ਵੱਡੀ ਭੈਣ ਜੀ’

ਸਰਿਤਾ ਦੇਵੀ

(ਸਮਾਜ ਵੀਕਲੀ)-ਮਨਜੀਤ ਅਜੇ ਦਸ ਵਰ੍ਹਿਆਂ ਦੀ ਸੀ ਜਦੋਂ ਉਸ ਦੇ ਪਿਤਾ ਦੀ ਮੌਤ ਹੋ ਗਈ। ਮਨਜੀਤ ਦੀ ਮਾਂ ਪਤੀ ਦੀ ਮੌਤ ਦਾ ਸਦਮਾ ਸਹਿਣ ਨਾ ਕਰ ਸਕੀ ਤੇ ਬਿਮਾਰ ਰਹਿਣ ਲੱਗ ਪਈ। ਰਿਸ਼ਤੇਦਾਰ ਉਸਨੂੰ ਸਮਝਾਉਂਦੇ,” ਪਰਮਾਤਮਾ ਦਾ ਭਾਣਾ ਮੰਨ ਤੇ ਆਪਣੀ ਆਪਣੀ ਬੱਚੀ ਵੱਲ ਦੇਖ ਜੇ ਤੈਨੂੰ ਕੁਝ ਹੋ ਗਿਆ ਤਾਂ ਬੇਟੀ ਅਨਾਥ ਹੋ ਜਾਏਗੀ।”

ਪਰ ਉਹ ਹਰ ਵੇਲੇ ਸੋਚਾਂ ਵਿੱਚ ਡੁੱਬੀ ਰਹਿੰਦੀ ਤੇ ਬਿਮਾਰ ਰਹਿਣ ਲੱਗ ਪਈ। ਦੋ ਸਾਲ ਬਾਅਦ ਉਸ ਦੀ ਵੀ ਮੌਤ ਹੋ ਗਈ।ਮਨਜੀਤ ਅਨਾਥ ਹੋ ਗਈ।ਮਨਜੀਤ ਦੇ ਪਿਤਾ ਦੀ ਦੋ ਕਿੱਲੇ ਜਮੀਨ ਸੀ।ਮਨਜੀਤ ਦੇ ਤਾਇਆ ਜੀ ਨੇ ਉਸ ਨੂੰ ਆਪਣੇ ਕੋਲ ਹੀ ਰੱਖ ਲਿਆ।ਆਪਣੇ ਮਾਂ ਬਾਪ ਤੋਂ ਇਲਾਵਾ ਕੋਣ ਪਿਆਰ ਕਰਦਾ ਐ? ਮਨਜੀਤ ਦੇ ਤਾਇਆ ਜੀ ਨੇ ਆਪਣੇ ਬੱਚਿਆਂ ਨੂੰ ਚੰਗੇ ਸਕੂਲ ਵਿਚ ਪੜ੍ਹਨੇ ਪਾਇਆ ਸੀ। ਮਨਜੀਤ ਨੂੰ ਸਰਕਾਰੀ ਸਕੂਲ ਵਿੱਚ ਪੜ੍ਹਨੇ ਪਾ ਦਿੱਤਾ। ਮਨਜੀਤ ਦੀ ਤਾਈ ਉਸ ਕੋਲ ਘਰ ਦਾ ਸਾਰਾ ਕੰਮ ਕਰਾਉਂਦੀ। ਜੇਕਰ ਉਹ ਕੋਈ ਆਪਣੀ ਇੱਛਾ ਦੱਸਦੀ ਤਾਂ ਉਸ ਨੂੰ ਪੂਰਾ ਨਾ ਕੀਤਾ ਜਾਂਦਾ। ਇੰਜ ਮਨਜੀਤ ਹਮੇਸ਼ਾ ਕੁਝ ਨਾ ਕੁਝ ਸੋਚਦੀ ਰਹਿੰਦੀ। ਤੇ ਘਰ ਘੁਟ-ਘੁਟ ਕੇ ਰਹਿਣ ਲੱਗੀ। ਉਹ ਆਪਣੇ ਬੱਚਿਆਂ ਨੂੰ ਦਿਨ ਰਾਤ ਮਿਹਨਤ ਕਰਕੇ ਪੜ੍ਹਾਉਂਦੇ। ਮਨਜੀਤ ਦੀ ਸਕੂਲ ਦੀ ਫੀਸ ਵੀ ਬੜੇ ਤਰਲੇ ਨਾਲ ਦਿੰਦੇ। ਮਨਜੀਤ ਘਰ ਦਾ ਸਾਰਾ ਕੰਮ ਕਰਕੇ ਥੱਕ ਟੁੱਟ ਜਾਂਦੀ ਤੇ ਰਾਤ ਨੂੰ ਸੌਂ ਜਾਂਦੀ। ਇੰਝ ਸਮਾਂ ਲੰਘਦਾ ਗਿਆ। ਮਨਜੀਤ 10ਵੀਂ ਕਲਾਸ ਵਿਚ ਹੋ ਗਈ। ਉਹ ਇੱਕ ਸਧਾਰਨ ਜਿਹੀ ਹੀ ਲੱਗਦੀ ਪਰ ਉਹ ਹਮੇਸ਼ਾ ਜਮਾਤ ਵਿੱਚ ਬੈਠੀ ਕੁਝ ਨਾ ਕੁਝ ਸੋਚਦੀ ਰਹਿੰਦੀ। ਇਕ ਦਿਨ ਉਸਦੀ ਜਮਾਤ ਦੀ ਇੰਚਾਰਜ ਨੇ ਉਸ ਨੂੰ ਪੁੱਛਿਆ ਤਾਂ ਉਸਨੇ ਆਪਣੇ ਘਰ ਦੀ ਸਾਰੀ ਕਹਾਣੀ ਸੁਣਾਈ। ਇਹ ਸੁਣ ਕੇ ਮੈਡਮ ਨੂੰ ਬਹੁਤ ਦੱਖ ਲੱਗਾ। ਮੈਡਮ ਨੇ ਜਦੋਂ ਉਸ ਦੀਆਂ ਕਾਪੀਆਂ ਦੇਖੀਆਂ ਤਾਂ ਉਸ ਦੀ ਲਿਖਾਈ ਬਹੁਤ ਹੀ ਸੁੰਦਰ ਸੀ । ਉਸ ਨੇ ਕਦੀ ਵੀ ਅੱਗੇ ਹੋ ਕੇ ਕਾਪੀ ਚੈੱਕ ਨਹੀਂ ਕਰਵਾਈ। ਹੁਣ ਮੈਡਮ ਉਸ ਵੱਲ ਧਿਆਨ ਦੇਣ ਲੱਗੇ। ਮੈਡਮ ਨੇ ਹੋਰਨਾਂ ਅਧਿਆਪਕਾਂ ਨੂੰ ਵੀ ਉਸ ਬਾਰੇ ਦੱਸਿਆ । ਮਨਜੀਤ ਦੀ ਪੜ੍ਹਾਈ ਵਿਚ ਬਹੁਤ ਸੁਧਾਰ ਹੋਣ ਲੱਗਾ। ਉਸ ਨੂੰ ਪੜ੍ਹਾਈ ਦਾ ਸ਼ੌਂਕ ਸੀ ਤੇ ਕੁਝ ਬਣਨ ਦੀ ਇੱਛਾ ਰੱਖਦੀ ਸੀ। ਜਦੋਂ ਉਸ ਨੂੰ ਸਾਰੇ ਅਧਿਆਪਕ ਜਾਨਣ ਲੱਗੇ ਤਾਂ ਉਹ ਉਸ ਦੀ ਪੜ੍ਹਾਈ ਵਿੱਚ ਹੋਰ ਚੇਟਕ ਵਧ ਗਈ। ਘਰ ਦੇ ਕੰਮ ਕਰਨ ਦੇ ਬਾਵਜੂਦ ਦੇਰ ਰਾਤ ਤੱਕ ਪੜ੍ਹਦੀ ਰਹਿੰਦੀ। ਉਸ ਦੀ ਤਾਈ ,ਤਾਇਆ ਜੀ ਉਸ ਨੂੰ ਕਹਿੰਦੇ ,”ਤੂੰ ਕਿਹੜਾ ਭੈਣ ਜੀ ਲੱਗਣਾ ਹੈ?ਜਿਹੜੀ ਇੰਨੀ ਮਿਹਨਤ ਕਰਦੀ ਏ।” ਉਸ ਦੇ ਭੈਣ ਭਰਾ ਅਤੇ ਹੋਰ , ਉਸਨੂੰ ‘ਵੱਡੀ ਭੈਣ ਜੀ ‘ ਕਹਿ ਕੇ ਚਿੜ੍ਹਾਉਂਦੇ।ਇਹ ਸ਼ਬਦ ਮਨਜੀਤ ਨੂੰ ਅੰਦਰੋ ਅੰਦਰ ਝੰਜੋੜ ਦਿੰਦੇ ਤੇ ਉਸ ਦੀ ਅੱਗੇ ਵੱਧਣ ਦੀ ਲਾਲਸਾ ਹੋਰ ਵਧਣ ਲੱਗੀ।

ਉਸ ਵਿੱਚ ਵੱਧ ਤੋਂ ਵੱਧ ਨਿਖਾਰ ਆਉਣ ਲੱਗਾ। ਉਸਨੇ ਬਾਰ੍ਹਵੀਂ ਜਮਾਤ 85% ਨੰਬਰ ਲੈ ਕੇ ਪਾਸ ਕੀਤੀ। ਮਨਜੀਤ ਦੇ ਤਾਇਆ ਜੀ ਉਸਨੂੰ ਬਾਰਵੀਂ ਤੋਂ ਅੱਗੇ ਨਹੀਂ ਪੜਾਉਣਾ ਚਾਹੁੰਦੇ ਸਨ ਤੇ ਉਸ ਦਾ ਵਿਆਹ ਕਰ ਦੇਣਾ ਚਾਹੁੰਦੇ ਸਨ। ਮਨਜੀਤ ਬਹੁਤ ਹੀ ਮਾਸੂਮ ਤੇ ਸੋਹਣੀ ਜਿਹੀ ਮੁਟਿਆਰ ਨਿਕਲੀ। ਮਨਜੀਤ ਦੀ ਭੂਆ ਜੀ ਨੇ ਉਸ ਦਾ ਵਿਆਹ ਇਕ ਲੋੜਵੰਦ ਪਰਿਵਾਰ ਵਿਚ ਕਰਵਾ ਦਿੱਤਾ । ਮਨਜੀਤ ਨੇ ਆਪਣੀ ਅੱਗੇ ਬਣਨ ਦੀ ਚਾਹਤ ਨੂੰ ਆਪਣੇ ਪਤੀ ਨੂੰ ਦੱਸਿਆ। ਉਸਦੇ ਪਤੀ ਨੇ ਉਸ ਨੂੰ ਪੜ੍ਹਾਇਆ ਲਿਖਾਇਆ। ਮਨਜੀਤ ਆਪਣੇ ਸਹੁਰੇ ਪਰਿਵਾਰ ਦਾ ਕੰਮ ਵੀ ਕਰਦੀ ਦੇ ਨਾਲ-ਨਾਲ ਪ੍ਰਾਈਵੇਟ ਪੜ੍ਹਦੀ। ਮਨਜੀਤ ਦੇ ਸਹੁਰਿਆਂ ਨੇ ਉਸ ਨੂੰ ਬੀ਼.ਐੱਡ. ਕਰਵਾ ਦਿੱਤੀ। ਥੋੜੇ ਹੀ ਚਿਰ ਬਾਅਦ ਪੰਜਾਬੀ ਅਧਿਆਪਕ ਦੀਆਂ ਅਸਾਮੀਆਂ ਨਿਕਲੀਆ, ਮਨਜੀਤ ਨੇ ਟੈਸਟ ਲਈ ਦਿਨ-ਰਾਤ ਮਿਹਨਤ ਕੀਤੀ। ਜਿਸ ਵਿੱਚ ਮਨਜੀਤ ਦਾ ਮੈਰਿਟ ਵਿਚ ਤੀਜਾ ਨੰਬਰ ਆਇਆ। ਮਨਜੀਤ ਦੇ ਅੱਗੇ ਵਧਣ ਦੀ ਚਾਹਤ ਨੇ ਉਸ ਨੂੰ ਅਧਿਆਪਕਾ ਬਣਾ ਦਿੱਤਾ। ਮਨਜੀਤ ਨੂੰ ਆਪਣੇ ਤਾਇਆ, ਤਾਈ ਜੀ ਦੀ ਭੈਣ ਜੀ ਵਾਲੀ ਗੱਲ ਚੇਤੇ ਆ ਰਹੀ ਸੀ। ਉਹ ਆਪਣੇ ਤਾਇਆ ਜੀ ਨੂੰ ਮਿਠਾਈ ਦਾ ਡੱਬਾ ਲੈ ਕੇ ਗਈ ਤੇ ਉਸ ਦੀਆਂ ਅੱਖਾਂ ਵਿੱਚ ਖ਼ੁਸ਼ੀ ਦੇ ਹੰਝੂ ਸਨ ਤੇ ਪੰਜ ਸਾਲ ਬਾਅਦ ਮਨਜੀਤ ਸਰਕਾਰੀ ਸਕੂਲ ਵਿਚ ਪ੍ਰਿੰਸੀਪਲ ਦੇ ਅਹੁਦੇ ਤੇ ਬਿਰਾਜਮਾਨ ਹੋ ਗਈ। ਇਹ ਸਭ ਉਸ ਦੀ ‘ਅੱਗੇ ਵਧਣ ਦੀ ਚਾਹਤ’ ਤੇ ਜੀਅ ਜਾਨ ਨਾਲ ਮਿਹਨਤ ਕਰਨ ਦੇ ਨਾਲ ਹੀ ਪ੍ਰਾਪਤ ਹੋਇਆ ਸੀ।

ਸਰਿਤਾ ਦੇਵੀ 9464925265

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਿਧਾਨ ਸਭਾ ਹਲਕਾ ਫਿਲੌਰ ਲਈ ਨਾਮਜ਼ਦਗੀ ਦਾਖਲ
Next articleਬੁੱਧੀਜੀਵੀ ਸਿਆਸਤ