ਕਰਾਚੀ — ਪਾਕਿਸਤਾਨ ਦੇ ਕਰਾਚੀ ਸ਼ਹਿਰ ‘ਚ ਐਤਵਾਰ ਰਾਤ ਨੂੰ ਹੋਏ ਅੱਤਵਾਦੀ ਹਮਲੇ ‘ਚ ਦੋ ਚੀਨੀ ਨਾਗਰਿਕਾਂ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 17 ਜ਼ਖਮੀ ਹੋ ਗਏ। ਸੋਮਵਾਰ ਨੂੰ ਪਾਕਿਸਤਾਨ ਸਥਿਤ ਚੀਨੀ ਦੂਤਘਰ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ।
ਇਹ ਹਮਲਾ ਐਤਵਾਰ ਰਾਤ ਕਰੀਬ 11 ਵਜੇ ਹੋਇਆ, ਜਦੋਂ ਪੋਰਟ ਕਾਸਿਮ ਇਲੈਕਟ੍ਰਿਕ ਪਾਵਰ ਕੰਪਨੀ ਦੇ ਕਾਫਲੇ ‘ਤੇ ਜਿਨਾਹ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ। ਚੀਨੀ ਦੂਤਘਰ ਨੇ ਇਕ ਬਿਆਨ ਜਾਰੀ ਕਰਕੇ ਇਸ ਘਟਨਾ ਦੀ ਨਿੰਦਾ ਕੀਤੀ ਹੈ ਅਤੇ ਪੀੜਤਾਂ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟਾਈ ਹੈ। ਦੂਤਘਰ ਨੇ ਕਿਹਾ ਕਿ ਇਸ ਹਮਲੇ ਤੋਂ ਬਾਅਦ ਸਥਿਤੀ ਨੂੰ ਸੰਭਾਲਣ ਲਈ ਚੀਨ ਪਾਕਿਸਤਾਨ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਐਤਵਾਰ ਰਾਤ ਨੂੰ ਇੱਕ ਵੱਡੇ ਧਮਾਕੇ ਤੋਂ ਬਾਅਦ ਅੱਗ ਲੱਗ ਗਈ, ਜਿਸ ਕਾਰਨ ਕਈ ਵਾਹਨ ਸੜ ਗਏ। ਪੁਲਿਸ ਮੁਤਾਬਕ ਇਹ ਹਾਦਸਾ ਏਅਰਪੋਰਟ ਨੇੜੇ ਵਾਪਰਿਆ ਹੈ, ਚੀਨੀ ਦੂਤਘਰ ਨੇ ਪਾਕਿਸਤਾਨ ਤੋਂ ਮੰਗ ਕੀਤੀ ਹੈ ਕਿ ਜ਼ਖਮੀਆਂ ਦਾ ਸਹੀ ਇਲਾਜ ਕੀਤਾ ਜਾਵੇ, ਹਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਪਾਕਿਸਤਾਨ ‘ਤੇ ਜ਼ੋਰ ਦਿੱਤਾ ਕਿ ਉਹ ਚੀਨੀ ਨਾਗਰਿਕਾਂ, ਸੰਸਥਾਵਾਂ ਅਤੇ ਪ੍ਰੋਜੈਕਟਾਂ ਦੀ ਸੁਰੱਖਿਆ ਲਈ ਠੋਸ ਕਦਮ ਚੁੱਕੇ। ਦੂਤਘਰ ਨੇ ਪਾਕਿਸਤਾਨ ਵਿਚ ਰਹਿਣ ਵਾਲੇ ਚੀਨੀ ਨਾਗਰਿਕਾਂ ਅਤੇ ਕੰਪਨੀਆਂ ਨੂੰ ਸੁਰੱਖਿਆ ‘ਤੇ ਧਿਆਨ ਦੇਣ, ਸਥਾਨਕ ਸਥਿਤੀ ‘ਤੇ ਨਜ਼ਰ ਰੱਖਣ ਅਤੇ ਸੁਰੱਖਿਆ ਉਪਾਵਾਂ ਨੂੰ ਮਜ਼ਬੂਤ ਕਰਨ ਦੀ ਸਲਾਹ ਦਿੱਤੀ ਹੈ ਇਹ. ਬੀਐਲਏ ਦੇ ਆਤਮਘਾਤੀ ਦਸਤੇ ਮਜੀਦ ਬ੍ਰਿਗੇਡ ਨੇ ਇੱਕ ਬਿਆਨ ਵਿੱਚ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਉਨ੍ਹਾਂ ਕਿਹਾ ਕਿ ਇਹ ਹਮਲਾ ਕਰਾਚੀ ਦੇ ਜਿਨਾਹ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਚੀਨੀ ਇੰਜੀਨੀਅਰਾਂ ਅਤੇ ਨਿਵੇਸ਼ਕਾਂ ਦੇ ਉੱਚ ਪੱਧਰੀ ਕਾਫਲੇ ‘ਤੇ ਕੀਤਾ ਗਿਆ। ਇਸ ਹਮਲੇ ਵਿੱਚ ਆਤਮਘਾਤੀ ਵਾਹਨ ਬੰਬ ਦੀ ਵਰਤੋਂ ਕੀਤੀ ਗਈ ਸੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly