ਭਾਜਪਾ ਉਮੀਦਵਾਰ ਦੇ ਚੋਣ ਪ੍ਰਚਾਰ ਲਈ ਪ੍ਰਧਾਨ ਮੰਤਰੀ ਦੀ ਆਮਦ ਮੌਕੇ ਘੰਟਿਆ ਬੱਧੀ ਲੋਕ ਘਰਾਂ ਚ ਡੱਕੇ

 ਦੁਕਾਨਾਂ ਬੰਦ ਕਰਵਾਉਣ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਰੋਸ 
* ਪੰਡਾਲ ਨੂੰ ਜਾਂਦੇ ਸਾਰੇ ਰਸਤਿਆਂ ਤੇ ਸ਼ਹਿਰ ਦੇ ਬਜਾਰਾਂ ‘ਚ ਲੱਗੇ ਰਾਮ ਮੰਦਿਰ ਫੋਟੋਆਂ ਵਾਲੇ ਝੰਡੇ ਤੇ ਬੈਨਰ
* ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਦੀਆਂ ਉਡਾਈਆਂ ਜਾ ਰਹੀਆਂ ਧੱਜੀਆਂ
* ਇਲੈਕਸ਼ਨ ਕਮਿਸ਼ਨ ਬਣਿਆ ਮੂਕ ਦਰਸ਼ਕ
ਹੁਸ਼ਿਆਰਪੁਰ (ਸਮਾਜ ਵੀਕਲੀ)( ਤਰਸੇਮ ਦੀਵਾਨਾ )ਵੀਰਵਾਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਸ਼ਿਆਰਪੁਰ ਸ਼ਹਿਰ ਵਿਖੇ ਬੀਜੇਪੀ ਦੀ ਉਮੀਦਵਾਰ ਸ਼੍ਰੀਮਤੀ ਅਨੀਤਾ ਸੋਮ ਪ੍ਰਕਾਸ਼ ਦੇ ਹੱਕ ਵਿੱਚ ਪ੍ਰਚਾਰ ਲਈ ਪਹੁੰਚੇ ਜਿਸ ਲਈ  ਜ਼ਿਲ੍ਹਾ ਪ੍ਰਸ਼ਾਸਨ ਅਤੇ ਕੇਂਦਰ ਦੀਆਂ ਖੁਫੀਆ ਏਜੰਸੀਆਂ ਅਤੇ ਕੇਂਦਰੀ ਬਲਾਂ ਦੀਆਂ ਸਖ਼ਤਾਈ ਵਾਲੀਆਂ ਸਰਗਰਮੀਆਂ ਨੇ ਆਮ ਲੋਕਾਂ ਨੂੰ ਘੰਟਿਆਂ ਬੱਧੀ  ਤੋਂ ਘਰਾਂ ਦੇ ਅੰਦਰ ਹੀ ਡੱਕ ਕੇ ਰੱਖਿਆ ਇਥੋਂ ਤੱਕ ਕਿ ਭੰਗੀ ਚੋਅ ਕੰਢੇ ਦੁਕਾਨਾਂ ਵੀ ਬੰਦ ਕਰਵਾ ਦਿਤੀਆਂ ਗਈਆਂ ਜਿਸ ਨਾਲ ਲੋਕਾਂ ਵਿੱਚ ਭਾਰੀ ਰੋਹ ਫੈਲ ਗਿਆ । ਸ਼ਹਿਰ ਦੀ ਹਰ ਗਲੀ, ਮੋੜ, ਪੁਲ  ਆਦਿ ਤੇ ਪੁਲਿਸ ਵੱਲੋਂ ਮੁਸ਼ਤੈਦੀ ਨਾਲ ਡਿਊਟੀ ਨਿਭਾਈ ਗਈ ਗੱਲ ਕਿ ਹਰ ਥਾਂ ਪੁਲਿਸ ਹੀ ਪੁਲਿਸ ਨਜ਼ਰ ਆ ਰਹੀ ਸੀ ।  ਦੁਸੈ਼ਹਿਰਾ ਗਰਾਊਂਡ ਜਿਸ ਦੀ ਕਿ ਸਾਲ ਬਾਅਦ ਦੁਸੈ਼ਹਿਰੇ ਦੇ ਦਿਨਾਂ ਵਿੱਚ ਹੀ ਮਾੜੀ ਮੋਟੀ ਸਫਾਈ ਹੁੰਦੀ ਸੀ ਉੱਥੇ ਪ੍ਰਧਾਨ ਮੰਤਰੀ ਮੋਦੀ ਦੀ ਆਮਦ ‘ਤੇ ਲਗਭਗ ਪੰਡਾਲ ਤੋਂ ਆਸੇ ਪਾਸੇ ਇੱਕ ਕਿਲੋਮੀਟਰ ਘੇਰੇ ਵਿੱਚ ਉਹਨਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਜੇਸੀਬੀ ਮਸ਼ੀਨਾਂ ਆਦਿ ਲਾ ਕੇ ਸਫਾਈ ਕੀਤੀ ਗਈ । ਵੇਖਣ ਵਾਲੀ ਗੱਲ ਇਹ ਹੈ ਕਿ ਜੇਕਰ ਪ੍ਰਧਾਨ ਮੰਤਰੀ ਜਾਂ ਕੋਈ ਉੱਚ ਸ਼ਖਸ਼ੀਅਤ ਸ਼ਹਿਰ ਵਿੱਚ ਆਵੇ ਤਾਂ ਹੀ ਸਫਾਈ ਹੋਣੀ ਚਾਹੀਦੀ ਹੈ ਜਾਂ ਇਨਸਾਨੀਅਤ ਨੂੰ ਮੁੱਖ ਰੱਖ ਕੇ ਰੋਜਾਨਾ ਹੋਣੀ ਹੀ ਚਾਹੀਦੀ ਹੈ। ਪਰ ਅਫਸੋਸ ਕਿ ਸਥਾਨਕ ਪ੍ਰਸ਼ਾਸਨ ਵੱਲੋਂ ਅਜਿਹਾ ਕਦੇ ਵੀ ਨਹੀਂ ਕੀਤਾ ਗਿਆ। ਇਸ ਸ਼ਹਿਰ ਦੇ ਹੁਣ ਤੱਕ ਤਾਕਤ ਵਿੱਚ ਆਏ ਮੰਤਰੀ ਜਾਂ ਸਥਾਨਕ ਅਧਿਕਾਰੀ ਸ਼ਹਿਰ ਦੀ ਸਫਾਈ ਕੇਵਲ ਅਖਬਾਰੀ ਬਿਆਨਾਂ ਜਾਂ ਉਦਘਾਟਨਾਂ ਤੱਕ ਹੀ ਸੀਮਤ ਰੱਖਦੇ ਹਨ। ਚੋਣ ਰੈਲੀ ਦੇ ਪੰਡਾਲ ਦੀ ਤਿਆਰੀ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਪੰਜਾਬ ਭਰ ਦੇ ਅਧਿਕਾਰੀ ਤਾਇਨਾਤ ਕੀਤੇ ਗਏ । ਦੁਸਿਹਿਰਾ ਗਰਾਊਂਡ ਦੇ ਅੱਗਿਓਂ ਲੰਘਦੀ ਰੋਡ ਕਰੀਬ ਅਧਿਕਾਰੀਆਂ ਦੀਆਂ ਕਾਰਾਂ, ਵਹੀਕਲਾਂ ਆਦਿ ਨਾਲ ਭਰੀ ਪਈ ਸੀ। ਬਹੁਤ ਸਾਰੀਆਂ ਕਾਰਾਂ ਸਾਈਡਾਂ ਦੀਆਂ ਗਲੀਆਂ ਤੇ ਗਰਾਊਂਡ ਵਿੱਚ ਵੀ ਸਥਿਤ ਸਨ। ਜਾਹਿਰ ਹੈ ਕਿ ਇਹਨਾਂ ਅਧਿਕਾਰੀਆਂ ਵਿੱਚ ਇਲੈਕਸ਼ਨ ਕਮਿਸ਼ਨ ਵੱਲੋਂ ਨਾਮਜ਼ਦ ਕੀਤੇ ਅਧਿਕਾਰੀਆਂ ਦੀਆਂ ਗੱਡੀਆਂ ਵੀ ਉੱਥੇ ਜਰੂਰ ਹੋਣਗੀਆਂ ਪਰ ਉਹਨਾਂ ਵੱਲੋਂ ਹਰ ਰਸਤੇ ਅਤੇ ਪੰਡਾਲ ਅੱਗੇ ਲੱਗੀਆਂ ਸ੍ਰੀ ਰਾਮ ਮੰਦਿਰ ਦੀਆਂ ਫੋਟੋ ਵਾਲੀਆਂ ਝੰਡੀਆਂ ਦਾ ਕਿਸੇ ਨੇ ਵੀ ਨੋਟਿਸ ਨਹੀਂ ਲਿਆ ਜਾਪਦਾ। ਜਿਸ ਤੋਂ ਇਲੈਕਸ਼ਨ ਕਮਿਸ਼ਨ ਦਾ ਪੱਖਪਾਤੀ ਹੋਣਾ ਸਾਫ ਦਿਖਾਈ ਦਿੰਦਾ ਜਾਪਦਾ ਹੈ। ਜੇ ਕਰ ਕਿਸੇ ਦੇਸ਼ ਦਾ ਪ੍ਰਧਾਨ ਮੰਤਰੀ ਜਾਂ ਉਸ ਦੀ ਪਾਰਟੀ ਹੀ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਨਾ ਕਰੇ ਤਾਂ ਕਾਨੂੰਨਾਂ ਦੀ ਪਾਲਣਾ ਬਾਕੀ ਲੋਕਾਂ ਤੋਂ ਕਿਵੇਂ ਕੀਤੀ ਜਾ ਸਕਦੀ ਹੈ। ਅੱਜ ਤੱਕ ਦੇ ਭਾਰਤ ਵਿੱਚ ਰਾਜ ਕਰਦੀਆਂ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਵੱਲੋਂ ਹੀ ਭਾਰਤ ਦੇ ਕਾਨੂੰਨਾਂ ਦੀਆਂ ਧੱਜੀਆਂ ਉੜਾਈਆਂ ਜਾਂਦੀਆਂ ਰਹੀਆਂ ਹਨ। ਰਾਜ ਕਰਦੀਆਂ ਪਾਰਟੀਆਂ ਲਈ ਕਾਨੂੰਨ ਹੋਰ ਅਤੇ ਆਮ ਲੋਕਾਂ ਦੇ ਲਈ ਕਾਨੂੰਨ ਹੋਰ ਹਮੇਸ਼ਾ ਹੀ ਵਿਖਾਈ ਦਿੱਤੇ ਜਾਂਦੇ ਰਹੇ ਹਨ। ਭਾਰਤ ਦਾ ਇਲੈਕਸ਼ਨ ਕਮਿਸ਼ਨ ਅੱਜ ਦੀ ਅਵਸਥਾ ਵਿੱਚ ਕੇਵਲ ਨਾਂ ਦਾ ਇਲੈਕਸ਼ਨ ਕਮਿਸ਼ਨ ਹੀ ਹੈ ਜਦੋਂ ਕੋਈ ਵੀ ਗਲਤ ਕਾਰਵਾਈ ਕਰਦਾ ਹੈ ਤਾਂ ਉਸ ਵਿਰੁੱਧ ਤੁਰੰਤ ਸਖਤ ਕਾਨੂੰਨੀ ਕਾਰਵਾਈ ਕਰਨੀ ਬਣਦੀ ਹੈ ਪਰ ਭਾਰਤ ਵਿੱਚ ਅਜਿਹਾ ਨਹੀਂ ਹੁੰਦਾ।
  ਵੇਖਣਾ ਹੁਣ ਇਹ ਹੋਵੇਗਾ ਕਿ ਕੀ ਭਾਰਤ ਦੇ ਪ੍ਰਧਾਨ ਮੰਤਰੀ  ਨਰਿੰਦਰ ਮੋਦੀ ਦੀ ਆਮਦ ਤੇ ਬੀਜੇਪੀ ਵੱਲੋਂ ਸ੍ਰੀ ਰਾਮ ਮੰਦਰ ਵਾਲੀ ਫੋਟੋ ਵਾਲੇ ਧਰਮ ਅਧਾਰਤ ਝੰਡੇ ਲਾ ਕੇ ਅਤੇ  ਮੋਦੀ ਵੱਲੋਂ ਸ੍ਰੀ ਰਾਮ ਦੇ ਨਾਂ ਤੇ ਭਾਜਪਾ ਉਮੀਦਵਾਰ ਨੂੰ ਵੋਟਾਂ ਪਾਉਣ ਲਈ ਮੰਗ ਕਰਨ ਤੇ ਭਾਰਤ ਦਾ ਇਲੈਕਸ਼ਨ ਕਮਿਸ਼ਨ ਕੋਈ ਕਾਨੂੰਨੀ ਕਾਰਵਾਈ ਕਰਦਾ ਹੈ ਜਾਂ ਨਹੀਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਚੋਣ ਪ੍ਰਚਾਰ ਦੇ ਆਖਰੀ ਦਿਨ ਬਸਪਾ ਉਮੀਦਵਾਰ ਵੱਲੋਂ ਭਰਵੀਆ ਚੋਣ ਮੀਟਿੰਗਾਂ
Next articleਸਿੱਖ ਨੈਸ਼ਨਲ ਕਾਲਜ ਬੰਗਾ ਕੈਂਪਸ ਵਿੱਚ ਗ੍ਰੀਨ ਇਲੈਕਸ਼ਨ ਕਰਵਾਉਣ ਤਹਿਤ ਬੂਟੇ ਲਗਾਏ