ਚੰਡੀਗੜ੍ਹ (ਸਮਾਜ ਵੀਕਲੀ): ਪੰਜਾਬ ਚੋਣਾਂ ਲਈ ਸੀਟਾਂ ਦੀ ਵੰਡ ਸਬੰਧੀ ਭਾਜਪਾ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਲੋਕ ਕਾਂਗਰਸ ਵਿੱਚ ਪੇਚ ਫਸ ਗਿਆ ਹੈ, ਜਦੋਂ ਕਿ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨਾਲ ਸੀਟਾਂ ਦੀ ਵੰਡ ’ਤੇ ਬਹੁਤਾ ਰੱਫੜ ਨਹੀਂ ਹੈ। ਕੈਪਟਨ ਅਮਰਿੰਦਰ ਸਿੰਘ ਨੇ ਵੱਡੇ ਸ਼ਹਿਰਾਂ ਦੀਆਂ ਸੀਟਾਂ ’ਤੇ ਦਾਅਵਾ ਜਤਾਇਆ ਹੈ ਅਤੇ ਖ਼ਾਸ ਤੌਰ ’ਤੇ ਜ਼ਿਲ੍ਹਾ ਪਟਿਆਲਾ ਦੀਆਂ ਸਾਰੀਆਂ ਸੀਟਾਂ ਦੀ ਮੰਗ ਰੱਖ ਦਿੱਤੀ ਹੈ। ਉਂਝ, ਸੀਟਾਂ ਦੀ ਵੰਡ ਬਾਰੇ ਤਿੰਨੋਂ ਧਿਰਾਂ ’ਤੇ ਆਧਾਰਤ ਬਣੀ ਛੇ ਮੈਂਬਰੀ ਕਮੇਟੀ ਨੇ 70 ਸੀਟਾਂ ’ਤੇ ਸਹਿਮਤੀ ਬਣਾ ਲਈ ਹੈ।
ਅਹਿਮ ਸੂਤਰਾਂ ਅਨੁਸਾਰ ਭਾਜਪਾ ਲਈ 43 ਸੀਟਾਂ ’ਤੇ ਸਹਿਮਤੀ ਬਣੀ ਹੈ, ਜਿਨ੍ਹਾਂ ਵਿੱਚ 20 ਸੀਟਾਂ ਉਹ ਹਨ, ਜਿਨ੍ਹਾਂ ਉੱਤੇ ਭਾਜਪਾ ਪਹਿਲਾਂ ਚੋਣ ਲੜ ਚੁੱਕੀ ਹੈ। ਇਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਵਾਸਤੇ 17 ਸੀਟਾਂ ਅਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੂੰ 10 ਸੀਟਾਂ ਦੇਣ ’ਤੇ ਸਹਿਮਤੀ ਬਣ ਗਈ ਹੈ। ਛੇ ਮੈਂਬਰੀ ਕਮੇਟੀ ਦੀ ਮੁੜ 15 ਜਨਵਰੀ ਨੂੰ ਮੀਟਿੰਗ ਹੋਵੇਗੀ। ਸੂਤਰਾਂ ਅਨੁਸਾਰ ਭਾਜਪਾ ਇਸ ਵੇਲੇ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਨੂੰ ਵੱਧ ਤੋਂ ਵੱਧ 25 ਤੋਂ 30 ਸੀਟਾਂ ਦੇਣਾ ਚਾਹੁੰਦੀ ਹੈ।
ਇਸੇ ਤਰ੍ਹਾਂ ਭਾਜਪਾ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੂੰ 10 ਤੋਂ 12 ਸੀਟਾਂ ਦੇਣਾ ਚਾਹੁੰਦੀ ਹੈ। ਅਮਰਿੰਦਰ ਸਿੰਘ ਵੱਲੋਂ 35 ਸੀਟਾਂ ਦੀ ਮੰਗ ਕੀਤੀ ਗਈ ਹੈ। ਭਾਜਪਾ ਨੇ ਜ਼ਿਲ੍ਹਾ ਪਟਿਆਲਾ ਵਿੱਚ ਵੱਧ ਤੋਂ ਵੱਧ ਚਾਰ ਸੀਟਾਂ ਅਮਰਿੰਦਰ ਸਿੰਘ ਦੀ ਪਾਰਟੀ ਨੂੰ ਦੇਣ ਦੀ ਹਾਮੀ ਭਰੀ ਹੈ। ਅਮਰਿੰਦਰ ਸਿੰਘ ਦੀ ਧਿਰ ਪਟਿਆਲਾ ਸ਼ਹਿਰੀ ਤੋਂ ਇਲਾਵਾ ਪਟਿਆਲਾ ਦਿਹਾਤੀ ’ਤੇ ਵੀ ਦਾਅਵਾ ਕਰ ਰਹੀ ਹੈ, ਜਦੋਂ ਕਿ ਭਾਜਪਾ ਖ਼ੁਦ ਪਟਿਆਲਾ ਦਿਹਾਤੀ ਸੀਟ ਤੋਂ ਲੜਨ ਦੀ ਇੱਛੁਕ ਹੈ। ਇਸੇ ਤਰ੍ਹਾਂ ਅਮਰਿੰਦਰ ਸਿੰਘ ਦੀ ਪਾਰਟੀ ਨੇ ਅੰਮ੍ਰਿਤਸਰ ਅਤੇ ਲੁਧਿਆਣਾ ਤੋਂ ਵੀ ਇੱਕ-ਇੱਕ ਸ਼ਹਿਰੀ ਸੀਟ ਮੰਗੀ ਹੈ। ਅਮਰਿੰਦਰ ਦੀ ਪਾਰਟੀ ਨੇ ਬਠਿੰਡਾ ਤੇ ਬਰਨਾਲਾ ਦੀ ਸ਼ਹਿਰੀ ਸੀਟ ਵੀ ਮੰਗੀ ਹੈ। ਭਾਜਪਾ ਨੇ ਸਪੱਸ਼ਟ ਕੀਤਾ ਹੈ ਕਿ ਉਹ ਵੱਡੇ ਸ਼ਹਿਰਾਂ ਅਤੇ ਅਰਧ ਸ਼ਹਿਰੀ ਸੀਟਾਂ ਨੂੰ ਕਿਸੇ ਸੂਰਤ ਵਿੱਚ ਨਹੀਂ ਛੱਡੇਗੀ।
ਛੇ ਮੈਂਬਰੀ ਕਮੇਟੀ ਵਿੱਚ ਸ਼ਾਮਲ ਭਾਜਪਾ ਦੇ ਜਨਰਲ ਸਕੱਤਰ ਸੁਭਾਸ਼ ਸ਼ਰਮਾ ਆਖਦੇ ਹਨ ਕਿ 20 ਜਨਵਰੀ ਤੋਂ ਪਹਿਲਾਂ ਭਾਜਪਾ ਤਰਫ਼ੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਜਾਵੇਗੀ। ਵੇਰਵਿਆਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੂੰ ਸੁਨਾਮ, ਲਹਿਰਾਗਾਗਾ, ਮਹਿਲ ਕਲਾਂ, ਬਾਘਾ ਪੁਰਾਣਾ ਤੇ ਜੈਤੋ ਸੀਟ ਦੇਣ ’ਤੇ ਤਕਰੀਬਨ ਸਹਿਮਤੀ ਬਣ ਗਈ ਹੈ। ਭਾਜਪਾ ਇਸ ਵਾਰ ਮਾਲਵੇ ਦੀਆਂ ਸ਼ਹਿਰੀ ਸੀਟਾਂ ਤੋਂ ਆਪਣੇ ਉਮੀਦਵਾਰ ਉਤਾਰੇਗੀ।
ਪਤਾ ਲੱਗਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਕਈ ਸੀਟਾਂ ਇਹ ਤਰਕ ਦੇ ਕੇ ਮੰਗ ਰਹੇ ਹਨ ਕਿ ਕਾਂਗਰਸ ਪਾਰਟੀ ਦੀ ਟਿਕਟ ਵੰਡ ਹੋਣ ਮਗਰੋਂ ਜੋ ਬਾਗ਼ੀ ਹੋਣਗੇ, ਉਨ੍ਹਾਂ ਨੂੰ ਇਨ੍ਹਾਂ ਸੀਟਾਂ ਤੋਂ ਉਤਾਰਨਗੇ। ਭਾਜਪਾ ਦੇ ਸੂਤਰ ਆਖਦੇ ਹਨ ਕਿ ਜਿਨ੍ਹਾਂ ਸੀਟਾਂ ’ਤੇ ਸਹਿਮਤੀ ਨਹੀਂ ਬਣੀ ਹੈ, ਉਨ੍ਹਾਂ ਸੀਟਾਂ ਬਾਰੇ ਅੰਤਿਮ ਫ਼ੈਸਲਾ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਲਵੇਗੀ।
ਕੇਂਦਰੀ ਲੀਡਰਸ਼ਿਪ ਨਾਲ ਵਰਚੁਅਲ ਮੀਟਿੰਗ 16 ਨੂੰ
ਪਤਾ ਲੱਗਾ ਹੈ ਕਿ ਪੰਜਾਬ ਭਾਜਪਾ ਦੇ ਵਰਕਰਾਂ ਅਤੇ ਆਗੂਆਂ ਨਾਲ ਕੇਂਦਰੀ ਲੀਡਰਸ਼ਿਪ ਦੀ ਪੰਜਾਬ ਚੋਣਾਂ ਬਾਰੇ ਪਹਿਲੀ ਵਰਚੁਅਲ ਮੀਟਿੰਗ 16 ਜਨਵਰੀ ਨੂੰ ਹੋਵੇਗੀ, ਜਿਸ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜਾਂ ਭਾਜਪਾ ਪ੍ਰਧਾਨ ਜੇਪੀ ਨੱਢਾ ਸੰਬੋਧਨ ਕਰਨਗੇ। ਭਾਜਪਾ ਵੱਲੋਂ ਚੋਣ ਅਧਿਕਾਰੀਆਂ ਦੀ ਪ੍ਰਵਾਨਗੀ ਮਗਰੋਂ ਮੰਡਲ ਪੱਧਰ ’ਤੇ ਛੋਟੇ-ਛੋਟੇ ਗਰੁੱਪਾਂ ਵਿੱਚ ਐੱਲਈਡੀ ਲਗਾ ਕੇ ਕੇਂਦਰੀ ਆਗੂਆਂ ਨੂੰ ਸੁਣਿਆ ਜਾਣ ਦਾ ਪ੍ਰੋਗਰਾਮ ਬਣਾਇਆ ਜਾ ਰਿਹਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly