ਭਾਜਪਾ ਅਗਲੇ ਕਈ ਦਹਾਕਿਆਂ ਤੱਕ ਕਿਤੇ ਵੀ ਜਾਣ ਵਾਲੀ ਨਹੀਂ: ਪ੍ਰਸ਼ਾਂਤ ਕਿਸ਼ੋਰ

ਪਣਜੀ (ਸਮਾਜ ਵੀਕਲੀ): ਸਿਆਸੀ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਹੈ ਕਿ ਭਾਜਪਾ ਭਾਰਤੀ ਸਿਆਸਤ ਦੇ ਕੇਂਦਰ ’ਚ ਰਹੇਗੀ ਅਤੇ ਉਹ ਅਗਲੇ ਕਈ ਦਹਾਕਿਆਂ ਤੱਕ ਕਿਤੇ ਵੀ ਜਾਣ ਵਾਲੀ ਨਹੀਂ ਹੈ। ਸ੍ਰੀ ਕਿਸ਼ੋਰ ਗੋਆ ਦੀਆਂ ਆਉਂਦੀਆਂ ਵਿਧਾਨ ਸਭਾ ਚੋਣਾਂ ’ਚ ਤ੍ਰਿਣਮੂਲ ਕਾਂਗਰਸ ਨੂੰ ਜਿਤਾਉਣ ਦੇ ਕੰਮ ’ਚ ਜੁਟੇ ਹੋਏ ਹਨ। ਉਨ੍ਹਾਂ ਰਾਹੁਲ ਗਾਂਧੀ ਦੇ ਉਸ ਬਿਆਨ ’ਤੇ ਵੀ ਚੁਟਕੀ ਲਈ ਜਿਸ ’ਚ ਕਾਂਗਰਸ ਆਗੂ ਨੇ ਕਿਹਾ ਸੀ ਕਿ ਲੋਕ ਭਾਜਪਾ ਨੂੰ ਫੌਰੀ ਸੱਤਾ ਤੋਂ ਲਾਂਭੇ ਕਰ ਦੇਣਗੇ। ਗੋਆ ’ਚ ਨਿੱਜੀ ਬੈਠਕ ਨੂੰ ਸੰਬੋਧਨ ਕਰਨ ਸਬੰਧੀ ਪ੍ਰਸ਼ਾਂਤ ਕਿਸ਼ੋਰ ਦੀ ਇਕ ਵੀਡੀਓ ਕਲਿੱਪ ਵਾਇਰਲ ਹੋ ਰਹੀ ਹੈ। ਕਿਸ਼ੋਰ ਦੀ ਅਗਵਾਈ ਹੇਠਲੇ ਗਰੁੱਪ ਇੰਡੀਅਨ ਪੁਲੀਟਿਕਲ ਐਕਸ਼ਨ ਕਮੇਟੀ ਦੇ ਸੀਨੀਅਰ ਆਗੂ ਨੇ ਤਸਦੀਕ ਕੀਤੀ ਹੈ ਕਿ ਵੀਡੀਓ ਬੁੱਧਵਾਰ ਨੂੰ ਹੋਈ ਨਿੱਜੀ ਬੈਠਕ ਦੀ ਹੈ।

ਵੀਡੀਓ ’ਚ ਕਿਸ਼ੋਰ ਇਹ ਆਖਦਾ ਸੁਣਾਈ ਦੇ ਰਿਹਾ ਹੈ,‘‘ਭਾਜਪਾ ਭਾਰਤੀ ਸਿਆਸਤ ਦਾ ਧੁਰਾ ਬਣਦੀ ਜਾ ਰਹੀ ਹੈ। ਜਿਵੇਂ ਕਾਂਗਰਸ ਪਹਿਲੇ 40 ਸਾਲਾਂ ’ਚ ਜਿੱਤ ਜਾਂ ਹਾਰ ਰਹੀ ਸੀ, ਉਸੇ ਤਰ੍ਹਾਂ ਭਾਜਪਾ ਕਿਤੇ ਵੀ ਜਾਣ ਵਾਲੀ ਨਹੀਂ ਹੈ। ਇਕ ਵਾਰ ਤੁਸੀਂ ਦੇਸ਼ ’ਚੋਂ 30 ਫ਼ੀਸਦ ਤੋਂ ਜ਼ਿਆਦਾ ਵੋਟ ਹਾਸਲ ਕਰ ਲੈਂਦੇ ਹੋ ਤਾਂ ਤੁਸੀਂ ਫ਼ੌਰੀ ਕਿਤੇ ਵੀ ਜਾਂਦੇ। ਇਸ ਲਈ ਤੁਸੀਂ ਇਸ ਝਾਂਸੇ ’ਚ ਨਾ ਆਵੋ ਕਿ ਲੋਕ ਗੁੱਸੇ ’ਚ ਹਨ ਅਤੇ ਉਹ ਨਰਿੰਦਰ ਮੋਦੀ ਨੂੰ ਸੱਤਾ ਤੋਂ ਲਾਂਭੇ ਕਰ ਦੇਣਗੇ।’’ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ ਕਿ ਇਹ ਹੋ ਸਕਦਾ ਹੈ ਕਿ ਮੋਦੀ ਲਾਂਭੇ ਹੋ ਜਾਣ ਪਰ ਭਾਜਪਾ ਕਿਤੇ ਵੀ ਜਾਣ ਵਾਲੀ ਨਹੀਂ ਹੈ। ‘ਤੁਹਾਨੂੰ ਅਗਲੇ ਕਈ ਦਹਾਕਿਆਂ ਤੱਕ ਉਸ ਨਾਲ ਜੂਝਣਾ ਪਵੇਗਾ।’ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ,‘‘ਰਾਹੁਲ ਗਾਂਧੀ ਨਾਲ ਸਮੱਸਿਆ ਇਹ ਹੈ ਕਿ ਉਹ ਸੋਚਦਾ ਹੈ ਕਿ ਕੁਝ ਸਮੇਂ ਦੀ ਗੱਲ ਹੈ ਅਤੇ ਲੋਕ ਮੋਦੀ ਨੂੰ ਲਾਂਭੇ ਕਰ ਦੇਣਗੇ। ਇੰਜ ਨਹੀਂ ਹੋਵੇਗਾ।’’

ਪ੍ਰਸ਼ਾਂਤ ਕਿਸ਼ੋਰ ਨੇ ਇਸ ਸਾਲ ਦੇ ਸ਼ੁਰੂ ’ਚ ਪੱਛਮੀ ਬੰਗਾਲ ਅਤੇ ਤਾਮਿਲ ਨਾਡੂ ’ਚ ਵਿਧਾਨ ਸਭਾ ਚੋਣਾਂ ਦੌਰਾਨ ਕ੍ਰਮਵਾਰ ਟੀਐੱਮਸੀ ਤੇ ਡੀਐੱਮਕੇ ਦੀ ਚੋਣ ਰਣਨੀਤੀ ਬਣਾਈ ਸੀ ਜਿਸ ਕਾਰਨ ਦੋਵੇਂ ਪਾਰਟੀਆਂ ਨੂੰ ਜਿੱਤ ਨਸੀਬ ਹੋਈ ਸੀ। ਟੀਐੱਮਸੀ ਨੇ ਅਗਲੇ ਸਾਲ ਫਰਵਰੀ ’ਚ ਹੋਣ ਵਾਲੀਆਂ ਗੋਆ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ ਹੈ। ਪ੍ਰਸ਼ਾਂਤ ਕਿਸ਼ੋਰ ਦੇ ਬਿਆਨ ’ਤੇ ਪ੍ਰਤੀਕਰਮ ਦਿੰਦਿਆਂ ਗੋਆ ਕਾਂਗਰਸ ਨੇ ਟੀਐੱਮਸੀ ’ਤੇ ਦੋਸ਼ ਲਾਇਆ ਹੈ ਕਿ ਉਹ ਹੁਕਮਰਾਨ ਭਾਜਪਾ ਨੂੰ ਫਾਇਦਾ ਪਹੁੰਚਾਉਣ ਲਈ ਧਰਮ ਨਿਰਪੱਖ ਵੋਟਾਂ ਵੰਡਣ ਦੇ ਇਰਾਦੇ ਨਾਲ ਸੂਬੇ ’ਚ ਚੋਣਾਂ ਲੜ ਰਹੀ ਹੈ। ਗੋਆ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੁਖੀ ਗਿਰੀਸ਼ ਸ਼ੋਡਨਕਰ ਨੇ ਕਿਹਾ ਕਿ ਟੀਐੱਮਸੀ ਨੂੰ ਗੋਆ ’ਚ ਚੋਣਾਂ ਲੜਾਉਣ ਪਿੱਛੇ ਅਮਿਤ ਸ਼ਾਹ ਅਤੇ ਈਡੀ ਦਾ ਹੱਥ ਹੈ। ਉਨ੍ਹਾਂ ਕਿਹਾ ਕਿ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਵੱਲੋਂ ਦਿੱਤੇ ਗਏ ਬਿਆਨ ਨਾਲ ਹੁਣ ਟੀਐੱਮਸੀ ਦੇ ਇਰਾਦੇ ਜੱਗ ਜ਼ਾਹਿਰ ਹੋ ਗਏ ਹਨ। ਭਾਜਪਾ ਤਰਜਮਾਨ ਰਾਜਵਰਧਨ ਸਿੰਘ ਰਾਠੌੜ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿਆਸਤ ਬਦਲ ਕੇ ਰੱਖ ਦਿੱਤੀ ਹੈ ਅਤੇ ਉਹ ਲੋਕਾਂ ਤੋਂ ਮਿਲੇ ਫੀਡਬੈਕ ਦੇ ਆਧਾਰ ’ਤੇ ਸਰਕਾਰ ਚਲਾਉਂਦੇ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਂਤ ਕਿਸ਼ੋਰ ਨੇ ਅਜਿਹਾ ਕੁਝ ਵੀ ਨਵਾਂ ਨਹੀਂ ਕਿਹਾ ਹੈ ਜੋ ਮੁਲਕ ਨੂੰ ਪਤਾ ਨਾ ਹੋਵੇ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚੰਨੀ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5-5 ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ
Next articleਆਰੀਅਨ ਨੂੰ ਸ਼ਰਤਾਂ ਸਹਿਤ ਜ਼ਮਾਨਤ