ਨਵੀਂ ਦਿੱਲੀ (ਸਮਾਜ ਵੀਕਲੀ): ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦੋ ਕਾਂਗਰਸੀ ਵਿਧਾਇਕ ਕਾਦੀਆਂ ਤੋਂ ਫ਼ਤਹਿਜੰਗ ਬਾਜਵਾ ਤੇ ਸ੍ਰੀ ਹਰਗੋਬਿੰਦਪੁਰ ਤੋਂ ਬਲਵਿੰਦਰ ਸਿੰਘ ਲਾਡੀ ਅਤੇ ਬੱਲੂਆਣਾ ਤੋਂ ਤਿੰੰਨ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਰਹੇ ਗੁਰਤੇਜ ਸਿੰਘ ਘੁੜਿਆਣਾ ਅੱਜ ਆਪਣੇ ਹਮਾਇਤੀਆਂ ਸਮੇਤ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ। ਫ਼ਤਹਿਜੰਗ ਬਾਜਵਾ ਸੀਨੀਅਰ ਕਾਂਗਰਸੀ ਆਗੂ ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੇ ਛੋਟੇ ਭਰਾ ਹਨ। ਇਸ ਦੌਰਾਨ ਸਾਬਕਾ ਕ੍ਰਿਕਟਰ ਦਿਨੇਸ਼ ਮੋਂਗੀਆ ਵੀ ਭਾਜਪਾ ਦੇ ਲੜ ਲੱਗ ਗਿਆ। ਇਹ ਸਾਰੇ ਅੱਜ ਪਾਰਟੀ ਦੇ ਪੰਜਾਬ ਚੋਣ ਇੰਚਾਰਜ ਤੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਦੀ ਮੌਜੂਦਗੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ। ਪੰਜਾਬ ਨਾਲ ਸਬੰਧਤ ਆਗੂਆਂ ਦਾ ਭਾਜਪਾ ’ਚ ਦਾਖ਼ਲਾ ਅਜਿਹੇ ਮੌਕੇ ਹੋਇਆ ਹੈ ਜਦੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੇ ਲੰਘੇ ਦਿਨ ਨਵੀਂ ਦਿੱਲੀ ’ਚ ਭਾਜਪਾ ਦੇ ਸਿਖਰਲੇ ਆਗੂਆਂ ਨਾਲ ਮੀਟਿੰਗ ਕਰਕੇ ਰਸਮੀ ਗੱਠਜੋੜ ਦੇ ਐਲਾਨ ਮਗਰੋਂ ਸੀਟਾਂ ਦੀ ਵੰਡ ਲਈ 6 ਮੈਂਬਰੀ ਕਮੇਟੀ ਦਾ ਐਲਾਨ ਕੀਤਾ ਸੀ।
ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਆਗੂਆਂ ਨੂੰ ਪਾਰਟੀ ਵਿੱਚ ਜੀ ਆਇਆਂ ਆਖਦਿਆਂ ਕਿਹਾ ਕਿ ਹੋਰਨਾਂ ਪਾਰਟੀਆਂ ਦੇ ਆਗੂਆਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਨਾਲ ਪੰਜਾਬ ਵਿੱਚ ਪਾਰਟੀ ਦਾ ਆਧਾਰ ਵਧੇਗਾ। ਸ਼ੇਖਾਵਤ ਨੇ ਕਿਹਾ, ‘‘ਬਾਜਵਾ ਪਰਿਵਾਰ ਪੰਜਾਬ ਦਾ ਇੱਕ ਵੱਡਾ ਨਾਮ ਹੈ। ਫ਼ਤਹਿਜੰਗ ਬਾਜਵਾ ਦੇ ਪਿਤਾ ਤਿੰਨ ਵਾਰ ਮੰਤਰੀ ਤੇ ਚਾਰ ਵਾਰ ਵਿਧਾਇਕ ਰਹੇ ਹਨ। ਉਨ੍ਹਾਂ ਦੇ ਪਿਤਾ ਨੇ ਅਤਿਵਾਦ ਖਿਲਾਫ਼ ਲੜਦੇ ਹੋਏ ਆਪਣੀ ਜਾਨ ਕੁਰਬਾਨ ਕਰ ਦਿੱਤੀ।’’ਸਾਬਕਾ ਕ੍ਰਿਕਟਰ ਦਿਨੇਸ਼ ਮੌਂਗੀਆ ਵੀ ਅੱਜ ਭਾਜਪਾ ਵਿੱਚ ਸ਼ਾਮਲ ਹੋ ਗਿਆ। ਮੌਂਗੀਆ ਨੇ ਭਾਜਪਾ ਨੂੰ ਬਿਹਤਰ ਕੰਮ ਕਰਨ ਵਾਲੀ ਪਾਰਟੀ ਦੱਸਦਿਆਂ ਪੰਜਾਬ ਲਈ ਸੇਵਾ ਕਰਨ ਦਾ ਇਰਾਦਾ ਜ਼ਾਹਿਰ ਕੀਤਾ ਹੈ। ਸਾਬਕਾ ਕ੍ਰਿਕਟਰ ਨੇ ਕਿਹਾ ਕਿ ਦੇਸ਼ ਦੇ ਵਿਕਾਸ ਲਈ ਭਾਜਪਾ ਤੋਂ ਬਿਹਤਰ ਕੰਮ ਕਰਨ ਵਾਲੀ ਕੋਈ ਹੋਰ ਪਾਰਟੀ ਨਹੀਂ ਹੈ। ਭਾਰਤ ਲਈ ਕੌਮਾਂਤਰੀ ਕ੍ਰਿਕਟ ਖੇਡਣ ਵਾਲੇ ਸਾਬਕਾ ਕ੍ਰਿਕਟਰ ਨੇ ਕਿਹਾ, “ਮੈਂ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਕੇ ਪੰਜਾਬ ਦੇ ਲੋਕਾਂ ਦੀ ਸੇਵਾ ਕਰਨਾ ਚਾਹੁੰਦਾ ਹਾਂ। ਅੱਜ ਦੇਸ਼ ਦੇ ਵਿਕਾਸ ਲਈ ਭਾਜਪਾ ਤੋਂ ਬਿਹਤਰ ਕੰਮ ਕਰਨ ਵਾਲੀ ਕੋਈ ਹੋਰ ਪਾਰਟੀ ਨਹੀਂ ਹੈ।’’ ਇਸ ਦੌਰਾਨ ਯੂਨਾਈਟਿਡ ਅਕਾਲੀ ਦਲ ਦੇ ਸਾਬਕਾ ਸੰਸਦ ਮੈਂਬਰ ਰਾਜਦੇਵ ਸਿੰਘ ਖਾਲਸਾ ਤੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਸੇਵਾਮੁਕਤ ਏਡੀਸੀ ਤੇ ਐਡਵੋਕੇਟ ਮਧੂਮੀਤ ਵੀ ਅੱਜ ਭਾਜਪਾ ਵਿੱਚ ਸ਼ਾਮਲ ਹੋ ਗਏ।
ਮਾਝੇ ਵਿੱਚ ਪੰਜਾਬ ਕਾਂਗਰਸ ਨੂੰ ਵੱਡਾ ਝਟਕਾ
ਫ਼ਤਹਿਜੰਗ ਬਾਜਵਾ ਤੇ ਬਲਵਿੰਦਰ ਸਿੰਘ ਲਾਡੀ ਦੇ ਭਾਜਪਾ ਵਿੱਚ ਸ਼ਾਮਲ ਹੋਣ ਨਾਲ ਪੰਜਾਬ ਦੇ ਮਾਝਾ ਖੇਤਰ ਵਿੱਚ ਕਾਂਗਰਸ ਨੂੰ ਵੱਡਾ ਝਟਕਾ ਲੱਗੇਗਾ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪਣੀਆਂ ਸਿਆਸੀ ਰੈਲੀਆਂ ਦੌਰਾਨ ਆਗਾਮੀ ਚੋਣਾਂ ਲਈ ਇਨ੍ਹਾਂ ਦੋਵਾਂ ਦੀ ਉਮੀਦਵਾਰ ਵਜੋਂ ਜ਼ੋਰਦਾਰ ਹਮਾਇਤ ਕੀਤੀ ਸੀ। ਫ਼ਤਹਿਜੰਗ ਸਿੰਘ ਬਾਜਵਾ ਆਪਣੇ ਵੱਡੇ ਭਰਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਕਾਦੀਆਂ ਤੋਂ ਚੋਣ ਲੜਨ ਦੇ ਐਲਾਨ ਤੋਂ ਖਾਸੇ ਨਾਰਾਜ਼ ਹਨ। ਬਾਜਵਾ ਭਰਾਵਾਂ ਦੇ ਇਸ ਝਗੜੇ ਦੌਰਾਨ ਨਵਜੋਤ ਸਿੱਧੂ ਨੇ ਹਾਲਾਂਕਿ ਫ਼ਤਹਿਜੰਗ ਦਾ ਸਮਰਥਨ ਕੀਤਾ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly