ਜਗਰਾਉਂ (ਸਮਾਜ ਵੀਕਲੀ): ਨਜ਼ਦੀਕੀ ਕਸਬੇ ਹਠੂਰ ’ਚ ਭਾਜਪਾ ਉਮੀਦਵਾਰ ਕੰਵਰ ਨਰਿੰਦਰ ਸਿੰਘ ਦੇ ਹੱਕ ’ਚ ਰੱਖੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਰੈਲੀ ਖੜ੍ਹੇ ਪੈਰ ਰੱਦ ਕਰ ਦਿੱਤੀ ਗਈ। ਵੇਰਵਿਆਂ ਅਨੁਸਾਰ ਕਿਸਾਨਾਂ ਵੱਲੋਂ ਕਾਲੀਆਂ ਝੰਡੀਆਂ ਦਿਖਾ ਕੇ ਖੱਟਰ ਦਾ ਵਿਰੋਧ ਕਰਨ ਦੇ ਕੀਤੇ ਐਲਾਨ ਤੋਂ ਬਾਅਦ ਟਕਰਾਅ ਤੋਂ ਬਚਣ ਲਈ ਇਹ ਰੈਲੀ ਰੱਦ ਕੀਤੀ ਗਈ ਹੈ। ਸੰਯੁਕਤ ਕਿਸਾਨ ਮੋਰਚੇ ਨਾਲ ਜੁੜੀਆਂ ਕਿਸਾਨ ਜਥੇਬੰਦੀਆਂ ਨੇ ਕੱਲ ਖੱਟਰ ਦੀ ਰੈਲੀ ਦੀ ਸੂਚਨਾ ਮਿਲਣ ਸਾਰ ਪਿੰਡਾਂ ’ਚ ਲਾਮਬੰਦੀ ਸ਼ੁਰੂ ਕਰ ਦਿੱਤੀ ਸੀ। ਇਹ ਐਲਾਨ ਕੀਤਾ ਗਿਆ ਸੀ ਕਿ ਕਿਸਾਨ ਵੱਡੀ ਗਿਣਤੀ ’ਚ ਰੈਲੀ ਵਾਲੀ ਥਾਂ ’ਤੇ ਪਹੁੰਚ ਕੇ ਵਿਰੋਧ ਕਰਨਗੇ। ਕਿਸਾਨ ਰੈਲੀ ਵਾਲੀ ਥਾਂ ’ਤੇ ਇਕੱਠੇ ਹੋਏ ਅਤੇ ਆਪਣੀ ‘ਜੇਤੂ ਰੈਲੀ’ ਕੀਤੀ। ਇਸ ’ਚ ਬੀਕੇਯੂ ਏਕਤਾ (ਡਕੌਂਦਾ) ਦੇ ਸੂਬਾਈ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ, ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ, ਪੰਜਾਬ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਬੂਟਾ ਸਿੰਘ ਚਕਰ ਆਦਿ ਵਿਸ਼ੇਸ਼ ਤੌਰ ’ਤੇ ਪਹੁੰਚੇ। ਖੱਟਰ ਦੇ ਆਉਣ ਦੀ ਕਨਸੋਅ ’ਤੇ ਪਿੰਡਾਂ ਦੇ ਗੁਰਦੁਆਰਿਆਂ ’ਚ ਮੁਨਾਦੀ ਕਰਵਾ ਕੇ ਅਤੇ ਸੋਸ਼ਲ ਮੀਡੀਆ ’ਤੇ ਲੱਗੇ ਸੁਨੇਹਿਆਂ ਨੇ ਅੱਜ ਹਠੂਰ ਦੀ ਦਾਣਾ ਮੰਡੀ ’ਚ ਲੋਕਾਂ ਦਾ ਹੜ੍ਹ ਲੈ ਆਂਦਾ। ਕਿਸਾਨਾਂ ਦੇ ਭਾਰੀ ਵਿਰੋਧ ਨੂੰ ਦੇਖਦਿਆਂ ਭਾਜਪਾ ਆਗੂਆਂ ਨੂੰ ਚੋਣ ਰੈਲੀ ਰੱਦ ਕਰਨ ਲਈ ਮਜਬੂਰ ਹੋਣਾ ਪਿਆ।
ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਜਪਾ ਆਗੂਆਂ ਨੂੰ ਪਿੰਡਾਂ ’ਚ ਦਾਖ਼ਲ ਨਾ ਹੋਣ ਦੇਣ ਦੇ ਫ਼ੈਸਲੇ ਨੂੰ ਲਾਗੂ ਕਰਦਿਆਂ ਜੇਤੂ ਰੈਲੀ ਦੌਰਾਨ ਖੱਟਰ ਦਾ ਅਰਥੀ ਫੂਕ ਮੁਜ਼ਾਹਰਾ ਵੀ ਕੀਤਾ ਗਿਆ। ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਮਨਜੀਤ ਧਨੇਰ ਨੇ ਕਿਹਾ ਕਿ ਕਿਸਾਨਾਂ ਦੇ ਕਾਤਲਾਂ ਨੂੰ ਸੂਬੇ ਦੇ ਕਿਸਾਨ ਆਪਣੀ ਧਰਤੀ ’ਤੇ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਅੰਦੋਲਨ ਦੌਰਾਨ ਕਿਸਾਨਾਂ ਨੂੰ ਅਤਿਵਾਦੀ ਦੱਸਣ, ਬੈਰੀਕੇਡ ਲਾ ਕੇ ਅੰਦੋਲਨਕਾਰੀਆਂ ’ਤੇ ਜਬਰ ਢਾਹੁਣ, ਹਜ਼ਾਰਾਂ ਕਿਸਾਨਾਂ ’ਤੇ ਝੂਠੇ ਕੇਸ ਮੜ੍ਹਨ ਵਾਲਾ ਖੱਟਰ ਪੰਜਾਬ ’ਚ ਕਿਸ ਮੂੰਹ ਨਾਲ ਵੋਟਾਂ ਮੰਗਣ ਆ ਰਿਹਾ ਹੈ। ਧਰਨੇ ਨੂੰ ਬਲਦੇਵ ਸਿੰਘ ਸੰਧੂ ਮਾਣੂੰਕੇ, ਇੰਦਰਜੀਤ ਸਿੰਘ ਧਾਲੀਵਾਲ, ਜਗਤਾਰ ਸਿੰਘ ਦੇਹੜਕਾ, ਦਵਿੰਦਰ ਸਿੰਘ ਕਾਉਂਕੇ, ਤਰਸੇਮ ਸਿੰਘ ਬੱਸੂਵਾਲ, ਤਾਰਾ ਸਿੰਘ ਅੱਚਰਵਾਲ, ਧਰਮ ਸਿੰਘ ਸੁਜਾਪੁਰ, ਰਣਧੀਰ ਸਿੰਘ ਉੱਪਲ, ਗੋਪੀ ਹਠੂਰ, ਮਨਦੀਪ ਸਿੰਘ ਭੰਮੀਪੁਰਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸ਼ਹੀਦ ਕਿਸਾਨ ਪਰਿਵਾਰਾਂ ਦੇ ਆਸ਼ਰਿਤਾਂ ਨੂੰ ਮੁਆਵਜ਼ਾ ਅਤੇ ਨੌਕਰੀ ਨਾ ਮਿਲਣ ’ਤੇ ਵੀ ਨਾਅਰੇਬਾਜ਼ੀ ਕਰਕੇ ਰੋਸ ਪ੍ਰਗਟਾਇਆ ਗਿਆ। ਕਿਸਾਨਾਂ ਨੂੰ ਲਖੀਮਪੁਰ ਖੀਰੀ ’ਚ ਦਰੜਨ ਵਾਲੇ ਆਸ਼ੀਸ਼ ਮਿਸ਼ਰਾ ਨੂੰ ਜ਼ਮਾਨਤ ’ਤੇ ਛੱਡਣ, ਕਰਨਾਟਕ ’ਚ ਹਿਜਾਬ ਪਹਿਨਣ ਦੇ ਨਾਂ ’ਤੇ ਮੁਸਲਿਮ ਬੱਚੀਆਂ ਵਿਰੁੱਧ ਪੈਦਾ ਕੀਤੇ ਜਾ ਰਹੇ ਭਾਜਪਾ ਦੇ ਫਾਸ਼ੀ ਫਿਰਕੂ ਜਨੂੰਨ ਅਤੇ ਜ਼ਹਿਰ ਖ਼ਿਲਾਫ਼ ਵੀ ਆਵਾਜ਼ ਬੁਲੰਦ ਕੀਤੀ ਗਈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly