HOME ਪੰਛੀਆਂ ਨੂੰ ਵੀ ਲੱਗਦੀ ਹੈ ਪਿਆਸ – ਅਸੀਂ ਕਿਉਂ ਭੁੱਲੀਏ

ਪੰਛੀਆਂ ਨੂੰ ਵੀ ਲੱਗਦੀ ਹੈ ਪਿਆਸ – ਅਸੀਂ ਕਿਉਂ ਭੁੱਲੀਏ

ਮੰਜੂ ਰਾਇਕਾ

   (ਸਮਾਜ ਵੀਕਲੀ)    ਗਰਮੀਆਂ ਦੀ ਤਪਦੀ ਧੁੱਪ ਹਰੇਕ ਜੀਵ ਨੂੰ ਸਜ਼ਾ ਵਰਗੀ ਲੱਗਦੀ ਹੈ। ਅਸੀਂ ਮਨੁੱਖ ਤਾਂ ਛਾਂ ਲੱਭ ਲੈਂਦੇ ਹਾਂ, ਪੱਖੇ ਚੱਲ ਲੈਂਦੇ ਹਾਂ, ਬੋਤਲਾਂ ਭਰ ਲੈਂਦੇ ਹਾਂ। ਪਰ ਉਹ ਬੇਜ਼ੁਬਾਨ ਪੰਛੀ ਕਿੱਥੇ ਜਾਣ?ਜਿਹੜੇ ਸਾਡੇ ਘਰਾਂ ਦੀ ਛੱਤਾਂ ਉੱਤੇ ਬੈਠ ਕੇ ਕੁਦਰਤ ਦੇ ਰਾਗ ਛੇੜਦੇ ਸਨ, ਅੱਜ ਉਹ ਪਿਆਸ ਨਾਲ ਤੜਫ ਰਹੇ ਹਨ। ਕਈ ਵਾਰ ਉਹ ਚੁੱਪਚਾਪ ਉੱਡ ਕੇ ਆਉਂਦੇ ਹਨ । ਕੋਈ ਆਸ ਲੈ ਕੇ ਕਿ ਇੱਥੇ ਸ਼ਾਇਦ ਥੋੜ੍ਹਾ ਪਾਣੀ ਮਿਲ ਜਾਵੇ। ਪਰ ਅਸੀਂ ਉਹਨਾਂ ਦੀ ਇਹ ਚੁੱਪ ਆਵਾਜ਼ ਸੁਣ ਨਹੀਂ ਸਕਦੇ।ਹਰ ਸਾਲ ਗਰਮੀਆਂ ਵਿੱਚ ਹਜ਼ਾਰਾਂ ਪੰਛੀ ਸਿਰਫ਼ ਇਸ ਕਰਕੇ ਮਰ ਜਾਂਦੇ ਹਨ ਕਿ ਉਹਨਾਂ ਨੂੰ ਇਕ ਘੁੱਟ ਪਾਣੀ ਨਹੀਂ ਮਿਲਦਾ।ਇਹ ਸਿਰਫ਼ ਅੰਕੜੇ ਨਹੀਂ । ਇਹ ਹਰ ਇਕ ਗੁੰਝਦੀ ਜ਼ਿੰਦਗੀ ਦੀ ਚੀਖ ਹੈ।ਕਦੇ ਆਪਣੀ ਛੱਤ ਉੱਤੇ ਮਿੱਟੀ ਦੇ ਭਾਂਡੇ ਵਿੱਚ ਠੰਡਾ ਪਾਣੀ ਰੱਖ ਦੇਖੋ। ਤੁਸੀਂ ਵੇਖੋਗੇ ਕਿਸੇ ਚਿੜੀ ਦੀ ਖੁਸ਼ੀ, ਕਿਸੇ ਕਬੂਤਰ ਦੀ ਕਦਰਦਾਨੀ, ਕਿਸੇ ਤਿਤਲੀ ਦੀ ਚੁੱਪ ਰੂਹਾਨੀ ਸ਼ਕਲ।ਇਹ ਦ੍ਰਿਸ਼ ਆਪਣੇ ਆਪ ਵਿੱਚ ਇਕ ਅਸਲੀ ਦੁਨੀਆਂ ਦੀ ਤਸਵੀਰ ਬਣ ਜਾਂਦੇ ਹਨ। ਜਿੱਥੇ ਜੀਵਨ ਸਿਰਫ਼ ਸਾਨੂੰ ਹੀ ਨਹੀਂ, ਉਹਨਾਂ ਨੂੰ ਵੀ ਪਿਆਰਾ ਹੈ। ਅਸੀਂ ਅਕਸਰ ਸੋਚਦੇ ਹਾਂ ਕਿ ਇਕ ਭਾਂਡਾ ਪਾਣੀ ਕੀ ਬਦਲ ਸਕਦਾ ਹੈ?ਪਰ ਯਾਦ ਰੱਖੀਏ,ਇੱਕ ਘੁੱਟ ਪਾਣੀ – ਇੱਕ ਜ਼ਿੰਦਗੀ ਨੂੰ ਬਚਾ ਸਕਦੀ ਹੈ। ਆਓ, ਅਸੀਂ ਅੱਜ ਤੋਂ ਇਹ ਵਾਅਦਾ ਕਰੀਏ:ਹਰ ਰੋਜ਼ ਆਪਣੀ ਛੱਤ ਜਾਂ ਬਾਲਕਨੀ ਵਿੱਚ ਪਾਣੀ ਤੇ ਦਾਣੇ ਰੱਖਾਂਗੇ।ਪਾਣੀ ਨੂੰ ਤਾਜ਼ਾ ਰੱਖਾਂਗੇ, ਬਦਲਦੇ ਰਹਾਂਗੇ।ਬੱਚਿਆਂ ਨੂੰ ਵੀ ਇਹ ਨਰਮਦਿਲੀ ਸਿਖਾਂਵਾਗੇ। ਸਿਰਫ਼ ਸ਼ਬਦਾਂ ਦੀ ਨਹੀਂ, ਕਰਮਾਂ ਦੀ ਮਦਦ ਕਰਾਂਗੇ।ਇਹ ਪੰਛੀ ਸਾਡੀ ਕੁਦਰਤ ਦਾ ਹਿੱਸਾ ਹਨ, ਸਾਡਾ ਫਰਜ਼ ਹੈ ਉਹਨਾਂ ਦੀ ਰੱਖਿਆ ਕਰਨੀ। ਉਹ ਬੋਲ ਨਹੀਂ ਸਕਦੇ, ਪਰ ਅਸੀਂ ਉਹਨਾਂ ਲਈ ਬੋਲ ਸਕਦੇ ਹਾਂ, ਕਰ ਸਕਦੇ ਹਾਂ। ਪੰਛੀਆਂ ਨੂੰ ਵੀ ਹੈ ਪਿਆਸ – ਅਸੀਂ ਕਿਉਂ ਭੁੱਲੀਏ? ਆਓ, ਇਕ ਘੁੱਟ ਪਾਣੀ ਨਾਲ, ਇਕ ਨਵਾਂ ਸੰਕਲਪ ਸ਼ੁਰੂ ਕਰੀਏ।

ਮੰਜੂ ਰਾਇਕਾ ਸੰਗਰੂਰ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਖੇਤੀ ਮਾਹਿਰਾਂ ਵੱਲੋਂ ਕਿਸਾਨਾਂ ਨੂੰ ਪੂਸਾ-44 ਅਤੇ ਹਾਈਬ੍ਰਿਡ ਝੋਨੇ ਦੀ ਕਾਸ਼ਤ ਨਾ ਕਰਨ ਦੀ ਸਲਾਹ
Next articleਪਿਤਾ ਦੀ ਸਿੱਖਿਆ ਨੇ ਬਦਲੀ ਮੇਰੀ ਜ਼ਿੰਦਗੀ