ਕਸ਼ਮੀਰੀ ਹਲਾਤਾਂ ‘ਤੇ
ਰਿਤੂ ਵਾਸੂਦੇਵ
(ਸਮਾਜ ਵੀਕਲੀ) ਗਿੰਕਗੋ ਬਿਲੋਬਾ ** ( ਗਿੰਕਗੋ ਬਿਲੋਬਾ ਉਦਾਸ ਹੈ)
ਚਨਾਰ** ਗਿੰਕਗੋ! ਕੀ ਗੱਲ ਹੈ? ਕੀ ਤੂੰ ਬੀਮਾਰ ਐਂ? ਤੇਰੇ ਅੰਦਰ ਮੈਂਨੂੰ ਪੀਲਾਪਣ ਦਿਖਾਈ ਦੇ ਰਿਹਾ ਹੈ, ਤੈਨੂੰ ਕੀ ਹੋਇਆ ਐ? ਤੈਨੂੰ ਆਪਣਾ ਦੁੱਖ ਦੱਸਣਾ ਚਾਹੀਦਾ ਹੈ।
ਗਿੰਕਗੋ ** (ਲੰਮਾ ਹੌਕਾ ਭਰ ਕੇ) ਚਨਾਰ ਦਾਦੂ! ਕੀ ਦੱਸਾਂ? ਨਾ ਤਾਂ ਮੇਰਾ ਕੋਈ ਆਪਣਾ ਹੈ ਤੇ ਨਾ ਕੋਈ ਵੱਡ-ਵਡੇਰਾ! ਇਕੱਲੇ ਹੋਣਾ ਕੀ ਕਿਸੇ ਦੁੱਖ ਨਾਲ਼ੋਂ ਘੱਟ ਹੈ?
ਚਨਾਰ ** ਦੇਖ ਬਿਲੋਬਾ! ਅਸੀਂ ਸਾਰੇ ਹੀ ਇਕੱਲਤਾ ਹੰਢਾਉਂਦੇ ਹਾਂ। ਸਾਰਿਆਂ ਨੂੰ ਪੁਰਾਣੀਆਂ ਯਾਦਾਂ ਅਤੇ ਨਿੱਜੀ ਦੁੱਖ, ਜੋ ਸਾਡੀਆਂ ਭਾਵਨਾਵਾਂ ‘ਚੋਂ ਉਪਜਦੇ ਹਨ, ਹੰਢਾਉਣੇ ਹੀ ਪੈਂਦੇ ਹਨ ਪਰ ਫਿਰ ਵੀ ਸਭ ਕੁਝ ਨਜ਼ਰਅੰਦਾਜ਼ ਕਰਕੇ ਜੀਵਨ ਜੀਵਿਆ ਜਾਂਦਾ ਹੈ। ਤੂੰ ਸਾਡੇ ਲਈ ਸਭ ਤੋਂ ਖ਼ਾਸ ਐਂ ਤੇ ਸਾਡੇ ਬਿਰਖ ਪਰਿਵਾਰ ਦਾ ਖ਼ੂਬਸੂਰਤ ਹਿੱਸਾ ਵੀ। ਸਾਡੇ ਹੁੰਦਿਆਂ ਤੈਨੂੰ ਕੀ ਦੁੱਖ ਹੋ ਸਕਦਾ ਹੈ। (ਚਨਾਰ, ਔਕ ਵੱਲ ਇਸ਼ਾਰਾ ਕਰਦੇ ਹੋਏ) ਔਹ ਵੇਖ! ਬੁੱਢਾ ਔਕ ਜੋ ਸਾਡਾ ਸਭ ਦਾ ਦੁੱਖ ਸੁਣਦਾ ਹੈ ਪਰ ਕਦੇ ਆਪਣਾ ਨਹੀਂ ਦੱਸਦਾ।
ਔਕ ** ਬਰਖ਼ੁਰਦਾਰ! ਜੀਵਨ ਹੱਸ ਖੇਡ ਕੇ ਜੀਵਿਆ ਕਰੋ। ਨਿਰਾਸ਼ਾ ਜਿੰਦਗੀ ਨੂੰ ਮਾਰ ਦਿੰਦੀ ਹੈ। ਜਿਸ ਤਰ੍ਹਾਂ ਦੇ ਮਾਹੌਲ ਵਿੱਚ ਅਸੀਂ ਜਿਉ ਰਹੇ ਹਾਂ, ਕੋਈ ਪਤਾ ਨਹੀਂ ਕਦੋਂ ਕਿਸਦਾ ਸਾਥ ਛੁੱਟ ਜਾਵੇ। ਮੈਂ ਵੀ ਕਈਆਂ ਸਦੀਆਂ ਦਾ ਜੀਵਨ ਡਰ ਦੇ ਸਾਏ ਹੇਠ ਹੀ ਬਿਤਾਇਆ ਹੈ। ਕੀ ਪਤਾ ਕਦੋਂ ਕੋਈ ਚਿੰਗਾਰੀ ਡਿੱਗੇ ਤੇ ਮੈਂਨੂੰ ਕੋਲ਼ੇ ਵਿਚ ਬਦਲ ਦੇਵੇ। ਜਦੋਂ ਕਿਸੇ ਪਾਸਿਓਂ ਕੋਈ ਅੱਗ ਦੀ ਲਪਟ ਡਿਗਦੀ ਨਜ਼ਰ ਆਉਂਦੀ ਹੈ ਤਾਂ ਡਰ ਦੇ ਮਾਰੇ ਮੇਰੇ ਪੱਤਿਆਂ ਦਾ ਰੰਗ ਉੱਡ ਜਾਂਦਾ ਹੈ। ਇਹ ਹਰਿਆਂ ਤੋਂ ਭੂਰੇ ਹੋ ਜਾਂਦੇ ਹਨ। ਜਦੋਂ ਮੈਨੂੰ ਫ਼ਲ਼ ਲਗਦੇ ਹਨ ਤਾਂ ਮੈਂ ਪੰਛੀਆਂ ਨੂੰ ਦਾਅਵਤ ਦਿੰਦਾ ਹਾਂ, ਪਰ ਜਦੋਂ ਉਹ ਆ ਕੇ ਮੇਰੀਆਂ ਟਹਿਣੀਆਂ ‘ਤੇ ਬੈਠਦੇ ਹਨ ਤਾਂ ਕਿਸੇ ਜ਼ੋਰਦਾਰ ਧਮਾਕੇ ਦੇ ਸ਼ੋਰ ਨਾਲ ਡਰ ਕੇ ਉੱਡ ਜਾਂਦੇ ਹਨ, ਫਿਰ ਮੇਰੇ ਕਈ ਵਾਰ ਬੁਲਾਉਣ ਤੇ ਵੀ ਨਹੀਂ ਆਉਂਦੇ। ਉਹਨਾਂ ਦੇ ਅੰਦਰ ਪਿਆ ਸਹਿਮ ਮੈਂਨੂੰ ਖਾ ਜਾਂਦਾ ਹੈ, ਮੈਂ ਥਾਂਏਂ ਮਰ ਜਾਂਦਾ ਹਾਂ। ਏਸੇ ਤਰ੍ਹਾਂ ਆਪਣੇ ਲੰਮੇ ਜੀਵਨ ਵਿਚ ਮੈਂ ਕਈ ਚੀਕਾਂ, ਪੁਕਾਰਾਂ ਸੁਣੀਆਂ ਹਨ, ਜਿਨ੍ਹਾਂ ਨੂੰ ਚੇਤੇ ਕਰਕੇ ਮੇਰੇ ਬੁੱਢੇ ਸਰੀਰ ਨੂੰ ਕਾਂਬਾ ਛਿੜ ਜਾਂਦਾ ਹੈ। ( ਚਨਾਰ ਵੱਲ ਇਸ਼ਾਰਾ ਕਰਦੇ ਹੋਏ) ਨਿੱਕਿਆ! ਤੇਰੇ ਵੀ ਪੱਤਿਆਂ ਦੀਆਂ ਅੱਖਾਂ ‘ਚੋਂ ਲਾਲੀ ਨਹੀਂ ਗਈ ਅਜੇ, ਤੂੰ ਵੀ ਆਪਣੀ ਦੱਸ! ਤੇ ਬਿਲੋਬਾ ਨੂੰ ਸਮਝਾ ਕਿ ਮਨ ਛੋਟਾ ਨਾ ਕਰੇ ਐਵੇਂ! ਜੀਵਨ ਏਦਾਂ ਹੀ ਚਲਦਾ ਹੈ।
ਚਨਾਰ ** (ਠੰਡਾ ਹੌਕਾ ਭਰਕੇ) ਸਹੀ ਕਿਹਾ ਜੇ ਵੱਡਿਓ! ਜੀਵਨ ਵਿਚ ਏਨੀ ਹਿੰਸਾ ਵੇਖੀ ਹੈ ਕਿ ਲਾਲੀ ਤਾਂ ਮੇਰੇ ਵਜੂਦ ‘ਚ ਉਤਰ ਆਈ ਹੈ। ਹਿੰਸਾ ਕਰਕੇ ਹੀ ਮੇਰੀ ਉਤਲੀ ਪਰਤ ਖੁਰਦਰੀ ਤੇ ਬੇਜਾਨ ਹੋ ਗਈ ਹੈ। ਪੱਤਿਆਂ ‘ਚ ਲਹੂ ਉਤਰ ਆਇਆ ਹੈ, ਪਰ ਏਨੀ ਲੰਮੀ ਹਿੰਸਾ ਹੰਢਾਂਉੰਦਾ ਹੋਇਆ, ਮੈਂ ਮਜਬੂਤ ਵੀ ਹੋ ਗਿਆ ਹਾਂ ਤੇ ਹਰ ਮਿੱਟੀ ਵਿੱਚ ਉੱਗ ਸਕਣ ਦੇ ਯੋਗ ਵੀ! ਸਾਡਾ ਜੀਵਨ ਵੀ ਮਨੁੱਖੀ ਜੀਵਨ ਵਾਂਗ ਹੀ ਗੜਬੜਾ ਗਿਆ ਹੈ। ਅਸੀਂ ਜਿਉ ਤਾਂ ਰਹੇ ਹਾਂ ਪਰ ਸਾਡੀ ਖੁਸ਼ਹਾਲੀ ਵਿੱਚ ਖੜੋਤ ਆ ਗਈ ਹੈ। ਪਤਾ ਨਹੀਂ ਮਨੁੱਖੀ ਜੀਵਨ ਵਾਂਗ ਸਾਡੀ ਖੁਸ਼ਹਾਲੀ ਕਦੋਂ ਬਹਾਲ ਹੋਵੇਗੀ।
ਕੈਲ** (ਵਾਰਤਾਲਾਪ ਵਿਚ ਸ਼ਾਮਲ ਹੁੰਦੀ ਹੋਈ) ਮੈਂਨੂੰ ਵੀ ਆਪਣੀ ਖ਼ੂਬਸੂਰਤੀ ‘ਤੇ ਬੜਾ ਮਾਣ ਹੁੰਦਾ ਸੀ। ਦੇਵਦਾਰਾਂ ਦੇ ਝੁੰਡ ਵਿਚਕਾਰ ਖਲੋਤੀ ਮੈਂ ਕਿਸੇ ਅੱਲ੍ਹੜ ਮੁਟਿਆਰ ਵਾਂਗ ਇਤਰਾਇਆ ਕਰਦੀ ਸੀ। ਮੇਰੇ ਸਿਰ ਦਾ ਸ਼ੰਕੂਧਾਰੀ ਤਾਜ ਮੇਰੀ ਸ਼ਾਨ ਵਧਾਉਂਦਾ ਸੀ। ਜੋ ਲੋਕ ਮੇਰਾ ਦ੍ਰਿਸ਼ ਵਰਨਣ ਨਹੀਂ ਸੀ ਕਰ ਸਕਦੇ ਉਹ ਮੇਰੀਆਂ ਤਸਵੀਰਾਂ ਖਿੱਚ ਕੇ ਲੈ ਜਾਂਦੇ ਸਨ, ਪਰ ਹਿੰਸਾ ਕਾਰਨ ਡਰ ਦਾ ਮਾਹੌਲ ਏਨਾ ਬਣ ਗਿਆ ਹੈ ਕਿ ਲੋਕ ਹੁਣ ਮੇਰੇ ਤੀਕ ਘੱਟ ਹੀ ਪਹੁੰਚਦੇ ਹਨ। ਮੇਰੇ ਤੀਕ ਪਹੁੰਚਣ ਵਾਲ਼ਿਆਂ ਨਾਲ ਕਈ ਦੁਰਘਟਨਾਵਾਂ ਵਾਪਰਦੀਆਂ ਮੈਂ ਅੱਖੀਂ ਵੇਖੀਆਂ ਹਨ। ਜਦੋਂ ਹਵਾ ਦੂਰ-ਦੁਰਾਡਿਓਂ ਸਾਡੇ ਪਰਿਵਾਰ ਦੀਆਂ ਖ਼ਬਰਾਂ ਲਿਆਉਂਦੀ ਹੈ ਤਾਂ ਰੂਹ ਕੰਬ ਜਾਂਦੀ ਹੈ, ਸੱਚਮੁੱਚ! ਜਿੰਦਗੀ ਦਾ ਖੜ੍ਹ ਜਾਣਾ ਕਿੰਨਾ ਵੱਡਾ ਦੁਖਾਂਤ ਹੈ।
ਦੇਵਦਾਰ ** ( ਏਨੇ ਨੂੰ ਦੇਵਦਾਰ ਬੋਲ ਪਿਆ ਜੋ ਕੰਨ ਲਾਈ ਚੁੱਪਚਾਪ ਸਭ ਦੀਆਂ ਗੱਲਾਂ ਸੁਣ ਰਿਹਾ ਸੀ)
ਮੇਰੇ ਸਾਥੀਓ! ਮੈਨੂੰ ਵੇਖੋ! ਮੈਂ ਸਭ ਤੋਂ ਉੱਚੀ ਥਾਂ ‘ਤੇ ਖੜ੍ਹਾ ਹਾਂ, ਮੈਨੂੰ ਤੁਹਾਡੇ ਸਭ ਦੇ ਦੁੱਖ ਦਿਸਦੇ ਹਨ ਅਤੇ ਮੈਨੂੰ ਤੁਹਾਡੇ ਸਭ ਦੇ ਦਰਦ ਦਾ ਅਹਿਸਾਸ ਵੀ ਹੈ। ਸਾਡੇ ਵਿੱਚੋਂ ਕੋਈ ਵੀ ਸੁਖੀ ਨਹੀਂ ਹੈ, ਸਗੋਂ ਸਾਡੇ ਸਭ ਦੇ ਹਲਾਤ ਇੱਕੋ ਜਿਹੇ ਹੀ ਹਨ। ਮੇਰੀ ਮਹਿਕ ਮਨੁੱਖਤਾ ਨੂੰ ਮੇਰੇ ਵੱਲ ਖਿੱਚ ਲਿਆਉਂਦੀ ਹੈ। ਮੈਂ ਕਈ ਤਰ੍ਹਾਂ ਦੇ ਰੋਗਾਂ ਦਾ ਦਾਰੂ ਬਣਦਾ ਹਾਂ, ਪਰ ਮੈਨੂੰ ਪਤਾ ਹੈ ਕਿ ਮੇਰਾ ਵਜੂਦ ਲੋੜ ਪੈਣ ਤੇ ਮੇਰੇ ਹੀ ਕੰਮ ਨਹੀਂ ਆਵੇਗਾ ਕਿਉਂਕਿ ਮੇਰੇ ਅੰਦਰ ਪਿਆ ਤੇਲ ਦਾ ਖ਼ਜਾਨਾ ਮਨੁੱਖਤਾ ਲਈ ਵਰਦਾਨ ਅਤੇ ਮੇਰੇ ਲਈ ਸ਼ਰਾਪ ਹੈ। ਮੇਰੇ ਤੱਕ ਪਹੁੰਚੀ ਇਕ ਚਿਣਗ ਵੀ ਮੈਂਨੂੰ ਰਾਖ ਕਰ ਦੇਵੇਗੀ। ਮੇਰਾ ਹਲਕਾ ਵਜੂਦ ਜਰਾ ਜਿੰਨੀ ਅਵਾਜ ਨਾਲ਼ ਹੀ ਕੰਬ ਜਾਂਦਾ ਹੈ ਮੇਰੇ ਹਰੇ ਕਚੂਰ ਪੱਤੇ ਰਾਤਾਂ ਨੂੰ ਡਰ ਨਾਲ਼ ਜਾਗ ਜਾਂਦੇ ਹਨ ਅਤੇ ਉਣੀਂਦਰੇ ਕਾਰਨ ਇਹਨਾਂ ਦੀਆਂ ਅੱਖਾਂ ਦੇ ਕੋਇਆਂ ਵਿਚ ਲਾਲੀ ਉਤਰ ਆਈ ਹੈ। ਪਤਾ ਨਹੀਂ ਮਨੁੱਖ ਸਾਡੀ ਸੰਵੇਦਨਾ ਨੂੰ ਕਦੋਂ ਸਮਝ ਸਕੇਗਾ!
ਚਨਾਰ ** ਓ ਗੱਲ ਸੁਣੋ! ਮੈਂ ਤਾਂ ਦੱਸਣਾ ਭੁੱਲ ਹੀ ਗਿਆ। ਇਕ ਦਿਨ ਮੇਰੇ ਕੋਲ਼ ਇਕ ਜਪਾਨੀ ਪ੍ਰਦੇਸੀ ਆਇਆ ਸੀ, ਮੈਂ ਉਸ ਤੋਂ ਰੁੱਖਾਂ ਦਾ ਹਾਲ-ਚਾਲ ਪੁੱਛਿਆ! ਤਾਂ ਉਸ ਨੇ ਦੱਸਿਆ ਕਿ ਓਥੋਂ ਦੇ ਮੈਪਲ ਦੇ ਪੱਤੇ ਹਰੇ ਤੋਂ ਬਾਅਦ ਐਂਬਰ ਹੋ ਕੇ ਸੁਕਦੇ ਨਹੀਂ ਸਗੋਂ ਲਾਲ ਹੋ ਜਾਂਦੇ ਹਨ ਅਤੇ ਜਪਾਨੀ ਚੀਲ ਵੀ ਲਾਲ ਹੋ ਗਈ ਹੈ। ਮੈਂ ਹੈਰਾਨ ਹੋ ਕੇ ਪੁੱਛਿਆ ਕਿ ਉਹਨਾਂ ਵਿੱਚ ਐਨੀ ਤਬਦੀਲੀ ਕਿਵੇਂ ਆਈ? ਆਖਿਰ ਉਨ੍ਹਾਂ ਨਾਲ ਕੀ ਵਾਪਰਿਆ? ਤਾਂ ਉਹ ਦੱਸਣ ਲੱਗਾ ਕਿ ਹੀਰੋਸ਼ੀਮਾ ਤੇ ਨਾਗਾਸਾਕੀ ਵਿਚ ਹੋਈ ਹਿੰਸਾ ਕਰਕੇ ਉਨ੍ਹਾਂ ਦੀ ਇਹ ਹਾਲਤ ਹੋਈ ਹੈ। ਏਨਾ ਕਹਿ ਕੇ ਉਹ ਚੁੱਪ ਹੋ ਕੇ ਚਲਾ ਗਿਆ।
ਔਕ** ਸਹੀ ਕਿਹਾ ਭਰਾਵਾ! ਹਿੰਸਾ ਮਨੁੱਖ ਕਰਦੇ ਹਨ ਤੇ ਅਸੀਂ ਸ਼ਿਕਾਰ ਹੋ ਜਾਂਦੇ ਹਾਂ। ਮਨੁੱਖ ਹਿੰਸਾ ਕਰਕੇ ਆਪਣਾ ਵੀ ਨੁਕਸਾਨ ਕਰਦਾ ਹੈ ਤੇ ਵਾਤਾਵਰਣ ਦਾ ਵੀ। ਇਸ ਦੇ ਉਲਟ ਜੰਗਲ਼ਾਂ ਵਿਚ ਵਿਚਰਣ ਵਾਲੇ ਪਸ਼ੂ, ਪੰਛੀ ਆਦਿ ਵੀ ਹਿੰਸਾ ਨਹੀਂ ਕਰਦੇ ਤੇ ਨਾ ਸਾਡਾ ਕੋਈ ਨੁਕਸਾਨ ਕਰਦੇ ਹਨ।
ਕੈਲ ** ਫਿਰ ਤਾਂ ਚੰਗਾ ਹੋਇਆ ਕਿ ਅਸੀਂ ਮਨੁੱਖ ਨਹੀਂ ਹਾਂ, ਜੇ ਅਸੀਂ ਵੀ ਮਨੁੱਖ ਹੁੰਦੇ ਸਾਡੀ ਵੀ ਹਿੰਸਾ ਬਿਰਤੀ ਹੋਣੀ ਸੀ। ਪਤਾ ਨਹੀਂ ਮਨੁੱਖਤਾ ਦੇ ਮੁਖੋਟੇ ਵਿਚ ਅਸੀਂ ਕਿੰਨਾ ਕੁ ਨੁਕਸਾਨ ਕਰ ਦੇਂਦੇ।
ਔਕ ** (ਕੈਲ ਨੂੰ) ਸਹੀ ਕਿਹਾ ਈ ਰੁੱਖਾਂ ਦੀਏ ਰਾਣੀਏਂ! ਸਾਡੇ ਨਾਲ ਭਾਵੇਂ ਕੁਝ ਵੀ ਹੋਵੇ ਅਸੀਂ ਫਿਰ ਵੀ ਸ਼ਾਂਤੀ ਦਾ ਸੁਨੇਹਾ ਦਿੰਦੇ ਹੀ ਰਹਿਣਾ ਹੈ, ਮਨੁੱਖਤਾ ਨੂੰ ਗਲ਼ ਲਾਉਂਦੇ ਹੀ ਰਹਿਣਾ ਹੈ ਤੇ ਅਹਿੰਸਾ ਦਾ ਮਾਰਗ ਕਦੇ ਨਹੀਂ ਛੱਡਣਾ।
( ਸਾਰੇ ਬਿਰਖ ਔਕ ਦੀਆਂ ਗੱਲਾਂ ਸੁਣ ਕੇ ਭਾਵੁਕ ਹੋ ਜਾਂਦੇ ਹਨ)
** ਜਦੋਂ ਮਨੁੱਖਤਾ ਦਾ ਮਿਆਰ ਡਿਗਦਾ ਹੈ ਤਾਂ ਸਾਰੀਆਂ ਸ਼ਕਤੀਆਂ ਇਸ ਦੇ ਹੇਠ ਕੁਚਲੀਆਂ ਜਾਂਦੀਆਂ ਹਨ **
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly