ਪਟਿਆਲਾ /ਰਾਜਪੁਰਾ (ਸਮਾਜ ਵੀਕਲੀ): ਕੇਂਦਰੀ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਅਤੇ ਭਾਜਪਾ ਦਰਮਿਆਨ ਜਾਰੀ ਰੇੜਕੇ ਦਰਮਿਆਨ ਅੱਜ ਰਾਜਪੁਰਾ ਵਿੱਚ ਤਣਾਅ ਵਾਲੇ ਹਾਲਾਤ ਬਣ ਗਏ ਹਨ। ਪਟਿਆਲਾ ਵਾਸੀ ਭਾਜਪਾ ਦੇ ਸੂਬਾਈ ਆਗੂ ਭੁਪੇਸ਼ ਅਗਰਵਾਲ ਸਮੇਤ ਕੁਝ ਹੋਰ ਆਗੂਆਂ ਨੂੰ ਐਤਵਾਰ ਅੱਧੀ ਰਾਤ ਤੱਕ ਸੈਂਕੜੇ ਕਿਸਾਨਾਂ ਨੇ ਰਾਜਪੁਰਾ ਵਿਚਲੀ ਕੋਠੀ ਵਿਚ ਬੰਦੀ ਬਣਾਇਆ ਹੋਇਆ ਸੀ। ਇਥੇ ਸੈਂਕੜੇ ਪੁਲੀਸ ਮੁਲਾਜ਼ਮ ਵੀ ਤਾਇਨਾਤ ਸਨ। ਪੰਜਾਬ ’ਚ ਕਿਸਾਨਾਂ ਵੱਲੋਂ ਭਾਵੇਂ ਕਈ ਭਾਜਪਾ ਆਗੂਆਂ ਦਾ ਘਿਰਾਓ ਕੀਤਾ ਜਾ ਚੁੱਕਾ ਹੈ, ਪਰ ਰਾਜਪੁਰਾ ਸ਼ਹਿਰ ਵਿਚਲੀ ਇਹ ਘਟਨਾ ਹੋਰ ਵੀ ਵੱਡੀ ਤੇ ਘਾਤਕ ਮੰਨੀ ਜਾ ਰਹੀ ਹੈ। ਪਟਿਆਲਾ ਦੇ ਡੀਆਈਜੀ ਵਿਕਰਮਜੀਤ ਦੁੁੱਗਲ ਖੁਦ ਪੁਲੀਸ ਫੋਰਸ ਦੀ ਅਗਵਾਈ ਕਰ ਰਹੇ ਸਨ। ਗੁਆਂਢੀ ਜ਼ਿਲ੍ਹਿਆਂ ਦੀ ਪੁਲੀਸ ਫੋਰਸ ਨੂੰ ਵੀ ਤਿਆਰ-ਬਰ-ਤਿਆਰ ਰਹਿਣ ਲਈ ਆਖਿਆ ਗਿਆ ਹੈ।
ਜਾਣਕਾਰੀ ਅਨੁਸਾਰ ਰਾਜਪੁਰਾ ਦੀ ਵਾਰਡ ਨੰਬਰ 15 ’ਚ ਭਾਜਪਾ ਦੇ ਭਾਰਤੀ ਵਿਕਾਸ ਪ੍ਰੀਸ਼ਦ ਦੇ ਦਫ਼ਤਰ ’ਚ ਅੱਜ ਦਿਨ ਵੇਲੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਵਿਕਾਸ ਵਿੱਕੀ ਦੀ ਅਗਵਾਈ ਹੇਠਾਂ ਜ਼ਿਲ੍ਹਾ ਪੱਧਰੀ ਮੀਟਿੰਗ ਚੱਲ ਰਹੀ ਸੀ। ਮੀਟਿੰਗ ਦਾ ਪਤਾ ਲਗਦੇ ਹੀ ਵੱਡੀ ਗਿਣਤੀ ਕਿਸਾਨਾਂ ਨੇ ਭਾਜਪਾ ਆਗੂਆਂ ਦਾ ਘਿਰਾਓ ਕਰ ਲਿਆ। ਪੁਲੀਸ ਨੇ ਭਾਵੇਂ ਮੌਕੇ ’ਤੇ ਪੁੱਜ ਕੇ ਇਨ੍ਹਾਂ ਭਾਜਪਾ ਆਗੂਆਂ ਨੂੰ ਬਾਹਰ ਕੱਢਿਆ, ਪਰ ਇਸ ਦੌਰਾਨ ਰੋਹ ’ਚ ਆਏ ਕਿਸਾਨਾਂ ਨੇ ਇੱਕ ਕੌਂਸਲਰ ਸਮੇਤ ਕੁਝ ਕੁ ਹੋਰ ਭਾਜਪਾ ਕਾਰਕੁਨਾਂ ਦੀ ਖਿੱਚਧੂਹ ਵੀ ਕੀਤੀ। ਇਸ ਮਗਰੋਂ ਭਾਜਪਾ ਆਗੂ ਭੁਪੇਸ਼ ਅਗਰਵਾਲ ਤੇ ਹੋਰਾਂ ਨੇ ਰਾਜਪੁਰਾ ਵਿਚਲੇ ਹੀ ਲਾਇਨਜ਼ ਕਲੱਬ ਵਿੱਚ ਪ੍ਰੈੱਸ ਕਾਨਫਰੰਸ ਕਰ ਕੇ ਇਸ ਘਟਨਾ ਪਿੱਛੇ ਕਾਂਗਰਸ, ‘ਆਪ’ ਤੇ ਅਕਾਲੀ ਦਲ ਦਾ ਹੱਥ ਦੱਸਿਆ।
ਉਨ੍ਹਾਂ ਨੇ ਪੁਲੀਸ ’ਤੇ ਵੀ ਸਰਕਾਰ ਦੇ ਇਸ਼ਾਰੇ ’ਤੇ ਭਾਜਪਾ ਖ਼ਿਲਾਫ਼ ਗੁੰਡਾਗਰਦੀ ਕਰਨ ਵਾਲਿਆਂ ਦੀ ਖੁੱਲ੍ਹੇਆਮ ਹਮਾਇਤ ਕਰਨ ਦੇ ਦੋਸ਼ ਲਾਏ। ਇਸ ਦੌਰਾਨ ਕਿਸਾਨ ਲਾਇਨਜ਼ ਕਲੱਬ ਆਣ ਪੁੱਜੇ ਅਤੇ ਨਾਅਰੇਬਾਜ਼ੀ ਕਰਨ ਲੱਗੇ। ਇਸ ਮੌਕੇ ਭਾਜਪਾ ਆਗੂ ਭੁਪੇਸ਼ ਅਗਰਵਾਲ ਨੇ ਕਿਸਾਨਾਂ ਨੂੰ ਕਥਿਤ ਚੁਣੌਤੀ ਦਿੱਤੀ ਕਿ ‘ਉਹ ਹੁਣ ਮੀਟਿੰਗ ਕਰਨ ਜਾ ਰਿਹਾ ਹੈ, ਹਿੰਮਤ ਹੈ ਤਾਂ ਉਸ ਨੂੰ ਆ ਕੇ ਰੋਕ ਲੈਣ।’ ਇਸ ਮਗਰੋਂ ਭੁਪੇਸ਼ ਅਗਰਵਾਲ ਜਦੋਂ ਆਪਣੇ ਕੁਝ ਸਾਥੀਆਂ ਸਮੇਤ ਰਾਜਪੁਰਾ ਦੀ ਅਰਜਨ ਕਲੋਨੀ ਸਥਿਤ ਭਾਜਪਾ ਕਾਰਕੁਨ ਦੀ ਕੋਠੀ ’ਚ ਗਿਆ, ਤਾਂ ਜਲਦੀ ਹੀ ਸੈਂਕੜੇ ਕਿਸਾਨਾਂ ਨੇ ਉਨ੍ਹਾਂ ਦੀ ਘੇਰਾਬੰਦੀ ਕਰ ਲਈ। ਜਲਦੀ ਹੀ ਇਥੇ ਭਾਰੀ ਪੁਲੀਸ ਫੋਰਸ ਤਾਇਨਾਤ ਕਰ ਦਿੱਤੀ ਗਈ।
ਖੁਦ ਡੀਆਈਜੀ ਵਿਕਰਮਜੀਤ ਦੁੱਗਲ ਨੇ ਮੌਕੇ ’ਤੇ ਪੁੱਜ ਕੇ ਕਿਸਾਨ ਨੇਤਾ ਪ੍ਰੇਮ ਸਿੰਘ ਭੰਗੂ ਤੇ ਹੋਰਾਂ ਨਾਲ਼ ਗੱਲਬਾਤ ਕੀਤੀ। ਕਿਸਾਨਾਂ ਨੇ ਮੰਗ ਕੀਤੀ ਕਿ ਭਾਜਪਾ ਆਗੂ ਕਥਿਤ ਗਾਲ਼ ਕੱਢਣ ਅਤੇ ਕਿਸਾਨਾਂ ਨੂੰ ਚੁਣੌਤੀ ਦੇਣ ਸਬੰਧੀ ਮੁਆਫ਼ੀ ਮੰਗੇ, ਜਿਸ ਮਗਰੋਂ ਉਹ ਇਥੋਂ ਧਰਨਾ ਚੁੱਕਣਗੇ। ਰਾਤੀ ਨੌਂ ਵਜੇ ਵੀ ਕਿਸਾਨਾਂ ਨੇ ਉਕਤ ਭਾਜਪਾ ਆਗੂਆਂ ਦਾ ਕੋਠੀ ਦੇ ਅੰਦਰ ਹੀ ਘਿਰਾਓ ਕੀਤਾ ਹੋਇਆ ਸੀ। ਕਿਸਾਨ ਨੇਤਾ ਪ੍ਰੇਮ ਸਿੰਘ ਭੰਗੂ ਵੱਲੋਂ ਸ਼ਾਂਤ ਰਹਿਣ ਦੀ ਕੀਤੀ ਗਈ ਅਪੀਲ ਮਗਰੋਂ ਸਮੂਹ ਕਿਸਾਨ ਇਥੇ ਬੈਠ ਕੇ ਸਤਿਨਾਮ ਵਾਹਿਗੁਰੂ ਦਾ ਸਿਮਰਨ ਕਰਨ ਲੱਗ ਪਏ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly