ ਰਹੀ ਹੈ। ਪਟਿਆਲਾ ਤੋਂ ਮਿਲੀ ਜਾਣਕਾਰੀ ਅਨੁਸਾਰ ਭਾਸ਼ਾ ਵਿਭਾਗ ਪੰਜਾਬ ਵੱਲੋਂ ਪਟਿਆਲਾ ਵਿਖੇ ਪਦਮ ਸ਼੍ਰੀ ਸੁਰਜੀਤ ਪਾਤਰ ਦੀ ਯਾਦ ਵਿੱਚ ਸੂਬਾ ਪੱਧਰੀ ਕਵੀ ਦਰਬਾਰ ਕਰਵਾਇਆ ਗਿਆ ਸੀ। ਇਸ ਕਵੀ ਦਰਬਾਰ ਵਿੱਚ ਮੁੱਖ ਮਹਿਮਾਨ ਵਜੋਂ ਭਾਜਪਾ ਤੇ ਕੇਦਰੀ ਸਿਹਤ ਮੰਤਰੀ ਦੇ ਓਐਸਡੀ ਵਰਿੰਦਰ ਗਰਗ ਨੂੰ ਬੁਲਾਇਆ ਸੀ। ਭਾਸ਼ਾ ਵਿਭਾਗ ਦੀ ਡਾਇਰੈਕਟਰ ਹਰਪ੍ਰੀਤ ਕੌਰ ਨੂੰ ਜਦੋਂ ਪੱਤਰਕਾਰਾਂ ਨੇ ਇਸ ਮੁੱਖ ਮਹਿਮਾਨ ਦੇ ਬਾਰੇ ਪੁੱਛਿਆ ਤਾਂ ਪਹਿਲਾਂ ਤਾਂ ਉਹਨਾਂ ਨੇ ਟਾਲ ਮਟੋਲ ਕੀਤੀ ਤੇ ਬਾਅਦ ਵਿੱਚ ਕਹਿਣ ਲੱਗੇ ਗਲਤੀ ਨਾਲ ਭਾਜਪਾ ਦਾ ਨੁਮਾਇੰਦਾ ਸੱਦਿਆ ਗਿਆ ਹੈ। ਅੱਗੇ ਤੋਂ ਅਜਿਹੀ ਗਲਤੀ ਨਹੀਂ ਕੀਤੀ ਹੋਵੇਗੀ। ਜਾਣਕਾਰੀ ਅਨੁਸਾਰ ਜਦੋਂ ਇਸ ਸਮਾਗਮ ‘ਚ ਭਾਜਪਾ ਆਗੂ ਦੇ ਪੁੱਜਣ ਦੀ ਭਿਣਕ ਆਮ ਆਦਮੀ ਪਾਰਟੀ ਦੇ ਜਿਲਾ ਪ੍ਰਧਾਨ ਤੇ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਮੇਘ ਚੰਦ ਸ਼ੇਰ ਮਾਜਰਾ ਤੱਕ ਪੁੱਜੀ ਤਾਂ ਉਸ ਨੇ ਮੀਡੀਆ ਨੂੰ ਕਿਹਾ ਕਿ ਇਸ ਤਰ੍ਹਾਂ ਕਰਕੇ ਸ਼ਰੇਆਮ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਭਾਸ਼ਾ ਵਿਭਾਗ ਦੇ ਵੱਲੋਂ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਹੋ ਰਹੇ ਪ੍ਰੋਗਰਾਮ ਵਿੱਚ ਵੀ ਆਮ ਆਦਮੀ ਪਾਰਟੀ ਦੇ ਕਿਸੇ ਆਗੂ ਨੂੰ ਨਾ ਬੁਲਾ ਕੇ ਭਾਜਪਾ ਦੇ ਆਗੂ ਨੂੰ ਬੁਲਾਉਣਾ ਗੱਲ ਹੈ। ਇਸ ਬਾਰੇ ਉਹ ਸਿੱਖਿਆ ਵਿਭਾਗ ਮੰਤਰੀ ਦੇ ਨਾਲ ਗੱਲ ਕਰਨਗੇ । ਇਸ ਬਾਰੇ ਮੁੱਖ ਮੰਤਰੀ ਦੇ ਡਾਇਰੈਕਟਰ ਮੀਡੀਆ ਰਿਲੇਸ਼ਨ ਬਲਤੇਜ ਪੰਨੂ ਨੇ ਕਿਹਾ ਕਿ ਜੇਕਰ ਭਾਸ਼ਾ ਵਿਭਾਗ ਦੀ ਡਾਇਰੈਕਟਰ ਨੇ ਭਾਜਪਾ ਦੇ ਆਗੂ ਨੂੰ ਸਨਮਾਨ ਦੇਣ ਲਈ ਇਹ ਪ੍ਰੋਗਰਾਮ ਕਰਵਾਇਆ ਹੈ ਤਾਂ ਇਸ ਇਸ ਬਾਰੇ ਕਾਰਵਾਈ ਕਰਾਉਣ ਲਈ ਵਿਭਾਗ ਦੇ ਨਾਲ ਗੱਲਬਾਤ ਕੀਤੀ ਜਾਵੇਗੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly