ਲਖਨਊ (ਸਮਾਜ ਵੀਕਲੀ): ਸਮਾਜਵਾਦੀ ਪਾਰਟੀ ਮੁਖੀ ਅਖਿਲੇਸ਼ ਯਾਦਵ ਨੇ ਭਾਜਪਾ ਵੱਲੋਂ ਯੋਗੀ ਆਦਿੱਤਿਆਨਾਥ ਨੂੰ ਗੋਰਖਪੁਰ ਤੋਂ ਟਿਕਟ ਦੇਣ ਦੇ ਫ਼ੈਸਲੇ ’ਤੇ ਤਨਜ਼ ਕਸਦਿਆਂ ਕਿਹਾ ਕਿ ਭਗਵਾ ਪਾਰਟੀ ਨੇ ਯੋਗੀ ਨੂੰ ਪਹਿਲਾਂ ਹੀ ਘਰ ਭੇਜ ਦਿੱਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ,‘‘ਪਹਿਲਾਂ ਕਿਹਾ ਗਿਆ ਕਿ ਆਦਿੱਤਿਆਨਾਥ ਮਥੁਰਾ, ਪ੍ਰਯਾਗਰਾਜ, ਅਯੁੱਧਿਆ ਜਾਂ ਦਿਓਬੰਦ ਤੋਂ ਚੋਣ ਲੜਨਗੇ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਭਾਜਪਾ ਨੇ ਉਨ੍ਹਾਂ ਨੂੰ ਪਹਿਲਾਂ ਹੀ ਘਰ (ਗੋਰਖਪੁਰ) ਭੇਜ ਦਿੱਤਾ ਹੈ। ਵੈਸੇ ਉਹ ਗੋਰਖਪੁਰ ’ਚ ਹਨ ਪਰ ਉਨ੍ਹਾਂ ਦੀ ਵਾਪਸੀ ਦੀ ਟਿਕਟ 11 ਮਾਰਚ ਨੂੰ ਪਹਿਲਾਂ ਹੀ ਬੁੱਕ ਹੋ ਗਈ ਸੀ। ਮੇਰੇ ਵਿਚਾਰ ਨਾਲ ਉਨ੍ਹਾਂ ਨੂੰ ਗੋਰਖਪੁਰ ਹੀ ਰਹਿਣਾ ਚਾਹੀਦਾ ਹੈ ਅਤੇ ਲਖਨਊ ਪਰਤਣ ਦੀ ਲੋੜ ਨਹੀਂ ਹੈ। ਦਿਲੋਂ ਵਧਾਈਆਂ।’’ ਇਸ ਦੌਰਾਨ ਅਖਿਲੇਸ਼ ਨੇ ਪਾਰਟੀ ਵਰਕਰਾਂ ਨੂੰ ਕਿਹਾ ਹੈ ਕਿ ਉਹ ਕੋਵਿਡ-19 ਨੇਮਾਂ ਦਾ ਪਾਲਣ ਕਰਨ। ਉਨ੍ਹਾਂ ਕਿਹਾ ਕਿ ਜੇਕਰ ਨੇਮਾਂ ਦੀ ਪਾਲਣਾ ਨਾ ਹੋਈ ਤਾਂ ਸਵਾਲ ਉਠਾਏ ਜਾਣਗੇ। ਉਨ੍ਹਾਂ ਕਿਹਾ ਕਿ ਸਮਾਜਵਾਦੀ ਪਾਰਟੀ ਛੇਤੀ ਉਮੀਦਵਾਰਾਂ ਦਾ ਐਲਾਨ ਕਰੇਗੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly