*ਨਿੱਕੇ ਖੰਭਾਂ ਦੀ ਵੱਡੀ ਪ੍ਰਵਾਜ਼ :- ਸਿਮਰਨਜੀਤ ਕੌਰ ਸਿਮਰ*

(ਸਮਾਜ ਵੀਕਲੀ)– ਸਹਿਤਕ ਜਗਤ ਦੀ ਫੁਲਵਾੜੀ ਦਾ ਇਹ ਛੋਟਾ ਜਿਹਾ ਫੁੱਲ ਵੱਡੀਆਂ ਪੁਲਾਘਾਂ ਪੁੱਟ ਕੇ ਆਪਣੀ ਕਲਮ ਨਾਲ ਸਾਹਿਤਕ ਜਗਤ ਚ ਮਹਿਕਾਂ ਖਿਲਾਰ ਰਿਹਾ ਹੈ।ਜਦੋ ਕੁਦਰਤ ਕਿਸੇ ਤੇ ਮੇਹਰਬਾਨ ਹੁੰਦੀਂ ਹੈ ਉਹ ਛੋਟੀ ਉਮਰ ਚ ਹੀ ਦਇਆ ਦਿਬ ਦਿ੍ਰਸ਼ਟ ਬਖਸ਼ ਦੇਦਾਂ ਹੈ ।ਫਿਰ ਉਹ ਜੀਵ ਉਚੀ ਤੇ ਸੁੱਚੀ ਸੋਚ ਦਾ ਮਾਲਕ ਬਣਕੇ ਆਪਣੀ ਕਲਮ ਕੋਰੇ ਕਾਗਜ਼ ਤੇ ਚਲਾਉਣਾ ਸ਼ੁਰੂ ਕਰ ਦੇਦਾਂ ਹੈ।

ਗੁਣ ਨਿਵਾਜਣ ਵੇਲੇ ਲਿਖਣ ਦਾ ਹੁਨਰ ਅੱਖ਼ਰਾਂ, ਸ਼ਬਦਾਂ ਦੀ ਬੰਦਗੀ ਕਰਨ ਵਰਗਾ ਕਾਰਜ ਆਪੇ ਹੀ ਪਰਮਾਤਮਾਂ ਨਿਭਾ ਲੈਦਾਂ ਹੈ। ਜੋ ਹਰ ਕੋਈ ਨਹੀਂ ਕਰ ਸਕਦਾ। ਜੋ ਇਨਸਾਨ ਸਿਰੜ, ਸਿਦਕ, ਸਬਰ – ਸੰਤੋਖ ਦੇ, ਕਹਿਣੀ ਕਰਨੀ ਦੇ ਪੂਰੇ ਹੁੰਦੇ ਹਨ ਉਹ ਜਲਦੀ ਹੀ ਜ਼ਿੰਦਗੀ ਦੇ ਰਾਹਾਂ ਦੇ ਭੇਦ ਸਮਝ ਜਾਂਦੇ ਨੇ ਤੇ ਆਪਣੀ ਮੰਜ਼ਿਲ ਵੱਲ ਇਕੱਲਿਆਂ ਹੀ ਪੈਰ ਪੁੱਟ ਲੈਂਦੇ ਨੇ, ਬੱਸ ਤੁਰਦੇ ਜਾਂਦੇ ਨੇ ਚੁੱਪ, ਖ਼ਾਮੋਸ਼ ਹੋ ਕੇ , ਬੇਸ਼ੱਕ ਜਮਾਨਾ ਕੁੱਝ ਵੀ ਕਹੇ, ਪਰ ਉਹ ਆਪਣੇ ਰਾਹਾਂ ਤੇ ਤੁਰੇ ਜਾਂਦੇ ਨੇ ਨਿਰੰਤਰ, ਅਡੋਲ, ਬੇਖ਼ੌਫ਼ ਕਿਸੇ ਝਰਨੇ ਵਾਂਗ ਆਪਣੀ ਮੰਜ਼ਿਲ ਵੱਲ, ਕੋਈ ਵਿਸ਼ੇਸ਼ ਕਾਰਜ ਕਰਨ, ਜੋ ਉਹਨਾਂ ਨੂੰ ਪ੍ਰਮਾਤਮਾ ਨੇ ਸ਼ੌਪਿਆਂ ਹੁੰਦਾ ਪੂਰਾ ਕਰਨ ਲਈ।

ਅਜਿਹੀ ਹੀ ਇੱਕ ਉੱਭਰ ਰਹੀ ਕਵਿੱਤਰੀ /ਕਹਾਣੀਕਾਰਾ/ ਚਿੱਤਰਕਾਰਾ ਜਿਸ ਨੂੰ ਇਹ ਸਭ ਗੁਣ ਪ੍ਰਮਾਤਮਾ ਵੱਲੋਂ ਬਚਪਨ ਤੋਂ ਹੀ ਮਿਲੇ ਹੋਏ ਨੇ, ਦਾ ਜ਼ਿਕਰ ਕਰਨਾ ਬਣਦਾ ਹੈ ਜਿਸ ਦਾ ਅਣਮੁੱਲ ਨਾਂ ਸਿਮਰਨਜੀਤ ਕੌਰ ਸਿਮਰ , ਜਿਸ ਨੂੰ ਸੁੱਚੇ ਮੋਤੀਆਂ ਦੀ ਮਾਲਾ ਵਾਂਗ ਸ਼ਬਦਾ ਨੂੰ ਕਵਿਤਾ ਚ ਪਰੋਂਦਿਆ ਢੁਕਵੇਂ ਥਾਂ ਤੇ ਦੇਖਿਆ ਗਿਆ। ਪਰਤੱਖ ਨੂੰ ਪਰਮਾਣ ਦੀ ਲੋੜ ਨਹੀ ਹੁੰਦੀਂ ਇਹ ਇਹਨਾ ਦੇ ਫੇਸਬੁਕ ਪੇਜ਼ ਤੋਂ ਦੇਖ ਸਕਦੇ ੳ। ਆੳ ਸਿਮਰਨਜੀਤ ਕੌਰ ਦੇ ਜੀਵਨ ਤੇ ਕਾਰਜਾ ਉਪਰ ਝਾਤ ਮਾਰੀਏ। ਸਿਮਰਨਜੀਤ ਕੌਰ ਸਿਮਰ ਦਾ ਜਨਮ ਜ਼ਿਲ੍ਹਾ ਪਟਿਆਲਾ ਵਿੱਚ ਵਸਦੇ ਇੱਕ ਨਿੱਕੇ ਜਿਹੇ ਪਿੰਡ ਮਵੀ-ਸੱਪਾਂ ਵਿਖੇ ਪਿਤਾ ਸਰਦਾਰ ਗੱਜਣ ਸਿੰਘ ਦੇ ਘਰ ਹੋਇਆ। ਸਿਮਰ ਨੂੰ ਬਚਪਨ ਤੋਂ ਹੀ ਸਾਹਿਤ ਪੜ੍ਹਨ ਵੱਲ ਰੁਚੀ ਹੋਣ ਕਾਰਨ ਜਲਦੀ ਅੱਖ਼ਰਾਂ ਨਾਲ ਗੱਲਾਂ ਕਰਨੀਆਂ ਆ ਗਈਆਂ । ਹੌਲੀ-ਹੌਲੀ ਸ਼ਬਦਾਂ ਦੀਆਂ ਲੜੀਆਂ ਪਰੋਣ ਲੱਗੀ ਜੋ ਜਗਮਗ ਕਰਨ ਲੱਗੀਆਂ ਤੇ ਪਾਠਕਾਂ ਨੂੰ ਪ੍ਰਵਾਨ ਚੜ੍ਹਨ ਲੱਗੀਆਂ। ਪੜ੍ਹਨ ਦਾ ਸ਼ੌਕ ਸਿਮਰ ਜੀ ਨੂੰ ਆਪਣੇ ਦਾਦਾ ਜੀ ਨੂੰ ਵੇਖ ਕੇ ਪਿਆ, ਜੋ ਅਕਸਰ ਕੁੱਝ ਨਾ ਕੁੱਝ ਪੜ੍ਹਦੇ ਰਹਿੰਦੇ ਸਨ।

ਸਿਮਰਨਜੀਤ ਕੌਰ ਸਿਮਰ ਜੀ ਨੇ ਆਪਣੀ ਕਲਮ ਰਾਹੀਂ ਹਰ ਵਿਸ਼ੇ ਤੇ ਲਿਖਿਆ ਹੈ, ਚਾਹੇ ਸਮਾਜਿਕ ਮੁੱਦੇ ਹੋਣ ,ਬਚਪਨ ਬਾਰੇ ਹੋਵੇ, ਔਰਤ ਨਾਲ ਹੁੰਦੇ ਵਿਤਕਰੇ ਬਾਰੇ ਹੋਵੇ, ਕੁਦਰਤ ਨਾਲ ਹੁੰਦੀ ਛੇੜਛਾੜ ਹੋਵੇ, ਅਲੋਪ ਹੋ ਰਿਹਾ ਪੰਜਾਬੀ ਵਿਰਸਾ,ਨਸ਼ਿਆਂ ਚ ਰੁਲ ਰਹੀ ਜਵਾਨੀ ਦੀ ਗੱਲ ਹੋਵੇ ਜਾਂ ਫਿਰ ਦਿੱਲੀ ਚ ਚੱਲ ਰਹੇ ਕਿਰਸਾਨੀ ਘੋਲ ਦੀ ਗੱਲ ਹੋਵੇ, ਸਿਮਰ ਨੇ ਨਿੱਠ ਕੇ ਆਪਣੀ ਕਲਮ ਦੀ ਆਵਾਜ਼ ਬੁਲੰਦ ਕੀਤੀ। ਆਪਣੀਆਂ ਰਚਨਾਵਾਂ ਨੂੰ ਬੜੀ ਸੂਝਬੂਝ ਨਾਲ ਲਿਖ ਕੇ ਲੋਕ ਕਚਹਿਰੀ ਚ ਰੱਖਣਾ ਸਿਮਰਨ ਦੇ ਹਿੱਸੇ ਆਇਆ ਹੈ , ਧਰਤੀ ਤੋਂ ਅੰਬਰ ਤੱਕ ਪ੍ਰਵਾਜ਼ ਭਰ ਲੈਣਾ ਤੇ ਫਿਰ ਇੱਕ ਵਰਕੇ ਤੇ ਸਮੇਟ ਲੈਣ ਵਰਗੇ ਗੁਣ ਵੀ ਸਿਮਰਨ ਦੇ ਹਿੱਸੇ ਆਏ ਹਨ ਜੋ ਲੋਕਾਂ ਨੇ ਵੀ ਪ੍ਰਵਾਨ ਵੀ ਕੀਤੇ ਹਨ ।

ਜੇ ਸਿਮਰਨਜੀਤ ਕੌਰ ਸਿਮਰ ਜੀ ਦੀਆਂ ਛਪ ਰਹੀਆਂ ਰਚਨਾਵਾਂ ਦੀ ਗੱਲ ਕੀਤੀ ਜਾਵੇ ਤਾਂ ਰੋਜ਼ਾਨਾ ਅਜੀਤ ਅਖ਼ਬਾਰ ਜਲੰਧਰ,ਲਿਸ਼ਕਾਰਾ, ਵਿਰਾਸਤ ਮੈਗਜ਼ੀਨ,ਸਪੋਕਸਮੈਨ,ਆਨਲਾਈਨ ਸਾਇਟਾਂ,ਆਨਲਾਈਨ ਅਖ਼ਬਾਰਾਂ ਵਿੱਚ ਪਾਠਕਾਂ ਦੇ ਸਨਮੁੱਖ ਆਪਣੀ ਹਾਜ਼ਰੀ ਲਗਵਾਉੰਦੇ ਰਹਿੰਦੇ ਨੇ। ਬਹੁਤ ਸਾਰੇ ਆਨਲਾਈਨ ਆਫਲਾਇਨ ਪੰਜਾਬੀ ਕਵੀ-ਦਰਬਾਰਾਂ ਵਿੱਚ ਸ਼ਮੂਲੀਅਤ ਕਰ ਚੁੱਕੇ ਨੇ, ਜਿਵੇਂ ਰੂਬਰੂ,ਪੰਜਾਬੀ ਸੱਥ ਮੈਲਬੌਰਨ, ਸਾਹਿਤਕ ਦੀਪ,ਉੱਘੇ ਲੇਖ਼ਕ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਜੀ (ਰਚੇਤਾ ਅੰਮ੍ਰਿਤਸਰ ਵੱਲ ਜਾਂਦੇ ਰਾਹੀਓ) ਦੇ ਚੈਨਲ ਅਤੇ ਸੁਨਹਿਰੇ ਲਫ਼ਜ਼ ਅੰਤਰਰਾਸ਼ਟਰੀ,ਗੁਰਮੁੱਖੀ ਦੇ ਵਾਰਿਸ ਵਿਚ ਬਹੁਤ ਸਾਰੀਆਂ ਉੱਘੀਆਂ ਸ਼ਖਸੀਅਤਾਂ ਨੂੰ ਹੋਸਟ ਵੀ ਕਰ ਚੁੱਕੇ ਨੇ ਤੇ ਅੱਗੇ ਵੀ ਇਹ ਕਾਰਜ ਜਾਰੀ ਹੈ।

ਜੇ ਸਿਮਰ ਜੀ ਦੀਆਂ ਛਪ ਰਹੀਆਂ ਕਿਤਾਬਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਬਹੁਤ ਸਾਰੇ ਸਾਂਝੇ ਕਾਵਿ ਸੰਗ੍ਰਹਿਆਂ ਜਿਵੇ ਕਿ :- ਜਗਦੇ ਦੀਵੇ,ਨਵੀਆਂ ਕਲਮਾਂ ਦੇ ਰੰਗ ਗਗਨ ਦੇ ਸੰਗ , ਕਲਮਾਂ ਦੀ ਸਾਂਝ , ਵਿਹੜੇ ਦੀਆਂ ਰੌਣਕਾਂ ਆਦਿ ਅਤੇ ਕਹਾਣੀ ਸੰਗ੍ਰਹਿ :- ਰੰਗ ਬਰੰਗੇ ਮੋਤੀ,ਰੂਹ ਦੀ ਚੀਖ ਆ ਚੁੱਕੇ ਨੇ , ਇਹ ਸਫ਼ਰ ਅੱਗੇ ਵੀ ਜਾਰੀ ਹੈ ਜੋ ਹੋਰ ਬਹੁਤ ਕੁੱਝ ਨਵਾਂ ਲੈ ਕੇ ਆ ਰਹੇ ਹਨ।

ਸਿਮਰਨਜੀਤ ਕੌਰ ਸਿਮਰ ਜੀ ਦੀ ਬੀ. ਏ. , ਬੀ. ਐੱਡ ਤੱਕ ਪੜ੍ਹਾਈ ਕੀਤੀ ਹੋਈ ਹੈ। ਜਿੰਨਾ ਦਾ ਸੁਫ਼ਨਾ ਇੱਕ ਚੰਗੀ ਅਧਿਆਪਕਾ ਤੇ ਚੰਗੀ ਕਲਮਕਾਰਾ ਬਣਨਾ ਹੈ। ਸਿਮਰਨਜੀਤ ਕੌਰ ਸਿਮਰ ਜੀ ਚੰਗੇ ਸਾਹਿਤਕਾਰਾਂ ਵਿੱਚ ਨਾਂ ਦਰਜ਼ ਕਰਵਾਉਣ ਬਾਰੇ ਇੱਕ ਤਕਦੀਰ ਨੂੰ ਮੰਨਦੇ ਨੇ ਜਿਸ ਨੇ ਉਹਨਾਂ ਦੀ ਤਕਦੀਰ ਬਦਲ ਕੇ ਰੱਖ ਦਿੱਤੀ। ਸਿਮਰ ਜੀ ਅੱਜ – ਕੱਲ੍ਹ ਕੀ ਅਹੁਦਿਆਂ ਤੇ ਆਪਣੀ ਜ਼ਿੰਮੇਵਾਰੀ ਪੂਰੀ ਤਨ ਦੇਹੀ ਨਾਲ ਨਿਭਾ ਰਹੇ ਨੇ ਜਿੰਨਾਂ ਚੋਂ ਜਨਰਲ ਸਕੱਤਰ ਸਾਹਿਤਕ ਫੁਲਵਾੜੀ, ਕੋਆਰਡੀਨੇਟਰ ਅੰਤਰਰਾਸ਼ਟਰੀ ਸੁਨਹਿਰੇ ਲਫ਼ਜ਼ ਅਤੇ ਹੋਰ ਵੱਖ – ਵੱਖ ਸਾਹਿਤਕ ਸੱਸਥਾਂਵਾਂ ਦੇ ਮੈਂਬਰ ਵੀ ਹਨ।

ਸਿਮਰਨਜੀਤ ਕੌਰ ਸਿਮਰ ਜੀ ਨੂੰ ਆਪਣੇ ਪੰਜਾਬੀ ਹੋਣ ਤੇ ਮਾਣ ਹੈ, ਆਪਣੇ ਆਪ ਨੂੰ ਸੁਭਾਗਾ ਸਮਝਦੇ ਨੇ ਜੋ ਪੰਜਾਬ ਦੀ ਧਰਤੀ ਤੇ ਜਨਮ ਲਿਆ ਤੇ ਪੰਜਾਬੀ ਮਾਂ ਬੋਲੀ ਵਿੱਚ ਲੋਰੀਆਂ ਗੀਤਾਂ ਦਾ ਨਿੱਘ ਮਾਣਿਆਂ। ਉਹ ਦਿਨ ਰਾਤ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਿੱਚ ਤਤਪਰ ਰਹਿੰਦੇ ਨੇ। ਸਿਮਰ ਜੀ ਅਕਸਰ ਆਖਦੇ ਨੇ ਕਿ ਆਪਾਂ ਪੰਜਾਬੀ ਮਾਂ ਬੋਲੀ ਕਰਕੇ ਹਾਂ, ਮਾਂ ਬੋਲੀ ਆਪਣੇ ਕਰਕੇ ਹੈ, ਆਪਾਂ ਨੂੰ ਸ਼ੁੱਧ ਪੰਜਾਬੀ ਬੋਲਣੀ ਲਿਖਣੀ ਚਾਹੀਦੀ ਹੈ ਤੇ ਆਪਣੇ ਬੱਚਿਆਂ ਨਾਲ ਪੰਜਾਬੀ ਵਿੱਚ ਗੱਲ ਕਰਨੀ ਚਾਹੀਦੀ ਹੈ । ਪੰਜਾਬੀ ਬੋਲੀ ਬਹੁਤ ਮਹਾਨ ਹੈ ਜੋ ਗੁਰੂਆਂ ਪੀਰਾਂ ਦੀ ਜਾਈ ਬੋਲੀ ਹੈ। ਬਾਬਾ ਨਾਨਕ, ਕਬੀਰ, ਬਾਬਾ ਫਰੀਦ, ਬਾਬਾ ਬੁੱਲ੍ਹੇ ਸ਼ਾਹ, ਵਾਰਿਸ਼ ਸ਼ਾਹ, ਸ਼ਿਵ ਕੁਮਾਰ ਬਟਾਲਵੀ ਜਿਹੇ ਮਹਾਨ ਕਵੀਆਂ ਦੀ ਬੋਲੀ ਵੀ ਮਹਾਨ ਹੀ ਹੋ ਸਕਦੀ ਹੈ ਕਿਸੇ ਗੱਲੋਂ ਘੱਟ ਨਹੀ । ਸਾਨੂੰ ਸਭ ਨੂੰ ਹੋਰ ਬੋਲੀਆਂ ਸਿੱਖਣ ਦੇ ਨਾਲ ਨਾਲ ਆਪਣੀ ਮਾਂ ਬੋਲੀ ਦੀ ਸੇਵਾ ਕਦਰ ਕਰਨੀ ਚਾਹੀਦੀ ਹੈ ਨਹੀ ਤਾਂ ਆਉਣ ਵਾਲੇ ਸਮੇਂ ਨੇ ਸਾਨੂੰ ਮਾਫ ਨਹੀ ਕਰਨਾ । ਸ਼ਾਲਾ! ਸਾਡੇ ਵੱਲੋਂ ਦਿਲੀ ਦੁਆਵਾਂ ਨੇ ਕਿ ਸਿਮਰਨਜੀਤ ਕੌਰ ਸਿਮਰ ਜੀ ਆਉਣ ਵਾਲੇ ਸਮੇਂ ਹੋਰ ਤਰੱਕੀਆਂ ਕਰਨ, ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹਿਣ ।ਭਵਿੱਖ ਵਿੱਚ ਕੁੱਝ ਨਵਾਂ ਤੇ ਵਧੀਆ ਕਰਨ ਅਤੇ ਇਸੇ ਤਰ੍ਹਾਂ ਸਾਹਿਤਕ ਜਗਤ ਵਿਚ ਮਹਿਕਾਂ ਖਿਲਾਰਦੇ ਰਹਿਣ । ਧੰਨਵਾਦ ਸਹਿਤ ।

                                             ਗੁਰਚਰਨ ਸਿੰਘ ਧੰਜੂ (ਪਟਿਆਲਾ)         

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੁਰਪ੍ਰਤਾਪ ਸਿੰਘ ਵਡਾਲਾ ਨੇ ਕੀਤੀਆਂ ਪਿੰਡਾਂ ਵਿੱਚ ਵਰਕਰ ਮੀਟਿੰਗਾਂ ।
Next articleਵਿਧਾਨ ਸਭਾ ਹਲਕਾ ਫਿਲੌਰ ਲਈ ਨਾਮਜ਼ਦਗੀ ਦਾਖਲ