ਨਵੀਂ ਦਿੱਲੀ (ਸਮਾਜ ਵੀਕਲੀ): ਬੀਰਭੂਮ ਜ਼ਿਲ੍ਹੇ ਵਿੱਚ ਅੱਠ ਵਿਅਕਤੀਆਂ ਦੇ ਸੜ ਕੇ ਮਰਨ ਸਬੰਧੀ ਮਾਮਲੇ ਵਿੱਚ ਕੇਂਦਰੀ ਗ੍ਰਹਿ ਮੰਤਰਾਲੇ ਨੇ ਪੱਛਮੀ ਬੰਗਾਲ ਸਰਕਾਰ ਤੋਂ ਰਿਪੋਰਟ ਮੰਗ ਲਈ ਹੈ। ਇਹ ਕਦਮ ਪੱਛਮੀ ਬੰਗਾਲ ਦੇ ਭਾਜਪਾ ਐੱਮਪੀਜ਼ ਦੇ ਨੌਂ ਮੈਂਬਰੀ ਵਫ਼ਦ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਕੇ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਦਖ਼ਲ ਦੇਣ ਤੇ ਇਸ ਅਪਰਾਧ ਨੂੰ ਅੰਜਾਮ ਦੇਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਪਿੱਛੋਂ ਚੁੱਕਿਆ ਗਿਆ ਹੈ। ਸੂਤਰਾਂ ਮੁਤਾਬਕ ਸਥਿਤੀ ਦਾ ਜਾਇਜ਼ਾ ਲੈਣ ਲਈ ਜਲਦੀ ਹੀ ਇੱਕ ਕੇਂਦਰੀ ਟੀਮ ਭੇਜੀ ਜਾਵੇਗੀ ਪਰ ਇਸ ਸਬੰਧੀ ਅਜੇ ਸਰਕਾਰੀ ਪੱਧਰ ’ਤੇ ਪੁਸ਼ਟੀ ਨਹੀਂ ਮਿਲ ਸਕੀ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਮੰਤਰਾਲੇ ਨੇ ਪੱਛਮੀ ਬੰਗਾਲ ਸਰਕਾਰ ਨੂੰ ਕਾਨੂੰਨ ਵਿਵਸਥਾ ਬਣਾਈ ਰੱਖਣ ਤੇ ਇਨ੍ਹਾਂ ਕਤਲਾਂ ਦੇ ਮੱਦੇਨਜ਼ਰ ਆਮ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਿਹਾ ਹੈ। ਸੂਬਾ ਸਰਕਾਰ ਨੂੰ ਇਸ ਘਟਨਾ ਸਬੰਧੀ ਜਲਦੀ ਤੋਂ ਜਲਦੀ ਇੱਕ ਵਿਸਤ੍ਰਿਤ ਰਿਪੋਰਟ ਭੇਜਣ ਲਈ ਕਿਹਾ ਗਿਆ ਹੈ। ਪੁਲੀਸ ਨੇ ਦੱਸਿਆ ਕਿ ਬੀਰਭੂਮ ਜ਼ਿਲ੍ਹੇ ਦੇ ਰਾਮਪੁਰਹਾਤ ’ਚ ਤੜਕੇ ਕੁਝ ਘਰਾਂ ਨੂੰ ਅੱਗ ਲੱਗਣ ਕਾਰਨ 8 ਵਿਅਕਤੀ ਮਾਰੇ ਗਏ ਸਨ, ਜਿਨ੍ਹਾਂ ਵਿੱਚ ਦੋ ਬੱਚੇ ਵੀ ਸ਼ਾਮਲ ਹਨ। ਡੀਜੀਪੀ ਮਨੋਜ ਮਾਲਵੀਆ ਨੇ ਕਿਹਾ ਕਿ ਇਹ ਘਟਨਾ ਤ੍ਰਿਣਮੂਲ ਕਾਂਗਰਸ ਪੰਚਾਇਤ ਦੇ ਆਗੂ ਦੇ ਕਤਲ ਦੇ ਕੁਝ ਘੰਟਿਆਂ ਮਗਰੋਂ ਵਾਪਰੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly