ਆਕਸੀਜਨ ਦੀ ਆਡਿਟ ਰਿਪੋਰਟ ਨੂੰ ਲੈ ਕੇ ਭਾਜਪਾ ਤੇ ਕੇਜਰੀਵਾਲ ਆਹਮੋ-ਸਾਹਮਣੇ

ਨਵੀਂ ਦਿੱਲੀ (ਸਮਾਜ ਵੀਕਲੀ) : ਕਰੋਨਾਵਾਇਰਸ ਦੀ ਦਿੱਲੀ ਵਿੱਚ ਆਈ ਚੌਥੀ ਲਹਿਰ, ਜੋ ਦੇਸ਼ ’ਚ ਦੂਜੀ ਵੱਡੀ ਲਹਿਰ ਸੀ, ਦੌਰਾਨ ਤਰਲ ਮੈਡੀਕਲ ਆਕਸੀਜਨ ਦੀ ਵੱਡੀ ਕਿੱਲਤ ਨੂੰ ਲੈ ਕੇ ਸੁਪਰੀਮ ਕੋਰਟ ਵੱਲੋਂ ਗਠਿਤ ਪੰਜ ਮੈਂਬਰੀ ਉਪ ਕਮੇਟੀ ਦੀ ਆਡਿਟ ਰਿਪੋਰਟ ਨੂੰ ਲੈ ਕੇ ਦਿੱਲੀ ਸਰਕਾਰ, ਆਮ ਆਦਮੀ ਪਾਰਟੀ ਤੇ ਭਾਜਪਾ ਆਹਮੋ-ਸਾਹਮਣੇ ਆ ਗਏ ਹਨ। ਭਾਜਪਾ ਨੇ ਜਿੱਥੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ‘ਅਪਰਾਧਿਕ ਅਣਗਹਿਲੀ’ ਦਾ ਦੋਸ਼ ਲਾਇਆ ਹੈ, ਉਥੇ ਕੇਜਰੀਵਾਲ ਨੇ ਪਲਟਵਾਰ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਸਿਰਫ਼ ਇੰਨਾ ਅਪਰਾਧ ਹੈ ਕਿ ਉਹ ‘ਦੋ ਕਰੋੜ ਲੋਕਾਂ ਦੇ ਸਾਹ ਲਈ ਲੜੇ।’ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਆਡਿਟ ਕਮੇਟੀ ਨੇ ਅਜਿਹੀ ਕੋਈ ਰਿਪੋਰਟ ਨਾ ਮਨਜ਼ੂਰ ਅਤੇ ਨਾ ਹੀ ਜਾਰੀ ਕੀਤੀ ਹੈ।

ਸੁਪਰੀਮ ਕੋਰਟ ਵਿੱਚ ਪੇਸ਼ ਪੰਜ ਮੈਂਬਰੀ ਉਪ ਕਮੇਟੀ ਦੀ ਆਡਿਟ ਰਿਪੋਰਟ ’ਚ ਕਿਹਾ ਗਿਆ ਕਿ ਦਿੱਲੀ ਸਰਕਾਰ ਨੇ ਮਹਾਮਾਰੀ ਦੌਰਾਨ ਚਾਰ ਗੁਣਾ ਜ਼ਿਆਦਾ ਆਕਸੀਜਨ ਦੀ ਲੋੜ ਦੱਸੀ ਸੀ। ਇਹ ਰਿਪੋਰਟ ਦਿੱਲੀ ਦੇ ‘ਏਮਸ’ ਦੇ ਡਾਇਰੈਕਟਰ ਰਣਦੀਪ ਗੁਲੇਰੀਆ, ਦਿੱਲੀ ਸਰਕਾਰ ਦੇ ਪ੍ਰਿੰਸੀਪਲ ਗ੍ਰਹਿ ਸਕੱਤਰ ਭੁਪਿੰਦਰ ਭੱਲਾ, ਮੈਕਸ ਹੈਲਥਕੇਅਰ ਦੇ ਡਾਇਰੈਕਟਰ ਡਾ. ਸੰਦੀਪ ਬੁੱਧੀਰਾਜਾ, ਕੇਂਦਰੀ ਜਲ ਸ਼ਕਤੀ ਮੰਤਰਾਲੇ ਦੇ ਸੰਯੁਕਤ ਡਾਇਰੈਕਟਰ ਡਾ. ਸੁਬੋਧ ਯਾਦਵ ਨੇ ਬਣਾਈ ਸੀ। ਉਕਤ ਰਿਪੋਰਟ ਮੁਤਾਬਕ ਦਿੱਲੀ ਸਰਕਾਰ ਨੇ 25 ਅਪਰੈਲ ਤੋਂ ਲੈ ਕੇ 10 ਮਈ ਤੱਕ ਚਾਰ ਗੁਣਾ ਵੱਧ ਆਕਸੀਜਨ ਦੀ ਮੰਗ ਕੀਤੀ ਸੀ।

ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਰਿਪੋਰਟ ਦੇ ਆਧਾਰ ’ਤੇ ਕਿਹਾ ਕਿ ਦਿੱਲੀ ਸਰਕਾਰ ਨੇ 1140 ਮੀਟਿਕ ਟਨ ਆਕਸੀਜਨ ਦੀ ਮੰਗ ਕੀਤੀ ਤੇ ਦੂਜੀ ਕਰੋਨਾ ਲਹਿਰ ਦੌਰਾਨ ਇਸਤੇਮਾਲ 209 ਟਨ ਹੀ ਕਰ ਸਕਦੀ ਸੀ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਦੇ ਫਾਰਮੂਲੇ ਅਨੁਸਾਰ ਵੀ ਇਹ 351 ਮੀਟਰਿਕ ਟਨ ਸੀ ਜਦੋਂ ਕਿ ਕੇਂਦਰ ਸਰਕਾਰ ਦੇ ਅਨੁਮਾਨ ਮੁਤਾਬਕ ਮੰਗ 289 ਮੀਟਰਿਕ ਟਨ ਸੀ। ਉਨ੍ਹਾਂ ਕਿਹਾ ਕਿ 209 ਮੀਟਰਿਕ ਟਨ ਦਾ ਵਾਧਾ ਕੀਤਾ ਗਿਆ ਜਦੋਂਕਿ ਸ੍ਰੀ ਕੇਜਰੀਵਾਲ ਨੇ 1140 ਮੀਟਰਿਕ ਟਨ ਦੀ ਜ਼ਰੂਰਤ ਦੱਸੀ ਸੀ। ਸ੍ਰੀ ਪਾਤਰਾ ਨੇ ਕਿਹਾ ਕਿ ਅੰਦਾਜ਼ਾ ਲਾਓ ਕਿ ਸ੍ਰੀ ਕੇਜਰੀਵਾਲ ਨੇ ਕਿੰਨਾ ਵੱਡਾ ਅਪਰਾਧ  ਕੀਤਾ ਹੈ। ਇਹ ਅਪਰਾਧਕ ਲਾਪਰਵਾਹੀ ਹੈ ਕਿਉਂਕਿ ਉਪ ਕਮੇਟੀ ਦਾ ਕਹਿਣਾ ਹੈ ਕਿ ਉਨ੍ਹਾਂ ਲੋੜ ਨਾਲੋਂ ਜ਼ਿਆਦਾ ਆਕਸੀਜਨ ਦੀ ਮੰਗ ਕੀਤੀ।  ਉਧਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੇ ਵੱਲ ਉੱਠਦੀਆਂ ਉਂਗਲਾਂ ਦਾ ਜਵਾਬ ਦਿੰਦਿਆਂ ਕਿਹਾ, ‘‘ਮੇਰਾ ਇਹ ਗੁਨਾਹ ਹੈ ਕਿ ਮੈਂ ਆਪਣੇ ਦੋ ਕਰੋੜ ਲੋਕਾਂ ਦੇ ਸਾਹਾਂ ਲਈ ਲੜਿਆ। ਕਰੋਨਾ ਦੀ ਦੂਜੀ ਲਹਿਰ ਵਿੱਚ ਰਾਜਧਾਨੀ ਦੇ ਲੋਕ ਜਿਵੇਂ ਪ੍ਰੇਸ਼ਾਨ ਹੋਏ ਹਨ, ਉਹ ਕਿਸੇ ਤੋਂ ਲੁਕਿਆ ਨਹੀਂ ਹੈ। ਇਸੇ ਦੌਰਾਨ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਉਕਤ ਰਿਪੋਰਟ ’ਤੇ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਇਸ ਰਿਪੋਰਟ ਦੀ ਕੋਈ ਹੋਂਦ ਨਹੀਂ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅਜਿਹੀ ਰਿਪੋਰਟ ਆਡਿਟ ਕਮੇਟੀ ਨੇ ਮਨਜ਼ੂਰ ਨਹੀਂ ਕੀਤੀ ਹੈ ਤੇ ਨਾ ਹੀ ਜਾਰੀ ਕੀਤੀ ਹੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਾਂਗਰਸ ਹਾਈਕਮਾਨ ਹੁਣ ਟਕਸਾਲੀ ਆਗੂਆਂ ਨੂੰ ਟੋਹਣ ਲੱਗੀ
Next articleਟਵਿੱਟਰ ਨੇ ਪ੍ਰਸਾਦ ਦਾ ਖਾਤਾ ਜਾਮ ਕੀਤਾ